ADVERTISEMENTs

7-ਮੈਂਬਰੀ ਕਮੇਟੀ ਰਾਹੀਂ ਸੌਂਪਿਆ ਕਾਰਜ ਕਰਨ ਐਡਵੋਕੇਟ ਧਾਮੀ, ਜਥੇਦਾਰ ਨੇ ਅਸਤੀਫ਼ਾ ਵਾਪਸ ਲੈਣ ਨੂੰ ਕਿਹਾ

ਕੀ ਜਥੇਦਾਰ ਅਕਾਲ ਤਖ਼ਤ ਵੀ ਦੇਣਗੇ ਅਸਤੀਫ਼ਾ? ਸ਼੍ਰੋਮਣੀ ਅਕਾਲੀ ਦਲ ਕਰਕੇ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵਿਚਕਾਰ ਵਧੇਗਾ ਪਾੜ?

ਆਪਣੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਗਿਆਨੀ ਰਘਬੀਰ ਸਿੰਘ / ਜੇਕੇ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਤੇ ਦਿਨੀਂ ਦਿੱਤੇ ਗਏ ਅਸਤੀਫ਼ੇ ਦੇ ਮਾਮਲੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 22 ਫ਼ਰਵਰੀ ਨੂੰ ਆਪਣੇ ਗ੍ਰਹਿ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੂੰ ਅਸਤੀਫ਼ਾ ਵਾਪਸ ਲੈਣ ਲਈ ਕਿਹਾ ਹੈ।

ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਸ਼੍ਰੋਮਣੀ ਕਮੇਟੀ ਨੇ 21 ਫ਼ਰਵਰੀ ਨੂੰ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਜਾਇਜ਼ ਠਹਿਰਾਇਆ ਹੈ ਅਤੇ ਇਸ ਨੂੰ ਸੰਸਥਾ ਦੇ ਅਧਿਕਾਰ ਖੇਤਰ ਵਿੱਚ ਦੱਸਿਆ ਹੈ। ਜਦਕਿ ਇਸ ਬਾਰੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਖ਼ਤ ਇਤਰਾਜ਼ ਦਰਜ ਕਰਵਾਇਆ ਸੀ ਕਿ ਇਹ ਕਾਰਵਾਈ ਨਿੰਦਣਯੋਗ ਅਤੇ ਮੰਦਭਾਗੀ ਹੈ ਅਤੇ ਕਿਸੇ ਜਥੇਦਾਰ ਦੀ ਜਾਂਚ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਕਰਵਾ ਸਕਦਾ ਸੀ। ਇਸੇ ਦਿਨ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਜਥੇਦਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਿਹਾ ਕਿ ਜਥੇਦਾਰ ਖਿਲਾਫ਼ ਕਾਰਵਾਈ ਕਰਨੀ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਦੀ ਗੱਲ ਹੈ।

