ADVERTISEMENTs

ਜਥੇਦਾਰਾਂ ਨੂੰ ਫਾਰਗ ਕਰਨ ਦੇ ਮਾਮਲੇ ’ਚ ਬਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਆਗੂਆਂ ਵੱਲੋਂ ਵਿਰੋਧ

ਸ਼੍ਰੋਮਣੀ ਅਕਾਲੀ ਦਲ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਮਜੀਠੀਆ ਖਿਲਾਫ਼ ਪਾਰਟੀ ਦੇ ਫੇਸਬੁੱਕ ਪੇਜ ’ਤੇ ਜਾਰੀ ਬਿਆਨ ਤੋਂ ਕਿਨਾਰਾ। ਮਜੀਠੀਆ ਤੇ ਹੋਰ ਆਗੂਆਂ ਨੇ ਕਿਹਾ, “ਪਿਛਲੇ ਦਿਨਾਂ ਦੇ ਘਟਨਾਕ੍ਰਮ ਕਰਕੇ ਜੋ ਕੱਲ੍ਹ (7 ਮਾਰਚ) ਦਾ ਫੈਸਲਾ (ਸ਼੍ਰੋਮਣੀ ਕਮੇਟੀ) ਅੰਤ੍ਰਿੰਗ ਕਮੇਟੀ ਨੇ ਕੀਤਾ ਹੈ ਉਸ ਨਾਲ ਸਿੱਖ ਸੰਗਤ ਦੇ ਅਤੇ ਸਾਡੇ ਮਨਾਂ ਨੂੰ ਬਹੁਤ ਡੂੰਘੀ ਠੇਸ ਪਹੁੰਚੀ ਹੈ। ਗੁਰੂ ਸਾਹਿਬ ਜੀ ਨੇ ਸੰਗਤ ਨੂੰ ਵੀ ਗੁਰੂ ਦਾ ਰੁਤਬਾ ਦਿੱਤਾ ਹੈ ਉਸ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਹਾਂ।”

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ ਤੇ ਹੋਰ / ਫੇਸਬੁੱਕ/ਸ਼ਰਨਜੀਤ ਸਿੰਘ ਢਿੱਲੋਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੋਂ ਜਥੇਦਾਰੀਆਂ ਵਾਪਸ ਲਏ ਜਾਣ ਦੇ ਫੈਸਲੇ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਕੁਝ ਹੋਰ ਅਕਾਲੀ ਆਗੂਆਂ ਇਸ ਦੀ ਸਖ਼ਤ ਆਲੋਚਨਾ ਕੀਤੀ ਹੈ।

ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ - ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ, ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਕੈਬਨਿਟ ਮੰਤਰੀ, ਲਖਬੀਰ ਸਿੰਘ ਲੋਧੀਨੰਗਲ ਕੋਰ ਕਮੇਟੀ ਮੈਂਬਰ, ਸ਼੍ਰੋਮਣੀ ਕਮੇਟੀ ਮੈਂਬਰ ਤੇ ਅਜਨਾਲਾ ਹਲਕਾ ਇੰਚਾਰਜ ਜੋਧ ਸਿੰਘ ਸਮਰਾ, ਹਲਕਾ ਇੰਚਾਰਜ ਮੁਕੇਰੀਆਂ ਸਰਬਜੋਤ ਸਿੰਘ ਸਾਬੀ, ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਰਮਨਦੀਪ ਸਿੰਘ ਸੰਧੂ ਤੇ ਯੂਥ ਆਗੂ ਪੰਜਾਬ ਸਿਮਰਨਜੀਤ ਸਿੰਘ ਢਿੱਲੋਂ – ਨੇ ਚੰਡੀਗੜ੍ਹ ਤੋਂ ਮਾਰਚ ਨੂੰ ਆਪਣੇ ਦਸਤਖ਼ਤਾਂ ਹੇਠ ਇੱਕ ਸਾਂਝਾ ਬਿਆਨ ਜਾਰੀ ਕੀਤਾ।

