ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਦਿਨਾਂ ਸਮਾਗਮ ਅੱਜ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਕਰਤਾਰਪੁਰ ਵਿਖੇ ਪੰਥਕ ਪ੍ਰੰਪਰਾਵਾਂ ਅਨੁਸਾਰ ਆਰੰਭ ਹੋਏ। ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦੀ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਸੰਪੂਰਨਤਾ ਹੋਈ ਅਤੇ ਵਿਸ਼ੇਸ਼ ਤੌਰ ’ਤੇ ਕੀਰਤਨ ਦਰਬਾਰ ਕਰਵਾਇਆ ਗਿਆ। ਕਰਤਾਰਪੁਰ ਸਾਹਿਬ ਪਹੁੰਚਣ ਤੇ ਨਗਰ ਕੀਰਤਨ ਦਾ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ।
ਦੇਰ ਰਾਤ ਤੱਕ ਚੱਲੇ ਗੁਰਮਤਿ ਸਮਾਗਮ ਦੌਰਾਨ ਪੰਥ ਪ੍ਰਸਿੱਧ ਕਵੀਸ਼ਰ ਭਾਈ ਗੁਰਿੰਦਰਪਾਲ ਸਿੰਘ ਬੈਂਕਾਂ ਦੇ ਜਥੇ ਨੇ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੌਕੀਨ ਸਿੰਘ, ਭਾਈ ਸਤਨਾਮ ਸਿੰਘ ਕੋਹਾੜਕਾ, ਭਾਈ ਜਗਤਾਰ ਸਿੰਘ ਖ਼ਾਲਸਾ, ਬੀਬੀ ਰਵਿੰਦਰ ਕੌਰ ਖ਼ਾਲਸਾ ਪਟਿਆਲਾ, ਭਾਈ ਗੁਰਪਾਲ ਸਿੰਘ ਤਰਨ ਤਾਰਨ ਤੇ ਭਾਈ ਬ੍ਰਹਮਜੋਤ ਸਿੰਘ ਦੇ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਲਗਾਈ ਗਈ ਪੁਸਤਕ ਅਤੇ ਚਿੱਤਰ ਪ੍ਰਦਰਸ਼ਨੀ ਸੰਗਤ ਲਈ ਵਿਸ਼ੇਸ਼ ਤੌਰ ’ਤੇ ਖਿੱਚ ਦਾ ਕੇਂਦਰ ਰਹੀ।
22 ਨਵੰਬਰ ਨੂੰ ਹੋਵੇਗਾ ਸ਼ਤਾਬਦੀ ਸਬੰਧੀ ਮੁੱਖ ਸਮਾਗਮ
ਮਾਤਾ ਗੁਜਰ ਕੌਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਸਬੰਧੀ ਮੁੱਖ ਸਮਾਗਮ 22 ਨਵੰਬਰ ਨੂੰ ਹੋਵੇਗਾ, ਜਿਸ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ, ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਸਿੱਖ ਸੰਪ੍ਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਤੇ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਹਾਲ ਵਿਖੇ ਮੁੱਖ ਸਮਾਗਮ ਹੋਵੇਗਾ, ਜਿਸ ਵਿਚ ਪੰਥ ਦੇ ਨਾਮਵਰ ਜਥੇ ਸੰਗਤਾਂ ਨੂੰ ਗੁਰਬਾਣੀ, ਗੁਰ-ਇਤਿਹਾਸ ਨਾਲ ਜੋੜਨਗੇ। ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਵੀ ਸੰਬੋਧਨ ਕਰਨਗੀਆਂ।
Comments
Start the conversation
Become a member of New India Abroad to start commenting.
Sign Up Now
Already have an account? Login