ਗੁਰਦਾਸ ਨੰਗਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੈਂਕੜੇ ਸਿੰਘਾਂ ਸਮੇਤ ਗ੍ਰਿਫਤਾਰੀ ਦੇ ਅਦੁੱਤੀ ਇਤਿਹਾਸ ਨੂੰ ਦਰਸਾਉਂਦੀ ਪੁਰਾਤਨ ਗੜ੍ਹੀ ਦੇ ਨਿਰਮਾਣ ਲਈ ਅੱਜ ਧਾਰਮਿਕ ਸ਼ਖ਼ਸੀਅਤਾਂ ਨੇ ਟੱਕ ਲਗਾ ਕੇ ਕਾਰ ਸੇਵਾ ਦੀ ਆਰੰਭਤਾ ਕਰਵਾਈ। ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਰਦਾਸੀਏ ਭਾਈ ਪ੍ਰੇਮ ਸਿੰਘ ਨੇ ਅਰਦਾਸ ਕੀਤੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਮੁੱਖਵਾਕ ਲਿਆ।
ਸ਼੍ਰੋਮਣੀ ਕਮੇਟੀ ਵੱਲੋਂ ਗੁਰਦਾਸ ਨੰਗਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਪੁਰਾਤਨ ਗੜ੍ਹੀ ਦੀ ਕਾਰ ਸੇਵਾ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਨੂੰ ਸੌਂਪੀ ਗਈ ਹੈ। ਕਾਰ ਸੇਵਾ ਲਈ ਨੀਂਹ ਪੱਥਰ ਤੋਂ ਪਰਦਾ ਹਟਾਉਣ ਅਤੇ ਟੱਕ ਲਗਾਉਣ ਦੀ ਸੇਵਾ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨਤਾਰਨ, ਸਾਬਕਾ ਮੰਤਰੀ ਸ. ਸੁੱਚਾ ਸਿੰਘ ਲੰਗਾਹ, ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ, ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਗੁਰਨਾਮ ਸਿੰਘ ਜੱਸਲ, ਬੀਬੀ ਜਸਬੀਰ ਕੌਰ ਜਫਰਵਾਲ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਜਰਨਲ ਮੈਨੇਜਰ ਸਰਦਾਰ ਭਗਵੰਤ ਸਿੰਘ ਧੰਗੇੜਾ ਨੇ ਨਿਭਾਈ।
ਇਸ ਤੋਂ ਪਹਿਲਾਂ ਹੋਏ ਗੁਰਮਤਿ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਗੁਰਦਾਸ ਨੰਗਲ ਵਿਖੇ ਉਸਾਰੀ ਜਾਣ ਵਾਲੀ ਪੁਰਾਤਨ ਦਿੱਖ ਵਾਲੀ ਗੜ੍ਹੀ ਸੰਗਤ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਪਹਿਲੇ ਸਿੱਖ ਰਾਜ ਦੇ ਉਸਰੱਈਏ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਅਦੁੱਤੀ ਕੁਰਬਾਨੀ ਅਤੇ ਗੁਰਦਾਸ ਨੰਗਲ ਵਿਖੇ 8 ਮਹੀਨੇ ਦੇ ਲਗਪਗ ਮੁਗਲਾਂ ਦੇ ਘੇਰੇ ਵਿਚ ਭੁੱਖਣ-ਭਾਣੇ ਰਹਿ ਕੇ ਸਿੱਦਕ ਦੇ ਨਾਲ ਜੂਝਣ ਵਾਲੇ ਸ਼ਹੀਦਾਂ ਦੇ ਇਤਿਹਾਸ ਨੂੰ ਆਪਣੇ ਅਹਿਸਾਸ ਦਾ ਹਿੱਸਾ ਬਣਾਉਣ ਵਿਚ ਸਹਾਈ ਹੋਵੇਗੀ।
ਸਾਬਕਾ ਮੰਤਰੀ ਸ. ਸੁੱਚਾ ਸਿੰਘ ਲੰਗਾਹ ਨੇ ਦੱਸਿਆ ਕਿ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਵਿਖੇ ਪੁਰਾਤਨ ਗੜ੍ਹੀ ਦੇ ਨਿਰਮਾਣ ਲਈ ਉਹ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਯਤਨ ਕਰਦੇ ਰਹੇ। ਉਨ੍ਹਾਂ ਇਸ ਕਾਰਜ ਦੀ ਆਰੰਭਤਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕੀਤਾ। ਅੰਤ੍ਰਿਗ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ ਅਤੇ ਸ. ਗੁਰਿੰਦਰਪਾਲ ਸਿੰਘ ਗੋਰਾ ਨੇ ਕਿਹਾ ਕਿ ਪੁਰਾਤਨ ਇਤਿਹਾਸ ਨੂੰ ਰੂਪਮਾਨ ਕਰਨ ਲਈ ਵਿਰਾਸਤੀ ਦਿੱਖ ਵਾਲੀ ਵਿਸ਼ਾਲ ਗੜ੍ਹੀ ਦੇ ਨਾਲ ਦਰਬਾਰ ਸਾਹਿਬ ਅਤੇ ਲੰਗਰ ਹਾਲ ਦੀ ਸੁੰਦਰ ਇਮਾਰਤ ਵੀ ਉਸਾਰੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਾਰ ਸੇਵਾ ਦੀ ਆਰੰਭਤਾ ਦੇ ਇਤਿਹਾਸਕ ਸਮਾਗਮ ਵਿਚ ਪੁੱਜੀਆਂ ਸ਼ਖ਼ਸੀਅਤਾਂ ਅਤੇ ਸੰਗਤ ਦਾ ਧੰਨਵਾਦ ਕੀਤਾ।
Comments
Start the conversation
Become a member of New India Abroad to start commenting.
Sign Up Now
Already have an account? Login