ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੋਮਵਾਰ 28 ਅਪ੍ਰੈਲ ਨੂੰ ਇਕ ਵੀਡੀਓ ਜਾਰੀ ਕੀਤੀ ਜਿਸ ਵਿਚ ਐੱਨ.ਐਸ.ਏ ਤਹਿਤ ਨਜ਼ਰਬੰਦ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਨਸ਼ੇ ਕਰਦਾ ਦਿਖਾਈ ਦੇ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਸਿਰਫ ਨਸ਼ਾ ਵਿਰੋਧੀ ਮੁਹਿੰਮ ਦਾ ਮੁਖੌਟਾ ਪਾਇਆ ਹੋਇਆ ਹੈ ਜਦੋਂ ਕਿ ਅਸਲ ਵਿਚ ਉਹ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਲ ਹੈ ਤੇ ਗੈਂਗਸਟਰਾਂ ਨਾਲ ਉਸਦੇ ਨੇੜਲੇ ਸਬੰਧ ਹਨ।
ਮਜੀਠੀਆ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਅੰਮ੍ਰਿਤਪਾਲ ਸਿੰਘ ਦਾ ਭਰਾ ਇਕ ਕਾਰ ਵਿਚ ਬੈਠ ਕੇ ਨਸ਼ੇ ਕਰਦਾ ਦਿਖਾਈ ਦੇ ਰਿਹਾ ਹੈ। ਅਕਾਲੀ ਆਗੂ ਨੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਵੀ ਇਕ ਵੀਡੀਓ ਦਿਖਾਈ ਜਿਸ ਵਿਚ ਉਹ ਦਾਅਵੇ ਕਰ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਹਰਪ੍ਰੀਤ ’ਤੇ ਨਸ਼ੇ ਦਾ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੀਡੀਓ ਤੋਂ ਸਪਸ਼ਟ ਹੈ ਕਿ ਹਰਪ੍ਰੀਤ ਸਿੰਘ ਨਸ਼ਿਆਂ ਦਾ ਆਦਿ ਹੈ ਤੇ ਉਸਦੇ ਪਿਤਾ ਇਕ ਅੰਮ੍ਰਿਤਧਾਰੀ ਸਿੰਘ ਹੋਣ ਦੇ ਬਾਵਜੂਦ ਆਪਣੇ ਪੁੱਤਰ ਦਾ ਬਚਾਅ ਕਰਨ ਵਾਸਤੇ ਝੂਠ ਬੋਲ ਰਹੇ ਹਨ। ਉਨ੍ਹਾਂ ਨੇ ਇਕ ਹੋਰ ਵੀਡੀਓ ਵੀ ਜਾਰੀ ਕੀਤੀ ਜਿਸ ਵਿਚ ਤਰਸੇਮ ਸਿੰਘ ਆਪਣੇ ਪੁੱਤਰਾਂ ਅੰਮ੍ਰਿਤਪਾਲ ਸਿੰਘ ਤੇ ਹਰਪ੍ਰੀਤ ਸਿੰਘ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤ ਰਹੇ ਹਨ।
ਤਰਸੇਮ ਸਿੰਘ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਮਜੀਠੀਆ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਉਨ੍ਹਾਂ ਨੇ ਜੋ ਪਹਿਲੀ ਆਡੀਓ ਜਾਰੀ ਕੀਤੀ ਸੀ ਜਿਸ ਵਿਚ ਅੰਮ੍ਰਿਤਪਾਲ ਇਹ ਦਾਅਵਾ ਕਰ ਰਿਹਾ ਸੀ ਕਿ ਉਹ 22 ਕਰੋੜ ਰੁਪਏ ਦੀ ਡਕੈਤੀ ਵਿਚ ਨਾਮੀ ਗੈਂਗਸਟਰ ਜੈਪਾਲ ਭੁੱਲਰ ਦਾ ਹਿੱਸੇਦਾਰ ਸੀ, ਉਹ ਤੱਥਾਂ ’ਤੇ ਅਧਾਰਿਤ ਹੈ। ਉਨ੍ਹਾਂ ਕਿਹਾ ਕਿ ਜੋ ਵੀ ਮੈਂ ਕਿਹਾ ਸੀ ਸੁਖਪ੍ਰੀਤ ਹਰੀ ਨੌ, ਜਿਸਦੇ ਭਰਾ ਗੁਰਪ੍ਰੀਤ ਸਿੰਘ ਹਰੀ ਨੌ ਦਾ ਕਤਲ ਕਥਿਤ ਤੌਰ ’ਤੇ ਅੰਮ੍ਰਿਤਪਾਲ ਦੇ ਕਹਿਣ ’ਤੇ ਹੋਇਆ, ਨੇ ਵੀ ਉਸਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋ ਨਸ਼ੇੜੀਆਂ ਅਨਮੋਲਪ੍ਰੀਤ ਅਤੇ ਨਵਜੋਤ ਨੀਟਾ ਜਿਨ੍ਹਾਂ ਨੇ ਗੁਰਪ੍ਰੀਤ ਦਾ ਕਤਲ ਕੀਤਾ, ਉਹ ਗੈਂਗਸਟਰ ਅਰਸ਼ ਡੱਲਾ ਤੇ ਲਾਰੰਸ ਬਿਸ਼ਨੋਈ ਨਾਲ ਜੁੜੇ ਹੋਏ ਹਨ। ਇਸਦਾ ਮਤਲਬ ਹੈ ਕਿ ਅੰਮ੍ਰਿਤਪਾਲ ਸਿੰਘ ਵੀ ਇਨ੍ਹਾਂ ਗੈਂਗਸਟਰਾਂ ਦਾ ਸਾਥੀ ਹੈ।
ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਕੇਸ ਵਿਚ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ ਜਦੋਂ ਕਿ ਯੂ.ਏ.ਪੀ.ਏ ਕੇਸ ਵੀ ਸਿਆਸੀ ਕਤਲਾਂ ਦੀ ਯੋਜਨਾਬੰਦੀ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਆਪ ਸਰਕਾਰ ਨੇ ਅੰਮ੍ਰਿਤਪਾਲ ਦੀ ਐੱਨ.ਐਸ.ਏ ਤਹਿਤ ਬੰਦੀ ਵਿਚ ਵਾਧਾ ਕਰ ਕੇ ਉਸਦੀ ਮਦਦ ਹੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸੇ ਤਰੀਕੇ ਜੈਪਾਲ ਭੁੱਲਰ ਵੱਲੋਂ ਕੀਤੀ 22 ਕਰੋੜ ਰੁਪਏ ਦੀ ਡਕੈਤੀ ਜਿਸ ਵਿਚ ਅੰਮ੍ਰਿਤਪਾਲ ਆਪਣਾ ਹੱਥ ਹੋਣ ਦੇ ਦਾਅਵੇ ਕਰ ਰਿਹਾ ਹੈ, ਦੇ ਮਾਮਲੇ ਵਿਚ ਵੀ ਕੋਈ ਜਾਂਚ ਨਹੀਂ ਕੀਤੀ ਜਾ ਰਹੀ।
ਅਕਾਲੀ ਆਗੂ ਨੇ ਕਿਹਾ ਕਿ ਜੈਪਾਲ ਵੱਲੋਂ ਲੁੱਟਿਆ ਸੋਨਾ ਹਾਲੇ ਤੱਕ ਬਰਾਮਦ ਨਹੀ਼ ਹੋਇਆ ਪਰ ਅੰਮ੍ਰਿਤਪਾਲ, ਜਿਸ ਨੇ ਇਹ ਦਾਅਵਾ ਕੀਤਾ ਸੀ ਕਿ ਉਸਨੂੰ ਪਤਾ ਹੈ ਕਿ ਸੋਨਾ ਕਿਥੇ ਹੈ, ਤੋਂ ਇਸ ਮਾਮਲੇ ਵਿਚ ਵੀ ਕੋਈ ਪੁੱਛ ਗਿੱਛ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਮਾਮਲੇ ਵਿਚ ਵੀ ਅੰਮ੍ਰਿਤਪਾਲ ਤੋਂ ਕੋਈ ਪੁੱਛ ਗਿੱਛ ਨਹੀਂ ਕੀਤੀ ਗਈ।
ਮਜੀਠੀਆ ਨੇ ਪ੍ਰੈਸ ਕਾਨਫਰੰਸ ਵਿਚ ਇਕ ਹੋਰ ਵੀਡੀਓ ਜਾਰੀ ਕਰ ਕੇ ਇਹ ਵੀ ਦੱਸਿਆ ਕਿ ਮੰਡੀ ਬੋਰਡ ਦਾ ਚੀਫ ਇੰਜੀਨੀਅਰ ਜਸਵਿੰਦਰ ਸਿੰਘ ਭੰਗੂ ਮੋਗਾ ਵਿਚ ਪੁਲਿਸ ਅੱਗੇ ਸਰੰਡਰ ਕਰਨ ਵੇਲੇ ਅੰਮ੍ਰਿਤਪਾਲ ਨੂੰ ਗੁਰਦੁਆਰਾ ਸਾਹਿਬ ਵਿਚ ਲੈ ਕੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਅਜਨਾਲਾ ਘਟਨਾ ਜਿਸ ਮਗਰੋਂ ਅੰਮ੍ਰਿਤਪਾਲ ਅੰਡਰ ਗਰਾਊਂਡ ਹੋਇਆ, ਉਸ ਵੇਲੇ ਭੰਗੂ ਨੇ ਅੰਮ੍ਰਿਤਪਾਲ ਨੂੰ ਸ਼ਰਣ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ ਵੀ ਕੋਈ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਬਜਾਏ ਕੋਈ ਕਾਰਵਾਈ ਕਰਨ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਲ ਹੀ ਵਿਚ ਹੋਏ ਇਕ ਸਰਕਾਰੀ ਸਮਾਗਮ ਵਿਚ ਜਸਵਿੰਦਰ ਭੰਗੂ ਨਾਲ ਸਟੇਜ ’ਤੇ ਨਜ਼ਰ ਆਏ ਸਨ।
Comments
Start the conversation
Become a member of New India Abroad to start commenting.
Sign Up Now
Already have an account? Login