ਬਿਆਨ ਵਿੱਚ ਕਿਹਾ ਗਿਆ ਕਿ ਅਕਾਲ ਤਖ਼ਤ ਸਾਹਿਬ ਦੀ ਅਤੇ ਜਥੇਦਾਰ ਸਾਹਿਬਾਨ ਦੀ ਮਾਣ ਮਰਯਾਦਾ ਦਾ ਉਹ ਬਹੁਤ ਸਤਿਕਾਰ ਕਰਦੇ ਹਨ ਅਤੇ ਅਖੀਰਲੇ ਸਾਹ ਤੱਕ ਕਰਦੇ ਰਹਿਣਗੇ। ਤਖ਼ਤ ਸਾਹਿਬ ਦੀ ਮਾਣ ਮਰਯਾਦਾ ਕਿਸੇ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਤੇ ਜੋ ਵੀ ਜਥੇਦਾਰ ਸਾਹਿਬਾਨ ਇਸ ਤਖ਼ਤ ਤੇ ਬਿਰਾਜਮਾਨ ਹਨ ਉਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ। 

ਉਨ੍ਹਾਂ ਕਿਹਾ, ਪਿਛਲੇ ਦਿਨਾਂ ਦੇ ਘਟਨਾਕ੍ਰਮ ਕਰਕੇ ਜੋ ਕੱਲ੍ਹ (ਮਾਰਚ) ਦਾ ਫੈਸਲਾ (ਸ਼੍ਰੋਮਣੀ ਕਮੇਟੀ) ਅੰਤ੍ਰਿੰਗ ਕਮੇਟੀ ਨੇ ਕੀਤਾ ਹੈ ਉਸ ਨਾਲ ਸਿੱਖ ਸੰਗਤ ਦੇ ਅਤੇ ਸਾਡੇ ਮਨਾਂ ਨੂੰ ਬਹੁਤ ਡੂੰਘੀ ਠੇਸ ਪਹੁੰਚੀ ਹੈ। ਗੁਰੂ ਸਾਹਿਬ ਜੀ ਨੇ ਸੰਗਤ ਨੂੰ ਵੀ ਗੁਰੂ ਦਾ ਰੁਤਬਾ ਦਿੱਤਾ ਹੈ ਉਸ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਹਾਂ।

ਉਨ੍ਹਾਂ ਅੱਗੇ ਕਿਹਾ ਕਿ, ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਜੋ ਘਟਨਾਕ੍ਰਮ ਵਾਪਰ ਰਹੇ ਹਨ ਉਸ ਨਾਲ ਸਾਡੇ ਮਨ ਅੱਜ ਬਹੁਤ ਦੁਖੀ ਅਤੇ ਉਦਾਸ ਹਨ। ਚਾਹੇ ਉਹ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਚਾਹੇ ਉਹ ਪੰਥਕ ਏਕਤਾ ਵੱਲ ਪਹਿਲਕਦਮੀ ਕਰਨ ਵਿੱਚ ਪੁੱਟੇ ਜਾਣ ਵਾਲੇ ਕਦਮ ਹੋਣ ਜੋ ਕੁਝ ਸਮੇਂ ਤੋਂ ਨਹੀਂ ਪੁੱਟੇ ਗਏ। ਇਨ੍ਹਾਂ ਕਾਰਨਾਂ ਕਰਕੇ ਅੱਜ ਇਹੋ ਜਿਹੇ ਹਾਲਾਤ ਬਣ ਗਏ ਹਨ ਜਿਨ੍ਹਾਂ ਦੇ ਅਸੀਂ ਸਾਰੇ ਜਿੰਮੇਵਾਰ ਹਾਂ ਚਾਹੇ ਸੁਧਾਰ ਲਹਿਰ ਵਾਲੇ ਚਾਹੇ ਕੁਝ ਪੰਥਕ ਲੋਕ ਹੋਣ ਅਸੀਂ ਸਾਰੇ ਹੀ ਇਨ੍ਹਾਂ ਹਾਲਾਤ ਤੋਂ ਪਾਸਾ ਵੱਟਦੇ ਰਹੇ ਹਾਂ। ਅੱਜ ਬੜੀ ਗੰਭੀਰਤਾ ਨਾਲ ਇਹ ਕਹਿ ਰਹੇ ਹਾਂ ਕਿ ਸਾਨੂੰ ਸਾਰਿਆਂ ਨੂੰ ਜਿੰਮੇਵਾਰੀ ਸਮਝਦੇ ਹੋਏ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਸਥਾਪਨਾ ਅਕਾਲ ਤਖ਼ਤ ਸਾਹਿਬ ਤੇ ਹੋਈ ਹੋਵੇ ਉਸ ਨੂੰ ਟੁੱਟਣ ਤੋ ਬਚਾਉਣ ਵਾਸਤੇ ਅੱਗੇ ਹੋ ਕੇ ਇੱਕ ਸਾਂਝੀ ਰਾਏ ਬਣਾਉਣ ਦੀ ਲੋੜ ਹੈ। ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਯਾਦਾ ਨੂੰ ਬਹਾਲ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਜੋ ਹਾਲਾਤ ਪਿਛਲੇ ਦਿਨਾਂ ਤੋਂ ਚੱਲ ਰਹੇ ਹਨ ਇਨ੍ਹਾਂ ਨੂੰ ਦੇਖਦੇ ਹੋਏ ਸਾਡੇ ਅਤੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੇ ਮਨ ਵਿੱਚ ਬੜੀ ਪੀੜ ਹੈ। ਜਿਸ ਨੂੰ ਮਹਿਸੂਸ ਕਰਦੇ ਹੋਏ ਅਸੀਂ ਸਮਝਦੇ ਹਾਂ ਕਿ ਇਹ ਲੀਡਰਸ਼ਿਪ ਦੀ ਆਪਸੀ ਖਿੱਚੋਤਾਣ ਕਰਕੇ ਹੋਇਆ ਹੈ।

