ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਵੀਰਵਾਰ ਨੂੰ ਇਕ ਵਿਸ਼ੇਸ਼ ਜਹਾਜ਼ ਰਾਹੀਂ ਆਪਣੇ ਵਤਨ ਵਾਪਸ ਪਰਤ ਆਈ। ਇਸ ਦੌਰਾਨ ਬਾਰਿਸ਼ ਅਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਖਿਡਾਰੀਆਂ ਦਾ ਹਵਾਈ ਅੱਡੇ 'ਤੇ ਪ੍ਰਸ਼ੰਸਕਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਟੀਮ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਨਾਲ ਮੁਲਾਕਾਤ ਕੀਤੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟੀਮ ਇੰਡੀਆ ਨੂੰ ਵਿਸ਼ਵ ਕੱਪ ਜਿੱਤਣ ਤੇ ਵਧਾਈ ਦਿੱਤੀ ਅਤੇ ਉਹ ਟੀਮ ਇੰਡੀਆ ਦੇ ਖਿਡਾਰੀਆਂ ਨਾਲ ਹੱਸੀ ਮਜ਼ਾਕ ਕਰਦੇ ਹੋਏ ਵੀ ਨਜ਼ਰ ਆਏ। ਇੰਨਾ ਹੀ ਨਹੀਂ, ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਪੀਐਮ ਬੁਮਰਾਹ ਨੂੰ ਸਵਾਲ ਕਰ ਰਹੇ ਹਨ। ਸਵਾਲ-ਜਵਾਬ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਜਵਾਬ ਸੁਣ ਕੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਪੀਐਮ ਨੇ ਪੰਤ ਨਾਲ ਵੀ ਗੱਲਬਾਤ ਕੀਤੀ ਅਤੇ ਕੋਹਲੀ ਟੀ-20 ਵਿਸ਼ਵ ਕੱਪ ਦਾ ਤਜਰਬਾ ਸਾਂਝਾ ਕਰਦੇ ਨਜ਼ਰ ਆਏ।
ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੈਂਕੜੇ ਪ੍ਰਸ਼ੰਸਕ ਮੌਸਮ ਦੀ ਪਰਵਾਹ ਕੀਤੇ ਬਿਨਾਂ ਵੱਖ-ਵੱਖ ਨਾਅਰਿਆਂ ਵਾਲੇ ਬੈਨਰ ਲੈ ਕੇ ਅਤੇ ਰਾਸ਼ਟਰੀ ਝੰਡਾ ਲਹਿਰਾਉਂਦੇ ਹੋਏ ਖਿਡਾਰੀਆਂ ਦੀ ਇੱਕ ਝਲਕ ਦੇਖਣ ਲਈ ਇਕੱਠੇ ਹੋਏ। ਉਨ੍ਹਾਂ ਨੇ ਖਿਡਾਰੀਆਂ ਨੂੰ ਜਿੱਤ ਦੀ ਵਧਾਈ ਦਿੱਤੀ। ਪਿਛਲੇ ਸ਼ਨੀਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।