ਇਸ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਚਾਹੇ ਜਥੇਦਾਰ ਹਨ ਜਾਂ ਸ੍ਰੀ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਹਨ, ਕੋਈ ਛੋਟਾ ਵੱਡਾ ਮੁਲਾਜ਼ਮ ਹੈ ਉਸ ਨੂੰ ਲਗਾਉਣ ਅਤੇ ਲਾਹੁਣ ਦੇ ਅਧਿਕਾਰ ਸਿੱਖ ਗੁਰਦੁਆਰਾ ਐਕਟ 1925 ਤਹਿਤ ਸ਼੍ਰੋਮਣੀ ਕਮੇਟੀ ਦੇ ਪਾਸ ਹਨ। ਗਿਆਨੀ ਹਰਪ੍ਰੀਤ ਸਿੰਘ ਉੱਤੇ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਇਹ ਸਾਰਾ ਬੜਾ ਹੀ ਦੁਖਦਾਈ ਪਹਿਲੂ ਹੈ ਅਤ ਅਜਿਹਾ ਨਹੀਂ ਸੀ ਹੋਣਾ ਚਾਹੀਦਾ ਜੋ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮਾਮਲੇ ਉੱਤੇ ਬਹੁਤ ਸਹਿਜ ਅਤੇ ਸੰਜਮ ਰੱਖਣਾ ਚਾਹੀਦਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਅਸਤੀਫ਼ੇ ਬਾਰੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਐਡਵੋਕੇਟ ਧਾਮੀ ਬਹੁਤ ਚੰਗੇ ਗੁਰਸਿੱਖ ਅਤੇ ਬੇਦਾਗ ਸ਼ਖ਼ਸੀਅਤ ਹਨ ਅਤੇ ਉਨ੍ਹਾਂ ਵੱਲੋਂ ਅਸਤੀਫ਼ਾ ਦੇਣਾ ਬੜਾ ਦੁਖਦਾਈ ਹੈ। ਉਨ੍ਹਾਂ ਵੱਲੋਂ ਜੋ ਅਸਤੀਫ਼ੇ ਵਿੱਚ ਲਿਖਿਆ ਹੈ ਕਿ ਮੇਰੇ ਵੱਲੋਂ ਜੋ ਮੇਰੇ ਨਿਜੀ ਫੇਸਬੁੱਕ ਖਾਤੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਪੋਸਟ ਪਾਈ ਗਈ ਸੀ ਇਸ ਕਰਕੇ ਉਨ੍ਹਾਂ ਨੇ ਨੈਤਿਕ ਜਿੰਮੇਵਾਰੀ ਲੈਂਦਿਆਂ ਅਸਤੀਫ਼ਾ ਦਿੱਤਾ ਹੈ। ਪਰ ਮੈਂ ਕਹਿੰਦਾ ਹਾਂ ਕਿ ਜੇਕਰ ਉਹ ਨੈਤਿਕਤਾ ਹੈ ਤਾਂ ਇਹ ਵੀ ਨੇਤਿਕਤਾ ਹੈ ਕਿ ਮੈਂ ਐਡਵੋਕੇਟ ਧਾਮੀ ਨੂੰ ਅਪੀਲ ਕਰਦਾ ਹਾਂ ਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਹੋਇਆ ਅਸਤੀਫ਼ਾ ਵਾਪਸ ਲੈ ਕੇ ਆਪਣੀ ਸੇਵਾ ਅਤੇ ਜਿੰਮੇਵਾਰੀ ਸੰਭਾਲਣ। ਉਨ੍ਹਾਂ ਕਿਹਾ ਕਿ 7-ਮੈਂਬਰੀ ਕਮੇਟੀ ਬਣਾ ਕੇ ਜੋ ਡਿਊਟੀ (ਬਤੌਰ ਕਨਵੀਨਰ) ਐਡਵੋਕੇਟ ਧਾਮੀ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ 2 ਦਸੰਬਰ ਨੂੰ ਲਗਾਈ ਗਈ ਹੈ ਉਹ ਆਪਣੀ ਨੈਤਿਕਤਾ ਅਤੇ ਧਾਰਮਿਕ ਫ਼ਰਜ਼ ਨੂੰ ਸਮਝਦਿਆਂ ਕਮੇਟੀ ਨੂੰ ਨਾਲ ਲੈ ਕੇ (ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ) ਕੰਮ ਸ਼ੁਰੂ ਕਰਨ।

ਕੀ ਐਡਵੋਕੇਟ ਧਾਮੀ ਉੱਤੇ ਸਿਆਸੀ ਦਬਾਅ ਹੈ, ਇਸ ਦੇ ਜਵਾਬ ਵਿੱਚ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹੋ ਸਕਦਾ ਹੈ ਕਿਉਂਕਿ ਪਿਛਲੇ ਤਿੰਨ ਚਾਰ ਮਹੀਨੇ ਤੋਂ ਉਹ ਹਰ ਪਾਸਿਓਂ ਪਰੇਸ਼ਾਨ ਚੱਲ ਰਹੇ ਸੀ ਅਤੇ ਹੋ ਸਕਦਾ ਹੈ ਕੋਈ ਦਬਾਅ ਹੋਵੇ।

ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਦੇ ਅਧਿਕਾਰ ਖੇਤਰਾਂ ਦੇ ਮਾਮਲੇ ਬਾਰੇ ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਕੱਲ੍ਹ ਹੀ ਪਤਾ ਲੱਗਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਕੇਵਲ ਇੱਥੋਂ ਦੀ ਚਾਰ ਦਿਵਾਰੀ ਤੱਕ ਹੀ ਸੀਮਤ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਵੱਲੋਂ ਚੁਣੀ ਹੋਈ ਨੁਮਾਇੰਦਾ ਸੰਸਥਾ ਹੈ ਅਤੇ ਇਸ ਦੇ ਮੈਂਬਰ ਸੰਗਤ ਦੇ ਚੁਣੇ ਨੁਮਾਇੰਦੇ ਵਜੋਂ ਆਪਣੇ ਹਲਕਿਆਂ ਦੀ ਨੁਮਾਇੰਦਗੀ ਕਰਦੇ ਹਨ। ਹਰ ਇੱਕ ਦਾ ਆਪੋ ਆਪਣਾ ਅਧਿਕਾਰ ਖੇਤਰ ਹੈ ਪਰ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਮੇਰੀ ਰਿਹਾਇਸ਼ ਉੱਤੇ ਅਤੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਸਿੰਘ ਸਾਹਿਬ ਨੂੰ (ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ) ਉਹ ਪੋਸਟ ਨਹੀਂ ਸੀ ਪਾਉਣੀ ਚਾਹੀਦੀ। ਮੈਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਆਪਣੇ ਜੋ ਦਿਲ ਦੇ ਵਲਵਲੇ ਸੀ ਉਹ ਆਪਣੀ ਪੋਸਟ ਰਾਹੀਂ ਸਾਂਝੇ ਕੀਤੇ ਹਨ ਅਤੇ ਮੈਂ ਕੋਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਨਹੀਂ ਕੀਤਾ। ਮੈਂ ਆਪਣੇ ਨਿਜੀ ਫੇਸਬੁੱਕ ਖਾਤੇ ਉੱਤੇ ਆਪਣੇ ਮਨ ਦੀ ਦਸ਼ਾ ਵਿਅਕਤ ਕੀਤੀ ਹੈ”, ਗਿਆਨੀ ਰਘਬੀਰ ਸਿੰਘ ਨੇ ਕਿਹਾ।

