ADVERTISEMENTs

ਕੈਨੇਡਾ ਪਹੁੰਚ ਪੰਜਾਬੀ ਨੇ ਕੀਤਾ ਪਤਨੀ ਦਾ ਕਤਲ, ਵਾਰਦਾਤ ਦੀ ਵੀਡੀਓ ਬਣਾ ਪਰਿਵਾਰ ਨੂੰ ਭੇਜੀ

ਕਤਲ ਦੇ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀ ਮਿਲੀ, ਪ੍ਰੰਤੂ ਦੋਸ਼ੀ ਦੀ ਕਰੂਰਤਾ ਇੰਨੀ ਭਿਆਨਕ ਸੀ ਕਿ ਉਸਨੇ ਆਪਣੀ ਪਤਨੀ ਦੇ ਕਤਲ ਦੌਰਾਨ ਵੀਡੀਓ ਬਣਾਈ ਅਤੇ ਲੁਧਿਆਣਾ 'ਚ ਬੈਠੀ ਦੀ ਮਾਂ ਨੂੰ ਵੀ ਭੇਜ ਦਿੱਤੀ।

ਮ੍ਰਿਤਕ ਬਲਵਿੰਦਰ ਕੌਰ ਅਤੇ ਜਗਪ੍ਰੀਤ ਸਿੰਘ ਦੀ ਪੁਰਾਣੀ ਤਸਵੀਰ / social media

ਕੈਨੇਡਾ ਦੇ ਸ਼ਹਿਰ ਐਬਟਸਫੋਰਡ ਤੋਂ ਇੱਕ ਹੈਰਾਨ ਕਰਨ ਵਾਲੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਿਥੇ ਪੰਜਾਬੀ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ।  

 

41 ਸਾਲਾ ਬਲਵਿੰਦਰ ਕੌਰ ਦੇ ਪਿਤਾ ਹਿੰਮਤ ਸਿੰਘ ਵਾਸੀ ਮੱਲਾ ਨੇ ਦੱਸਿਆ ਕਿ ਉਹਨਾਂ ਦੀ ਧੀ ਬਲਵਿੰਦਰ ਕੌਰ ਦਾ ਵਿਆਹ ਸਾਲ 2000 ਵਿੱਚ ਲੁਧਿਆਣਾ ਦੇ ਪੱਖੋਵਾਲ ਰੋਡ ਵਾਸੀ ਜਗਪ੍ਰੀਤ ਸਿੰਘ ਉਰਫ਼ ਰਾਜੂ ਨਾਲ ਹੋਇਆ ਸੀ।


ਵਿਆਹ ਤੋਂ ਬਾਅਦ ਉਸ ਦੇ ਸਹੁਰੇ ਦਾਜ ਦੀ ਮੰਗ ਕਰਦੇ ਰਹੇ ਅਤੇ ਉਸ ਦੀ ਧੀ ਨਾਲ ਕਈ ਵਾਰ ਕੁੱਟਮਾਰ ਵੀ ਕੀਤੀ ਗਈ ਸੀ। ਲੜਕੀ ਦੇ ਪਿਤਾ ਹਿੰਮਤ ਸਿੰਘ ਨੇ ਦੱਸਿਆ ਕਿ ਉਹ ਚਾਰ ਧੀਆਂ ਦਾ ਪਿਤਾ ਹੈ, ਜਿਸ ਕਾਰਨ ਉਹ ਧੀ ਦੇ ਸਹੁਰਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਸਕਦਾ ਸੀ।

 

ਪਰਿਵਾਰ ਦੇ ਦੱਸਣ ਮੁਤਾਬਿਕ ਦੋਹਤੀ ਹਰਨੂਰਪ੍ਰੀਤ ਕੌਰ ਆਈਲੈਟਸ ਦੀ ਪੜ੍ਹਾਈ ਕਰ ਕੈਨੇਡਾ ਗਈ ਹੋਈ ਸੀ। ਜਿਸ ਨੂੰ ਬਲਵਿੰਦਰ ਕੌਰ ਜਨਵਰੀ 2022 ਵਿੱਚ ਮਿਲਣ ਗਈ ਸੀ। ਪਰ ਬਲਵਿੰਦਰ ਦਾ ਪਤੀ ਜਗਪ੍ਰੀਤ ਵੀ ਵਾਰ-ਵਾਰ ਫੋਨ ਕਰਕੇ ਕਹਿੰਦਾ ਸੀ ਕਿ ਮੈਨੂੰ ਵੀ ਕੈਨੇਡਾ ਬੁਲਾਓ।


ਜਾਣਕਾਰੀ ਮੁਤਾਬਿਕ ਜਗਪ੍ਰੀਤ ਇੱਕ ਹਫ਼ਤਾ ਪਹਿਲਾਂ 11 ਮਾਰਚ ਨੂੰ ਹੀ ਕੈਨੇਡਾ ਪਹੁੰਚਿਆ ਸੀ। ਜਿਸ ਤੋਂ ਬਾਅਦ ਉਸਨੇ ਭਿਆਨਕ ਕਾਰਵਾਈ ਨੂੰ ਅੰਜਾਮ ਦਿੱਤਾ। ਕੈਨੇਡਾ ਪਹੁੰਚਣ ਦੇ 5 ਦਿਨਾਂ ਬਾਅਦ ਹੀ ਉਸ ਨੇ ਬਲਵਿੰਦਰ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। 

 

ਕਤਲ ਦੇ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀ ਮਿਲੀ, ਪ੍ਰੰਤੂ ਦੋਸ਼ੀ ਦੀ ਕਰੂਰਤਾ ਇੰਨੀ ਭਿਆਨਕ ਸੀ ਕਿ ਉਸਨੇ ਆਪਣੀ ਪਤਨੀ ਦੇ ਕਤਲ ਦੌਰਾਨ ਵੀਡੀਓ ਬਣਾਈ ਅਤੇ  ਲੁਧਿਆਣਾ  'ਚ ਬੈਠੀ ਦੀ ਮਾਂ ਨੂੰ ਵੀ ਭੇਜ ਦਿੱਤੀ।

 

ਜਦੋਂ ਉਸ ਦੇ ਬੇਟੇ ਗੁਰਨੂਰ ਸਿੰਘ ਨੇ ਜਗਪ੍ਰੀਤ ਦੁਆਰਾ ਭੇਜੀ ਇਹ ਵੀਡੀਓ ਦੇਖੀ ਤਾਂ ਉਸ ਨੇ ਪਰਿਵਾਰ ਨੂੰ ਆਪਣੀ ਮਾਂ ਦੇ ਕਤਲ ਦੀ ਸੂਚਨਾ ਦਿੱਤੀ। ਫਿਲਹਾਲ ਬਲਵਿੰਦਰ ਕੌਰ ਦੇ ਕਾਤਲ ਜਗਪ੍ਰੀਤ ਸਿੰਘ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

 

ਮ੍ਰਿਤਕਾ ਦੇ ਪਿਤਾ ਨੇ ਕਿਹਾ ਕਿ ਹੁਣ ਉਹ ਆਪਣੀ ਬੇਟੀ ਦੀ ਮ੍ਰਿਤਕ ਦੇਹ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹ ਉਸ ਦਾ ਅੰਤਿਮ ਸੰਸਕਾਰ ਆਪਣੇ ਪਿੰਡ ਵਿੱਚ ਕਰ ਸਕਣ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ।

 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related