ਜਦੋਂ ਖਿਡਾਰੀ ਵਾਪਸ ਪਰਤੇ ਤਾਂ ਸੜਕਾਂ 'ਤੇ ਡਾਂਸ, ਗਾਣਾ, ਕੇਕ ਅਤੇ ਪ੍ਰਸ਼ੰਸ਼ਕਾਂ ਦੀ ਭਾਰੀ ਭੀੜ ਸੀ , ਜੋ ਇਹ ਦਰਸਾਉਂਦਾ ਸੀ ਕਿ ਦੇਸ਼ ਵਿੱਚ ਕ੍ਰਿਕਟ ਨੂੰ ਸਭ ਤੋਂ ਪਿਆਰੀ ਖੇਡ ਕਿਉਂ ਕਿਹਾ ਜਾਂਦਾ ਹੈ। ਥੱਕੇ ਹੋਏ ਖਿਡਾਰੀਆਂ ਨੇ ਵੀ ਏਅਰਪੋਰਟ ਤੋਂ ਹੋਟਲ ਪਹੁੰਚ ਕੇ ਮਸਤੀ ਨਾਲ ਪਾਰਟੀ ਦਾ ਮਾਹੌਲ ਬਣਾਇਆ।
2011 ਵਿੱਚ ਆਖਰੀ ਵਿਸ਼ਵ ਕੱਪ ਜਿੱਤ ਦਾ ਜ਼ਿਕਰ ਕਰਦੇ ਹੋਏ, ਇੱਕ ਪ੍ਰਸ਼ੰਸਕ ਨੇ ਕਿਹਾ, “ਅਸੀਂ ਪਿਛਲੇ 13 ਸਾਲਾਂ ਤੋਂ ਇਸ ਪਲ ਦਾ ਇੰਤਜ਼ਾਰ ਕਰ ਰਹੇ ਸੀ। ਟੀਮ ਨੇ ਵਿਸ਼ਵ ਕੱਪ ਜਿੱਤ ਕੇ ਸਾਡਾ ਮਾਣ ਵਧਾਇਆ ਹੈ।
ਉਸ ਨੇ ਦਾਅਵਾ ਕੀਤਾ ਕਿ ਉਹ ਸਵੇਰੇ ਕਰੀਬ 4.30 ਵਜੇ ਤੋਂ ਹੀ ਹਵਾਈ ਅੱਡੇ 'ਤੇ ਮੌਜੂਦ ਸੀ। ਬਾਰਬਾਡੋਸ 'ਚ ਤੂਫਾਨ ਬੇਰੀਲ ਕਾਰਨ 'ਸ਼ਟਡਾਊਨ' ਹੋਣ ਕਾਰਨ ਭਾਰਤੀ ਟੀਮ ਖਿਤਾਬ ਜਿੱਤਣ ਤੋਂ ਤੁਰੰਤ ਬਾਅਦ ਘਰ ਵਾਪਸ ਨਹੀਂ ਪਰਤ ਸਕੀ ਸੀ। ਖਿਡਾਰੀ ਆਪਣੇ ਹੋਟਲ ਵਿੱਚ ਹੀ ਰੁਕੇ, ਜਿਸ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਉਨ੍ਹਾਂ ਦੀ ਵਾਪਸੀ ਲਈ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ।
ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ AIC24WC 'ਏਅਰ ਇੰਡੀਆ ਚੈਂਪੀਅਨਜ਼ 24 ਵਰਲਡ ਕੱਪ' ਨੇ ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 4.50 ਵਜੇ ਬਾਰਬਾਡੋਸ ਤੋਂ ਉਡਾਣ ਭਰੀ ਅਤੇ 16 ਘੰਟਿਆਂ ਦੀ ਨਾਨ-ਸਟਾਪ ਯਾਤਰਾ ਤੋਂ ਬਾਅਦ ਵੀਰਵਾਰ ਨੂੰ ਸਵੇਰੇ 6 ਵਜੇ (ਭਾਰਤੀ ਸਮੇਂ) 'ਤੇ ਖਿਡਾਰੀਆਂ ਨੂੰ ਦਿੱਲੀ ਪਹੁੰਚਾਇਆ।