ਉਨ੍ਹਾਂ ਅੱਗੇ ਕਿਹਾ ਕਿ, ਅਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਵਾਲੇ ਅਤੇ ਸੁਧਾਰ ਲਹਿਰ ਵਾਲੇ ਇੱਕੋ ਪਰਿਵਾਰ ਵਿੱਚ ਰਹਿ ਕੇ ਪਾਰਟੀ ਦਾ ਕੰਮ ਕਰਦੇ ਰਹੇ ਹਾਂ। ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਪਸੀ ਖਿੱਚੋਤਾਣ ਕਰਕੇ ਹੀ ਇਹ ਸਭ ਕੁਝ ਵਾਪਰਿਆ ਹੈ, ਜਿਸ ਨਾਲ ਪੰਥ ਵਿਰੋਧੀ ਸ਼ਕਤੀਆਂ ਨੂੰ ਬਲ ਮਿਲਿਆ ਹੈ ਅਤੇ ਪੰਥਕ ਏਕਤਾ ਅਤੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਢਾਹ ਲੱਗੀ ਹੈ ਜਿਸ ਉੱਤੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਅਸੀਂ ਅੱਜ ਵੀ ਅਪੀਲ ਕਰਦੇ ਹਾਂ ਕਿ ਆਪਸੀ ਮੱਤਭੇਦ ਅਤੇ ਰੰਜਸ਼ਾਂ ਭੁਲਾ ਕੇ ਦਰਿਆਦਿਲੀ ਦਿਖਾਉਂਦੇ ਹੋਏ ਪਾਰਟੀ ਦੇ ਵਾਸਤੇ ਦਿੱਤੀਆਂ ਹੋਈਆਂ ਪਰਿਵਾਰਾਂ ਦੀ ਕੁਰਬਾਨੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦੀ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਇੱਕ ਮੰਚ ਉੱਤੇ ਇਕੱਠੇ ਹੋ ਕੇ ਪੰਜਾਬ ਦੇ ਅਤੇ ਪੰਥ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦੀ ਹੈ।

ਬਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਆਗੂਆਂ ਵੱਲੋਂ ਜਾਰੀ ਕੀਤਾ ਸਾਂਝਾ ਬਿਆਨ / ਫੇਸਬੁੱਕ/ਸ਼ਰਨਜੀਤ ਸਿੰਘ ਢਿੱਲੋਂ

ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭੂੰਦੜ ਵੱਲੋਂ ਪਾਰਟੀ ਦੇ ਫੇਸਬੁੱਕ ਪੇਜ ਉੱਤੇ ਉਨ੍ਹਾਂ ਦੇ ਹਵਾਲੇ ਨਾਲ ਜਾਰੀ ਕੀਤੇ ਬਿਆਨ ਤੋਂ ਕਿਨਾਰਾ

ਇਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਅਧਿਕਾਰਤ ਫੇਸਬੁੱਕ ਪੇਜ ਉੱਤੇ ਪਾਰਟੀ ਦੇ ਕਾਰਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਇੱਕ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਨਾਲ ਹੋਰ ਅਕਾਲੀ ਆਗੂਆਂ ਵੱਲੋਂ ਜਾਰੀ ਬਿਆਨ ਨੇ ਉਨ੍ਹਾਂ ਵਰਗੇ ਪਾਰਟੀ ਅੰਦਰ ਸਭ ਤੋਂ ਬਜੁਰਗ ਤੇ ਸੀਨੀਅਰ ਆਗੂ ਨੂੰ ਭਾਰੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਨੇ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਉੱਪਰ ਸਵਾਲ ਚੁੱਕਕੇ ਗਲਤ ਕੀਤਾ ਹੈ ਜਿਸ ਕਮੇਟੀ ਦੇ ਪਹਿਲੇ ਪ੍ਰਧਾਨ ਉਸਦੇ ਪੜਦਾਦਾ ਜੀ ਸਤਿਕਾਰਯੋਗ ਸੁੰਦਰ ਸਿੰਘ ਮਜੀਠੀਆ ਬਣੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਜਥੇਦਾਰ ਸਾਹਿਬਾਨ ਨੂੰ ਲੈ ਕੇ ਲਿਆ ਫੈਸਲਾ ਲੰਮੇ ਵਿਚਾਰ ਵਿਟਾਂਦਰੇ ਤੋਂ ਬਾਅਦ ਹੀ ਲਿਆ ਗਿਆ ਹੈ। ਪਿਛਲੇ ਸਮੇਂ ਤੋਂ ਸਿੱਖ ਸਿਆਸਤ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਭੰਬਲਭੂਸੇ ਵਿੱਚੋਂ ਲੰਘਣਾ ਪੈ ਰਿਹਾ ਉਸ ਲਈ ਕੌਣ ਕੌਣ ਜਿੰਮੇਵਾਰ ਹੈ ਉਸ ਬਾਰੇ ਬਿਕਰਮ ਸਿੰਘ ਮਜੀਠੀਆ ਚੰਗੀ ਤਰ੍ਹਾਂ ਜਾਣਦੇ ਹਨ। ਬਿਕਰਮ ਸਿੰਘ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਚਪਨ ਤੋਂ ਪਾਲਿਆ ਤੇ ਬਾਦਲ ਪਰਿਵਾਰ ਦਾ ਹਿੱਸਾ ਹੋਣ ਕਰਕੇ ਵੱਡੇ ਮਾਣ ਦਿਵਾਏ।

ਭੂੰਦੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਦੀ ਔਖੇ ਸਮੇਂ ਡੱਟਕੇ ਪਿੱਠ ਪੂਰੀ ਪਰ ਅੱਜ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਉੱਪਰ ਆਏ ਔਖੇ ਸਮੇਂ ਬਿਕਰਮ ਸਿੰਘ ਮਜੀਠੀਆ ਨੇ ਨਾਲ ਡੱਟਕੇ ਖੜ੍ਹਣ ਦੀ ਥਾਂ ਇੱਕ ਤਰਾਂ ਨਾਲ ਪਿੱਠ ਵਿੱਚ ਛੁਰਾ ਮਾਰਿਆ ਹੈ। ਸਵਰਗੀ ਪ੍ਰਕਾਸ਼ ਸਿੰਘ ਜੀ ਬਾਦਲ ਦੇ ਜਾਣ ਪਿੱਛੋਂ ਅਕਾਲੀ ਦਲ ਅੰਦਰ ਬਣੇ ਹਾਲਾਤਾਂ ਨੂੰ ਲੈ ਕੇ ਮਜੀਠੀਆ ਦਾ ਫਰਜ ਬਣਦਾ ਸੀ ਕਿ ਉਸ ਮਹਾਨ ਵਿਅਕਤੀ ਦੇ ਅਹਿਸਾਨਾਂ ਕਾਰਣ ਉਸਦੀ ਵਿਰਾਸਤ ਨੂੰ ਸਾਂਭਣ ਵਿੱਚ ਸੁਖਬੀਰ ਸਿੰਘ ਬਾਦਲ ਦਾ ਡੱਟਕੇ ਸਾਥ ਦਿੰਦਾ। ਉਨ੍ਹਾਂ ਕਿਹਾ ਕਿ ਉਹ ਫਿਰ ਬਿਕਰਮ ਸਿੰਘ ਮਜੀਠੀਆ ਦੇ ਇਸ ਕਦਮ ਨੂੰ ਗਲਤ ਕਰਾਰ ਦਿੰਦਿਆਂ ਸਲਾਹ ਦਿੰਦੇ ਹਨ ਕਿ ਵਿਰੋਧੀਆਂ ਦੀ ਸਾਜ਼ਸ਼ ਦਾ ਹਿੱਸਾ ਬਨਣ ਦੀ ਥਾਂ ਰਲਕੇ ਇਨ੍ਹਾਂ ਸਾਜ਼ਸ਼ਾਂ ਦਾ ਮੁਕਾਬਲਾ ਕਰੀਏ। ਭੂੰਦੜ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੇ ਅੰਦਰ ਹਰ ਇੱਕ ਆਗੂ ਤੇ ਵਰਕਰ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਅਧਿਕਾਰ ਹੈ ਅਤੇ ਉਹ ਸੁਪਨੇ ਵਿੱਚ ਵੀ ਕਿਆਸ ਨਹੀਂ ਸੀ ਕਰ ਸਕਦੇ ਕਿ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਜਾਬਤੇ ਦੀ ਇਸ ਤਰ੍ਹਾਂ ਉਲੰਘਣਾ ਕਰਨਗੇ।

ਫੇਸਬੁੱਕ/ਸ਼੍ਰੋਮਣੀ ਅਕਾਲੀ ਦਲ / ਸ਼੍ਰੋਮਣੀ ਅਕਾਲੀ ਦਲ ਦੇ ਪੇਜ ਉੱਤੇ ਜਾਰੀ ਕੀਤਾ ਗਿਆ ਬਿਆਨ

ਭੂੰਦੜ: ‘ਮਜੀਠੀਆ ਵੱਲੋਂ ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਨਹੀਂ ਕਹੀਮੇਰਾ ਗਲਤ ਬਿਆਨ ਜਾਰੀ ਹੋਇਆ

ਸ਼੍ਰੋਮਣੀ ਅਕਾਲੀ ਦਲ ਦੇ ਪੇਜ ਤੋਂ ਜਾਰੀ ਕੀਤੇ ਗਏ ਬਿਆਨ ਤੋਂ ਕੁਝ ਸਮੇਂ ਬਾਅਦ ਹੀ, ਇੱਕ ਪੰਜਾਬ ਚੈਨਲ ਨਾਲ ਗੱਲ ਕਰਦਿਆਂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ, ਮਜੀਠੀਆ ਵੱਲੋਂ ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਮੈਂ ਨਹੀਂ ਕਹੀ। ਮੈਂ ਕਦੇ ਇੰਨੀ ਕੌੜੀ ਗੱਲ ਨਹੀਂ ਕਹਿੰਦਾ। ਮੈਂ ਇਹ ਕਿਹਾ ਹੈ ਕਿ (ਮਜੀਠੀਆ ਨੂੰ) ਇਹ ਬਿਆਨ ਦੇਣਾ ਨਹੀਂ ਸੀ ਚਾਹੀਦਾ।"

