ਰਾਜ ਚੋਣ ਕਮਿਸ਼ਨ ਨੇ ਨਗਰ ਨਿਗਮ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਹਲਚਲ ਮਚੀ ਹੋਈ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਜਾਣ ਤੋਂ ਬਾਅਦ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਨਹੀਂ ਲੜੀਆਂ ਸਨ, ਇਸ ਲਈ ਅਕਾਲੀ ਦਲ ਚੋਣਾਂ ਲੜੇਗਾ ਜਾਂ ਨਹੀਂ ਇਸ ਨੂੰ ਲੈ ਕੇ ਅਜੇ ਭੰਬਲਭੂਸਾ ਬਣਿਆ ਹੋਇਆ ਸੀ।
21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਨਗਰ ਨਿਗਮ ਚੋਣਾਂ ਸਬੰਧੀ ਨਾਮਜ਼ਦਗੀ ਪ੍ਰਕਿਰਿਆ ਸੋਮਵਾਰ ਨੂੰ ਸ਼ੁਰੂ ਹੋ ਗਈ ਸੀ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਨਗਰ ਨਿਗਮ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਨੇ ਪੰਜਾਂ ਨਗਰ ਨਿਗਮਾਂ ਵਿੱਚ ਅਬਜ਼ਰਵਰ ਵੀ ਨਿਯੁਕਤ ਕੀਤੇ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਹਰੀਸ਼ ਰਾਏ ਢਾਂਡਾ ਨੂੰ ਜਲੰਧਰ, ਬਿਕਰਮ ਸਿੰਘ ਮਜੀਠੀਆ ਅਤੇ ਗੁਲਜ਼ਾਰ ਸਿੰਘ ਰਣੀਕੇ ਨੂੰ ਅੰਮ੍ਰਿਤਸਰ, ਬਲਦੇਵ ਸਿੰਘ ਖਹਿਰਾ ਨੂੰ ਫਗਵਾੜਾ, ਮਨਤਾਰ ਸਿੰਘ ਬਰਾੜ ਅਤੇ ਐਸ.ਆਰ.ਕਲੇਰ ਨੂੰ ਲੁਧਿਆਣਾ, ਐਨ.ਕੇ.ਸ਼ਰਮਾ ਅਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਪਟਿਆਲਾ ਨਗਰ ਨਿਗਮ ਚੋਣਾਂ ਲਈ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਰਾਜ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਪੰਜ ਨਗਰ ਨਿਗਮਾਂ, 44 ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਹੋਰ ਉਪ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਨਾਮਜ਼ਦਗੀ ਪ੍ਰਕਿਰਿਆ 12 ਦਸੰਬਰ ਤੱਕ ਜਾਰੀ ਰਹੇਗੀ। ਜਦੋਂ ਕਿ ਕਾਗਜ਼ਾਂ ਦੀ ਪੜਤਾਲ ਲਈ 13 ਦਸੰਬਰ ਅਤੇ ਨਾਮਜ਼ਦਗੀਆਂ ਵਾਪਸ ਲੈਣ ਲਈ 14 ਦਸੰਬਰ ਨਿਰਧਾਰਿਤ ਕੀਤੀ ਗਈ ਹੈ। 21 ਦਸੰਬਰ ਨੂੰ ਵੋਟਾਂ ਪੈਣਗੀਆਂ। ਚੋਣ ਨਤੀਜੇ ਵੀ ਉਸੇ ਦਿਨ ਐਲਾਨੇ ਜਾਣਗੇ।
ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਸਿਆਸੀ ਪਾਰਟੀਆਂ ਵਿਚ ਵੀ ਹਲਚਲ ਤੇਜ਼ ਹੋ ਗਈ ਹੈ। ਪਾਰਟੀਆਂ ਤੇਜ਼ੀ ਨਾਲ ਨਾਵਾਂ ਨੂੰ ਅੰਤਿਮ ਰੂਪ ਦੇਣ ਵਿੱਚ ਰੁੱਝੀਆਂ ਹੋਈਆਂ ਹਨ। ਹਾਲਾਂਕਿ ਸੋਮਵਾਰ ਦੇਰ ਸ਼ਾਮ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ।
ਸਾਰੀਆਂ ਸਿਆਸੀ ਪਾਰਟੀਆਂ ਆਪਣੇ ਚੋਣ ਨਿਸ਼ਾਨ 'ਤੇ ਨਿਗਮ ਚੋਣਾਂ ਲੜਦੀਆਂ ਹਨ। ਅਕਾਲੀ ਦਲ ਨੇ ਵੀ ਚੋਣ ਨਿਸ਼ਾਨ ਤੱਕੜੀ 'ਤੇ ਹੀ ਚੋਣ ਲੜਨ ਦਾ ਐਲਾਨ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਸਿਆਸੀ ਪਾਰਟੀਆਂ ਉਨ੍ਹਾਂ ਵਾਰਡਾਂ 'ਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਸਕਦੀਆਂ ਹਨ, ਜਿੱਥੇ ਕੋਈ ਤਕਰਾਰ ਨਹੀਂ ਹੈ।
Comments
Start the conversation
Become a member of New India Abroad to start commenting.
Sign Up Now
Already have an account? Login