ਭੀੜ ਨੂੰ ਕਾਬੂ ਕਰਨ ਲਈ ਹਵਾਈ ਅੱਡੇ 'ਤੇ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਸਨ ਪਰ ਇਸ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਉਤਸ਼ਾਹਿਤ ਪ੍ਰਸ਼ੰਸਕ ਸਟਾਰ ਬੱਲੇਬਾਜ਼ ਵਿਰਾਟ ਕੋਹਲੀ, ਕਪਤਾਨ ਰੋਹਿਤ ਸ਼ਰਮਾ ਅਤੇ ਬਾਹਰ ਜਾਣ ਵਾਲੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ ਪੋਸਟਰ ਹੱਥਾਂ ਵਿੱਚ ਲੈਕੇ ਖੁਸ਼ੀ ਨਾਲ ਨਾਅਰੇ ਲਗਾ ਰਹੇ ਸਨ।
ਖਿਡਾਰੀਆਂ ਨੂੰ ਆਈਟੀਸੀ ਮੌਰਿਆ ਸ਼ੇਰੇਟਨ ਹੋਟਲ ਤੱਕ ਲਿਜਾਣ ਲਈ ਟੀ3 ਟਰਮੀਨਲ ਦੇ ਬਾਹਰ ਦੋ ਬੱਸਾਂ ਖੜ੍ਹੀਆਂ ਸਨ। ਹੋਟਲ ਪਹੁੰਚਣ 'ਤੇ ਢੋਲ ਅਤੇ ਰਵਾਇਤੀ ਭੰਗੜਾ ਡਾਂਸ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਕਪਤਾਨ ਰੋਹਿਤ ਸ਼ਰਮਾ, ਆਲਰਾਊਂਡਰ ਹਾਰਦਿਕ ਪੰਡਯਾ, ਸੂਰਿਆਕੁਮਾਰ ਯਾਦਵ ਅਤੇ ਰਿਸ਼ਭ ਪੰਤ ਸਮੇਤ ਜ਼ਿਆਦਾਤਰ ਖਿਡਾਰੀਆਂ ਨੇ ਭੰਗੜਾ ਪਾ ਕੇ ਆਪਣੀ ਜਿੱਤ ਦਾ ਜਸ਼ਨ ਮਨਾਇਆ।
ਇਸ ਦੌਰਾਨ ਡਿਊਟੀ ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੇ ਚਿਹਰਿਆਂ 'ਤੇ ਵੀ ਮੁਸਕਰਾਹਟ ਸੀ। ਲੰਬੇ ਸਫ਼ਰ ਦੀ ਥਕਾਵਟ ਦੇ ਬਾਵਜੂਦ ਖਿਡਾਰੀਆਂ ਨੇ ਹਰ ਉਸ ਨਾਲ ਹੱਥ ਮਿਲਾਇਆ ਜੋ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ। ਕੇਕ ਕੱਟਣ ਤੋਂ ਬਾਅਦ ਖਿਡਾਰੀ ਆਪਣੇ ਕਮਰਿਆਂ ਵਿੱਚ ਚਲੇ ਗਏ। ਕੁਝ ਸਮੇਂ ਬਾਅਦ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ਲਈ ਰਵਾਨਾ ਹੋਏ। ਵਿਸ਼ਵ ਕੱਪ ਜਿੱਤ ਕੇ ਭਾਰਤ ਪਰਤਣ ਤੋਂ ਬਾਅਦ ਖਿਡਾਰੀਆਂ ਦਾ ਸਾਰਾ ਦਿਨ ਬਹੁਤ ਵਿਅਸਤ ਰਿਹਾ ਹੈ।
