ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਚੁਣੇ ਗਏ ਲੋਕ ਸਭਾ ਸਾਂਸਦ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਪਣੀ ਮਾਤਾ ਬਲਵਿੰਦਰ ਕੌਰ ਦੇ ਖ਼ਾਲਿਸਤਾਨ ਸਬੰਧੀ ਬਿਆਨ ਤੋਂ ਕਿਨਾਰਾ ਕਰ ਲਿਆ ਹੈ। ਅੰਮ੍ਰਿਤਪਾਲ ਸਿੰਘ ਦੀ ਟੀਮ ਨੇ ਆਪਣੇ ਐਕਸ ਪੋਸਟ ਵਿੱਚ ਕਿਹਾ ਹੈ ਕਿ ਖ਼ਾਲਸਾ ਰਾਜ ਦਾ ਸੁਪਨਾ ਵੇਖਣਾ ਗੁਨਾਹ ਨਹੀਂ।
ਦਰਅਸਲ 5 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਨੇ ਦਿੱਲੀ ਵਿਖੇ ਕੜੀ ਸੁਰੱਖਿਆ ਦੇ ਵਿਚਕਾਰ ਲੋਕ ਸਭਾ ਸਾਂਸਦ ਵਜੋਂ ਸਪੀਕਰ ਓਮ ਬਿਰਲਾ ਦੇ ਦਫ਼ਤਰ ਵਿਖੇ ਸਹੁੰ ਚੁੱਕੀ ਸੀ। ਇਸੇ ਦਿਨ ਅੰਮ੍ਰਿਤਪਾਲ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਉਸਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਖ਼ਾਲਿਸਤਾਨ ਸਮਰਥਕ ਨਹੀਂ ਹੈ।
“ਕੋਈ ਕੁੱਝ ਵੀ ਕਹੀ ਜਾਵੇ, ਉਹ ਕੋਈ ਖਾਲਿਸਤਾਨੀ ਸਮਰਥਕ ਨਹੀਂ ਹੈ, ਪੰਜਾਬ ਦੇ ਹੱਕਾਂ ਦੀ ਗੱਲ ਕਰਨਾ, ਪੰਜਾਬ ਦੀ ਨੌਜਵਾਨੀ ਨੂੰ ਬਚਾਉਣ, ਨਾਲ ਕੀ ਕੋਈ ਵਿਅਕਤੀ ਖਾਲਿਸਤਾਨੀ ਸਮਰਥਕ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਚੋਣ ਲੜੀ ਹੈ, ਹੁਣ ਤਾਂ ਕਿਸੇ ਨੂੰ ਕੁੱਝ ਕਹਿਣਾ ਹੀ ਨਹੀਂ ਚਾਹੀਦਾ”, ਮਾਤਾ ਬਲਵਿੰਦਰ ਕੌਰ ਨੇ ਕਿਹਾ ਸੀ।
ਆਪਣੀ ਮਾਤਾ ਵੱਲੋਂ ਦਿੱਤੇ ਬਿਆਨ ਤੋਂ ਕਿਨਾਰਾ ਕਰਦਿਆਂ ਅੰਮ੍ਰਿਤਪਾਲ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚੋਂ ਸਨੇਹਾ ਭੇਜ ਕੇ ਇਸ ਦਾ ਖੰਡਨ ਕੀਤਾ ਹੈ। ਉਸ ਦੀ ਟੀਮ ਨੇ ਅੰਮ੍ਰਿਤਪਾਲ ਸਿੰਘ ਦੇ ਅਧਿਕਾਰਤ ਐਕਸ ਖਾਤੇ ਉੱਤੇ 6 ਜੁਲਾਈ ਨੂੰ ਪੋਸਟ ਕੀਤਾ। ਪੋਸਟ ਵਿੱਚ ਲਿਖਿਆ ਗਿਆ, “ਰਾਜ ਬਿਨਾ ਨਹਿ ਧਰਮ ਚਲੈ ਹੈਂ॥ਧਰਮ ਬਿਨਾ ਸਭ ਦਲੈ ਮਲੈ ਹੈਂ॥ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥ ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ॥ ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ, ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ॥”
“ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ,ਸਗੋਂ ਮਾਣ ਵਾਲੀ ਗੱਲ ਹੈ ।ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ,ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ”, ਅੰਮ੍ਰਿਤਪਾਲ ਨੇ ਅੱਗੇ ਕਿਹਾ।
“ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਢੁਕਵਾਂ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਕੁ ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਇਹ ਔਰਤ ਇਹ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਹ ਗੱਲ ਬਿਆਨ ਕਰਦਾ ਹਾਂ ਕਿ ਇਹ ਮੇਰੀ ਮਾਂ ਨਹੀਂ ॥ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬੇਹੱਦ ਸਖਤ ਹੈ ,ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ। ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ। ਗੁਰੂ ਪੰਥ ਦਾ ਦਾਸ ਅੰਮ੍ਰਿਤਪਾਲ ਸਿੰਘ ਬੰਦੀ ਡਿਬਰੂਗੜ੍ਹ ਜੇਲ੍ਹ ਅਸਾਮ”, ਪੋਸਟ ਵਿੱਛ ਹੂਬਹੂ ਇਸ ਤਰ੍ਹਾਂ ਲਿਖਿਆ ਗਿਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login