ਇਹ ਪੁੱਛੇ ਜਾਣ ਉੱਤੇ ਕਿ ਤੁਹਾਡਾ ਬਿਆਨ ਜਾਰੀ ਕੀਤਾ ਗਿਆ ਹੈ, ਤਾਂ ਭੂੰਦੜ ਨੇ ਜਵਾਬ ਦਿੱਤਾ ਕਿ, ਜਾਰੀ ਗਲਤ ਹੋ ਗਿਆ ਹੈ, ਮੈਨੂੰ ਪੜ੍ਹ ਕੇ ਨਹੀਂ ਸੁਣਾਇਆ ਗਿਆ। ਇਹ ਛੁਰੇ ਵਾਲੀ ਗੱਲ ਗਲਤ ਹੈ, ਮੈਂ ਕਦੇ ਕਿਸੇ ਨੂੰ ਇੰਨਾ ਕੌੜਾ ਨਹੀਂ ਬੋਲਦਾ। ਬਿਆਨ ਜਾਰੀ ਕਰਨ ਬਾਰੇ ਮੈਂ ਕਿਹਾ ਸੀ ਕਿ ਇਹ ਬਿਆਨ ਉਸ ਨੂੰ ਨਹੀਂ ਦੇਣਾ ਚਾਹੀਦਾ ਸੀ। (ਬਿਆਨ ਵਿੱਚ) ਕਈ ਗੱਲਾਂ ਮੈਂ ਨਹੀਂ ਲਿਖੀਆਂ। ਅਕਾਲ ਤਖ਼ਤ ਦੇ ਸਦਾ ਮੁਦਈ ਹਾਂ, ਮੁਦਈ ਰਹਾਂਗੇ। ਜੋ ਫੈਸਲਾ ਸ਼੍ਰੋਮਣੀ ਕਮੇਟੀ ਵੱਲੋਂ ਹੋਇਆ ਹੈ, ਸਾਰੀ ਪਾਰਟੀ ਉਸ ਦੇ ਨਾਲ ਖੜ੍ਹੀ ਹੈ। ਅਕਾਲ ਤਖ਼ਤ ਨੇ ਧੜੇ, ਚੂਲ੍ਹੇ ਖਤਮ ਕਰਕੇ ਸਿਰ ਜੋੜ ਕੇ ਬੈਠਣ ਲਈ ਕਿਹਾ ਹੈ, ਜਿਸ ਦੀ ਕੌਮ ਨੂੰ ਲੋੜ ਹੈ ਤਾਂ ਜੋ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਅੱਗੇ ਵਧਿਆ ਜਾ ਸਕੇ। ਅਸੀਂ ਅਕਾਲ ਤਖ਼ਤ ਦਾ ਸਾਰਾ ਹੁਕਮ ਮੰਨ ਲਿਆ। ਉਨ੍ਹਾਂ ਕਿਹਾ ਕਿ ਮਜੀਠੀਆ ਨੇ ਇਹ ਬਿਆਨ ਜਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ। 

ਅਕਾਲ ਤਖ਼ਤ ਵੱਲੋਂ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਕਮੇਟੀ ਬਾਰੇ ਗੱਲ ਕਰਦਿਆਂ ਭੂੰਦੜ ਨੇ ਕਿਹਾ, ਪੁੱਛ ਲਿਓ ਸਾਰਿਆਂ ਨੂੰ, ਮੇਰੇ ਸਾਹਮਣੇ ਆਉਣ। ਅਸੀਂ ਉਨ੍ਹਾਂ ਨੂੰ (ਭਰਤੀ ਕਮੇਟੀ ਨੂੰ) ਭਰਤੀ ਲੈਣ, ਦਿਨ ਵਧਾਉਣ ਅਤੇ ਪੜਤਾਲ ਕਰਨ ਲਈ ਆਖਿਆ ਸੀ। ਉਨ੍ਹਾਂ ਨੂੰ ਮਿਲ ਬੈਠ ਕੇ ਮਾਮਲਾ ਹੱਲ ਕਰਨ ਲਈ ਦਫ਼ਤਰ ਸੱਦਿਆ ਗਿਆ ਸੀ। ਮੈਂ ਸਾਰਿਆਂ ਦੇ ਸਾਹਮਣੇ ਇਹ ਗੱਲ ਸਪਸ਼ਟ ਕਰਨ ਲਈ ਤਿਆਰ ਹਾਂ। ਕਮੇਟੀ ਮੈਂਬਰਾਂ ਨੂੰ ਇਕੱਠੇ ਕਰਕੇ ਪੁੱਛ ਲਿਓ ਕਿ ਮੈਂ ਇਹ ਗੱਲਾਂ ਕੀਤੀਆਂ ਕਿ ਨਹੀਂ। ਉਹ ਮੇਰੇ ਕੋਲ ਘਰੇ ਵੀ ਆਏ ਸਨ ਅਤੇ ਮੈਂ ਇਹੀ ਕਿਹਾ ਸੀ ਕਿ ਮਿਲ ਬੈਠ ਕੇ ਹੱਲ ਕੱਢੀਏ। ਪਾਰਟੀ ਨੂੰ ਪੁੱਛ ਕੇ ਹੱਲ ਕਰਨ ਲਈ ਮੈਂ ਕਿਹਾ ਸੀ, ਸਾਰਿਆਂ ਦੀ ਰਾਏ ਲੈਣ ਤੋਂ ਬਾਅਦ ਕਿ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ।