ਹੋਟਲ ਪਰਤਣ ਤੋਂ ਪਹਿਲਾਂ, ਭਾਰਤੀ ਟੀਮ ਨੇ 7, ਲੋਕ ਕਲਿਆਣ ਮਾਰਗ 'ਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਲਗਭਗ ਦੋ ਘੰਟੇ ਬਿਤਾਏ, ਇਸ ਤੋਂ ਪਹਿਲਾਂ, ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ, ਟੀਮ ਦੇ ਮੈਂਬਰ ਇਕ-ਇਕ ਕਰਕੇ ਬਾਹਰ ਆਏ। ਖਿਡਾਰੀ ਸਫ਼ਰ ਤੋਂ ਬਾਅਦ ਪੂਰੀ ਤਰ੍ਹਾਂ ਥੱਕੇ ਹੋਏ ਸਨ ਪਰ ਉਤਸ਼ਾਹਿਤ ਖਿਡਾਰੀਆਂ ਨੇ ਉਡੀਕ ਕਰ ਰਹੇ ਪ੍ਰਸ਼ੰਸਕਾਂ ਨੂੰ ਹੱਥ ਹਿਲਾ ਕੇ ਅਤੇ ਮੁਸਕਰਾਹਟ ਨਾਲ ਉਹਨਾਂ ਦਾ ਧੰਨਵਾਦ ਪ੍ਰਗਟ ਕੀਤਾ।
ਫਾਈਨਲ ਵਿੱਚ ਡੇਵਿਡ ਮਿਲਰ ਦਾ ਸ਼ਾਨਦਾਰ ਕੈਚ ਲੈ ਕੇ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੂਰਿਆਕੁਮਾਰ ਨਾਅਰਿਆਂ ਦਾ ਜਵਾਬ ਦੇਣ ਵਿੱਚ ਸਭ ਤੋਂ ਵੱਧ ਉਤਸ਼ਾਹਿਤ ਨਜ਼ਰ ਆਏ। ਭਿਆਨਕ ਕਾਰ ਹਾਦਸੇ 'ਚ ਜ਼ਖਮੀ ਹੋਣ ਤੋਂ ਬਾਅਦ ਟੀ-20 ਵਿਸ਼ਵ ਕੱਪ ਨਾਲ ਕੌਮਾਂਤਰੀ ਕ੍ਰਿਕਟ 'ਚ ਵਾਪਸੀ ਕਰਨ ਵਾਲੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਪ੍ਰਸ਼ੰਸਕਾਂ ਨੂੰ ਸਲਾਮ ਕੀਤਾ। ਜਦਕਿ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਉਨ੍ਹਾਂ ਵੱਲ 'ਫਲਾਇੰਗ ਕਿੱਸ' ਦਿੱਤੀ। ਰੋਹਿਤ ਅਤੇ ਫਾਈਨਲ ਦੇ ਸਰਵੋਤਮ ਖਿਡਾਰੀ ਵਿਰਾਟ ਕੋਹਲੀ ਵੀਆਈਪੀ ਤੋਂ ਬਾਹਰ ਨਿਕਲਣ ਵਾਲੇ ਆਖਰੀ ਖਿਡਾਰੀਆਂ ਵਿੱਚੋਂ ਸਨ। ਦੋਵਾਂ ਨੇ ਖਿਤਾਬ ਜਿੱਤਣ ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।