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਜਥੇਦਾਰਾਂ ਬਾਰੇ ਲਏ ਗਏ ਪੱਖ ਪ੍ਰਤੀ ਗਿਆਨੀ ਰਘਬੀਰ ਸਿੰਘ ਨੇ ਕਿਹਾ, ਦੁਨੀਆ ਭਰ ਦੇ ਸਿੱਖ ਅਕਾਲ ਤਖ਼ਤ ਸਾਹਿਬ ਵੱਲ ਦੇਖਦੇ ਹਨ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਬੀਤੇ ਕੱਲ੍ਹ ਮੇਰੇ ਕੋਲ ਆ ਕੇ ਮੇਰੇ ਅਧਿਕਾਰ ਖੇਤਰ ਬਾਰੇ ਦੱਸਿਆ ਗਿਆ। ਮੈਂ ਤਾਂ ਸਮਝਦਾ ਸੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਵਿਸ਼ਵਵਿਆਪੀ ਸਿੱਖਾਂ ਉੱਤੇ ਲਾਗੂ ਹੁੰਦਾ ਹੈ ਮੈਨੂੰ ਕੱਲ੍ਹ ਪਤਾ ਲੱਗਾ ਕਿ ਨਹੀਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਕੇਵਲ ਅਕਾਲ ਤਖ਼ਤ ਸਾਹਿਬ ਦੀ ਚਾਰ ਦੀਵਾਰੀ ਦੇ ਅੰਦਰ ਹੀ ਹੁੰਦਾ ਹੈ ਅਤੇ ਉਸ ਦੇ ਅੰਦਰ ਹੀ ਖਤਮ ਹੋ ਜਾਂਦਾ ਹੈ। ਸ਼੍ਰੋਮਣੀ ਕਮੇਟੀ ਨੇ ਇਹ ਸਨੇਹਾ ਦਿੱਤਾ ਹੈ।

ਆਪਣੇ ਅਸਤੀਫ਼ੇ ਬਾਰੇ ਚੱਲ ਰਹੀ ਚਰਚਾ ਬਾਰੇ ਜਥੇਦਾਰ ਨੇ ਕਿਹਾ ਕਿ ਜੋ ਸੇਵਾ ਭਾਗਾਂ ਵਿੱਚ ਹੈ ਉਹ ਕਰਾਂਗਾ ਅਤੇ ਜੇਕਰ ਕੋਈ ਐਸਾ ਸਮਾਂ ਬਣਦਾ ਹੈ ਤਾਂ ਜਿਵੇਂ ਗੁਰੂ ਦਾ ਹੁਕਮ ਹੋਵੇਗਾ ਉਵੇਂ ਕਰਾਂਗਾ।

ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਜੋ ਪੰਜਾਬ ਅਤੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ। ਸਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਸ਼੍ਰੋਮਣੀ ਕਮੇਟੀ ਸਾਡੇ ਸ਼ਹੀਦਾਂ ਦੀ ਸੰਸਥਾ ਹੈ ਸਾਨੂੰ ਇਸ ਨੂੰ ਵੀ ਹਰ ਕੀਮਤ ਉੱਤੇ ਬਚਾ ਕੇ ਰੱਖਣਾ ਚਾਹੀਦਾ ਹੈ ਅਤੇ ਇਸ ਦੇ ਮਿਆਰ ਵਿੱਚ ਕੋਈ ਕਮੀ ਨਹੀਂ ਆਉਣ ਦੇਣੀ ਚਾਹੀਦੀ।



Comments

ADVERTISEMENT

 

 

 

ADVERTISEMENT

 

 

E Paper

 

 

 

Video

 

Related