ਭੂੰਦੜ ਨੇ ਅੱਗੇ ਕਿਹਾ ਕਿ ਜਿਹੜਾ ਸਿੰਘ ਸਾਹਿਬ (ਗਿਆਨੀ ਹਰਪ੍ਰੀਤ ਸਿੰਘ) ਦਾ ਬਿਆਨ ਹੈ ਕਿ ਮਹਾਰਾਸ਼ਟਰ ਵਾਲੀ ਸ਼ਿਵ ਸੈਨਾ ਵਾਲਾ ਕੰਮ ਕਰਨਗੇ ਉਹ ਅਕਾਲੀ ਦਲ ਨਾਲ। ਸ਼ਿਵ ਸੈਨਾ ਨੂੰ ਦਿੱਲੀ ਤਾਕਤ ਨੇ ਹੀ ਤੋੜਿਆ ਹੈ। ਫਿਰ ਇਹ ਬਿਆਨ ਕਿੱਥੋਂ ਆ ਰਹੇ ਹਨ। ਇਸ ਦੇ ਪਿੱਛੇ ਕੀ ਬੋ ਆ ਰਹੀ ਹੈ”, ਭੂੰਦੜ ਨੇ ਕਿਹਾ। 

ਗੋਬਿੰਦ ਸਿੰਘ ਲੋਗੋਂਵਾਲ / ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵੱਲੋਂ ਜਾਰੀ ਕੀਤਾ ਗਿਆ ਬਿਆਨ

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵੱਲੋਂ ਵੀ ਜਥੇਦਾਰ ਨੂੰ ਹਟਾਉਣ ਦੇ ਫੈਸਲੇ ਨਾਲ ਅਸਹਿਮਤੀ ਪ੍ਰਗਟ

ਸ਼੍ਰੋਮਣੀ ਕਮੇਟੀ ਦੇ ਫੈਸਲੇ ਦਾ ਵਿਰੋਧ ਸੰਸਥਾ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵੱਲੋਂ ਵੀ ਕੀਤਾ ਗਿਆ। ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਲੋਂਗੋਵਾਲ ਨੇ ਕਿਹਾ ਕਿ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੋਵੇਂ ਹੀ ਹਮੇਸ਼ਾ ਪੰਥਕ ਪ੍ਰੰਪਰਾਵਾਂ ਤੇ ਸਿਧਾਂਤਾਂ ਦੇ ਰਖਵਾਲੇ ਰਹੇ ਹਨ। ਪ੍ਰੰਤੂ ਮੌਜੂਦਾ ਸਮੇਂ ਦੋਹਾਂ ਸਿੱਖ ਸੰਸਥਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਪੰਥ ਮਾਯੂਸ ਹੈ। ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਜਥੇਦਾਰ ਸਾਹਿਬਾਨਾਂ ਬਾਰੇ ਲਏ ਗਏ ਫੈਸਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਕਿਉਂਕਿ ਮੈਂ ਸਿੱਖ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸੇਵਾ ਨਿਭਾ ਚੁੱਕਾ ਹਾਂ, ਇਸ ਲਈ ਇਸ ਘਟਨਾਕ੍ਰਮ ਦਾ ਮੇਰੇ ਮਨ ਉੱਪਰ ਗਹਿਰਾ ਅਸਰ ਹੈ। ਮੈਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਸਿੰਘ ਸਾਹਿਬਾਨ ਬਾਰੇ ਲਏ ਗਏ ਫੈਸਲੇ ਨਾਲ ਅਸਹਿਮਤੀ ਪ੍ਰਗਟ ਕਰਦਾ ਹਾਂ। ਮੈਂ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਆਪਣਾ ਯੋਗਦਾਨ ਦੇਣ ਲਈ ਵਚਨਬੱਧ ਹਾਂ ਤੇ ਰਹਾਂਗਾ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related