ਰੋਹਿਤ ਨੇ ਵਿਸ਼ਵ ਕੱਪ ਟਰਾਫੀ ਫੜੀ ਹੋਈ ਸੀ ਅਤੇ ਬੱਸ 'ਚ ਸਵਾਰ ਹੋਣ ਤੋਂ ਪਹਿਲਾਂ ਉਸ ਨੇ ਪ੍ਰਸ਼ੰਸਕਾਂ ਨੂੰ ਇਸ ਦੀ ਝਲਕ ਦਿਖਾਉਣ ਲਈ ਇਸ ਨੂੰ ਉਠਾਇਆ। ਕੋਹਲੀ ਨੇ ਪ੍ਰਸ਼ੰਸਕਾਂ ਨੂੰ 'ਥੰਬਸ ਅੱਪ' ਵੀ ਦਿੱਤਾ। ਕੁਝ ਪ੍ਰਸ਼ੰਸਕਾਂ ਨੇ ਦਾਅਵਾ ਕੀਤਾ ਕਿ ਉਹ ਆਪਣੇ ਨਾਇਕਾਂ ਨੂੰ ਵਿਅਕਤੀਗਤ ਰੂਪ ਵਿੱਚ ਦੇਖਣ ਲਈ ਉਤਸ਼ਾਹ ਵਿੱਚ ਬੀਤੀ ਰਾਤ ਤੋਂ ਏਅਰਪੋਰਟ ਦੇ ਬਾਹਰ ਇੰਤਜ਼ਾਰ ਕਰ ਰਹੇ ਸਨ। ਪ੍ਰਸ਼ੰਸਕਾਂ ਦੇ ਇੱਕ ਸਮੂਹ ਨੇ ਕਿਹਾ, “ਅਸੀਂ ਬੀਤੀ ਰਾਤ ਤੋਂ ਇੱਥੇ ਹਾਂ। ਪਿਛਲੇ ਸਾਲ ਵਨਡੇ ਵਿਸ਼ਵ ਕੱਪ ਹਾਰਨ ਤੋਂ ਬਾਅਦ ਸਾਡੇ ਲਈ ਇਹ ਵਿਸ਼ਵ ਕੱਪ ਜਿੱਤਣਾ ਬਹੁਤ ਮਹੱਤਵਪੂਰਨ ਸੀ।
ਸ਼ਨੀਵਾਰ ਨੂੰ, ਭਾਰਤ ਨੇ ਆਪਣਾ ਦੂਜਾ ਟੀ-20 ਵਿਸ਼ਵ ਕੱਪ ਜਿੱਤਿਆ ਅਤੇ ਆਈਸੀਸੀ ਟਰਾਫੀ ਲਈ 11 ਸਾਲਾਂ ਦਾ ਇੰਤਜ਼ਾਰ ਖਤਮ ਕੀਤਾ। ਭਾਰਤ ਨੇ ਆਖਰੀ ਵਾਰ 2013 ਵਿੱਚ ਆਈਸੀਸੀ ਖਿਤਾਬ ਜਿੱਤਿਆ ਸੀ। ਭਾਰਤ ਨੇ ਇਸ ਤੋਂ ਪਹਿਲਾਂ 1983 (ODI), 2007 (T20) ਅਤੇ 2011 (ODI) ਵਿੱਚ ਵਿਸ਼ਵ ਕੱਪ ਜਿੱਤਿਆ ਸੀ।
ਖਿਡਾਰੀ ਦੁਪਹਿਰ 2 ਵਜੇ ਮੁੰਬਈ ਲਈ ਰਵਾਨਾ ਹੋਣਗੇ ਜਿੱਥੇ ਇੱਕ ਖੁੱਲ੍ਹੀ ਬੱਸ ਵਿੱਚ ਜਿੱਤ ਦੀ ਪਰੇਡ ਹੋਵੇਗੀ ਅਤੇ ਫਿਰ ਵਾਨਖੇੜੇ ਸਟੇਡੀਅਮ ਵਿੱਚ ਇੱਕ ਸਨਮਾਨ ਸਮਾਰੋਹ ਹੋਵੇਗਾ। ਇਹ 37 ਸਾਲਾ ਰੋਹਿਤ ਲਈ ਖਾਸ ਪਲ ਹੋਵੇਗਾ, ਜੋ ਮੁੰਬਈ ਦਾ ਰਹਿਣ ਵਾਲਾ ਹੈ ਅਤੇ ਸ਼ਹਿਰ ਦੇ ਪ੍ਰਸ਼ੰਸਕਾਂ ਵਿੱਚ ਬਹੁਤ ਮਸ਼ਹੂਰ ਹੈ। 17 ਸਾਲ ਪਹਿਲਾਂ ਮੁੰਬਈ ਵਿੱਚ ਅਜਿਹਾ ਹੀ ਇੱਕ ਰੋਡ ਸ਼ੋਅ ਆਯੋਜਿਤ ਕੀਤਾ ਗਿਆ ਸੀ ਜਦੋਂ ਧੋਨੀ ਦੀ ਟੀਮ ਨੇ 2007 ਵਿੱਚ ਦੱਖਣੀ ਅਫਰੀਕਾ ਵਿੱਚ ਹੋਏ ਪਹਿਲੇ ਵਿਸ਼ਵ ਟੀ-20 ਦੇ ਫਾਈਨਲ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਨੂੰ ਹਰਾਇਆ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login