ਪੰਥਕ ਜਥੇਬੰਦੀਆਂ ਦੇ ਇੱਕ ਗਠਜੋੜ ਵੱਲੋਂ 2 ਦਸੰਬਰ, 2024 ਨੂੰ ਅਕਾਲ ਤਖ਼ਤ ਵੱਲੋਂ ਜਾਰੀ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਲਗਾਤਾਰ ਦੇਰੀ ਤੋਂ ਨਿਰਾਸ਼ ਹੋ ਕੇ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੂੰ ਤਲਬ ਕਰਨ ਦੀ ਮੰਗ ਕੀਤੀ ਗਈ ਹੈ।ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਕੱਤਰੇਤ ਬੰਦ ਹੋਣ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਮੀਤ ਮੈਨੇਜਰ ਨੂੰ ਆਪਣਾ ਮੰਗ ਪੱਤਰ ਸੌਂਪਿਆ ਅਤੇ ਇਸਦੀ ਇੱਕ ਕਾਪੀ ਜਥੇਦਾਰ ਰਘਬੀਰ ਸਿੰਘ ਨੂੰ ਮੇਲ ਵੀ ਕੀਤੀ ਗਈ।
ਜਥੇਬੰਦੀਆਂ ਨੇ ਜਥੇਦਾਰ ਰਘੁਬੀਰ ਸਿੰਘ ਦੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੋਏ ਹੁਕਮਨਾਮੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਸੰਬੰਧੀ ਲਏ ਸਪੱਸ਼ਟ ਸਟੈਂਡ ਲਈ ਸ਼ਲਾਘਾ ਵੀ ਕੀਤੀ।ਇਸਦੇ ਨਾਲ ਹੀ ਬਾਦਲ ਧੜੇ ਨੂੰ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਸੁਣਾਏ ਗਏ ਆਦੇਸ਼ਾਂ ਤੋਂ ਭਗੋੜੇ ਹੋਣ ਵਾਲੇ ਨਵੇ ਜਮਾਨੇ ਦੇ ਮਸੰਦ ਕਿਹਾ, ਜਿਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਅਤੇ ਜਥੇਦਾਰਾਂ ਦੇ ਅਧਿਕਾਰਾਂ ਤੇ ਸਵਾਲ ਖੜੇ ਕਰ ਦਿੱਤੇ ਹਨ।
ਆਗੂਆਂ ਨੇ ਕਿਹਾ ਕਿ ਬਾਦਲ ਧੜੇ ਦੀ ਰਾਜਨੀਤੀ ਕਾਰਣ ਅਕਾਲ ਤਖਤ ਸਾਹਿਬ ਦੀ ਹੋਂਦ ,ਪਰੰਪਰਾਵਾਂ ਤੇ ਸ੍ਰੋਮਣੀ ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਦੇ ਵਜੂਦ ‘ਤੇ ਪ੍ਰਸ਼ਨ ਚਿੰਨ ਲਗ ਗਿਆ ਹੈ ਤੇ ਇਸ ਦਾ ਹੱਲ ਇਹੀ ਹੈ ਦੋਸ਼ੀਆਂ ਨੂੰ ਪੰਥ ਵਿਚੋਂ ਛੇਕਿਆ ਜਾਵੇ।ਜੇਕਰ ਜਥੇਦਾਰਾਂ ਨੂੰ ਜਲੀਲ ਕਰਨ ਵਾਲੇ ਵਿਰਸਾ ਸਿੰਘ ਵਲਟੋਹਾ ਨੂੰ ਦਸ ਸਾਲ ਲਈ ਅਕਾਲੀ ਦਲ ਵਿਚੋਂ ਕਢਿਆ ਜਾ ਸਕਦਾ ਹੈ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੈਲੰਜ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਭੂੰਦੜ, ਦਲਜੀਤ ਸਿੰਘ ਚੀਮਾ, ਰਘੂਜੀਤ ਸਿੰਘ ਵਿਰਕ, ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਸਖਤ ਸਜਾ ਕਿਉ ਨਹੀਂ ਦਿਤੀ ਜਾ ਰਹੀ।
ਉਨ੍ਹਾਂ ਦੋ ਦਸੰਬਰ ਦਾ ਹੁਕਮਨਾਮਾ ਲਾਗੂ ਕਰਾਉਣ ਲਈ ,ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਦਾ ਹਲ ਲੱਭਣ ਲਈ ਪੰਥਕ ਇਕੱਠ ਬੁਲਾਉਣ ਦੀ ਵੀ ਮੰਗ ਕੀਤੀ।ਉਨ੍ਹਾਂ ਆਪਣੇ ਮੰਗ ਪੱਤਰ ‘ਚ ਸਪੱਸ਼ਟ ਕੀਤਾ ਕਿ 1925 ਦੇ ਸਿੱਖ ਗੁਰਦੁਆਰਾ ਐਕਟ ਦੇ ਅੰਤਰਗਤ ਸ਼੍ਰੋਮਣੀ ਕਮੇਟੀ ਪਾਸ ਸ੍ਰੀ ਅਕਾਲ ਤਖਤ ਅਤੇ ਹੋਰ ਤਖਤ ਜੱਥੇਦਾਰਾਂ ਦੀ ਨਿਯੁਕਤੀ ਜਾਂ ਬਰਖ਼ਾਸਤਗੀ ਦਾ ਕੋਈ ਅਧਿਕਾਰ ਨਹੀਂ ਹੈ। ਸ਼੍ਰੋਮਣੀ ਕਮੇਟੀ ਬਿਨਾਂ ਅਧਿਕਾਰ ਦੇ ਹੀ ਜੱਥੇਦਾਰਾਂ ਦੀ ਨਿਯੁਕਤੀ ਅਥਵਾ ਬਰਖਾਸਤਗੀ ਧੱਕੇ ਨਾਲ ਕਰਦੀ ਆ ਰਹੀ ਹੈ।ਗੁਰਦੁਆਰਾ ਐਕਟ ਗ੍ਰੰਥੀਆਂ, ਹੈਡ ਗ੍ਰੰਥੀਆਂ ਦੀ ਨਿਯੁਕਤੀ ਲਈ ਹੈ।ਗੁਰੂਦੁਆਰਾ ਐਕਟ ਦੀ ਧਾਰਾ 136 ਅਧੀਨ ਸ਼੍ਰੋਮਣੀ ਕਮੇਟੀ ਕੁਝ ਗੁਰੂਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਲਈ ਮਨਿਸਟਰ ਤਾਂ ਨਾਮਜ਼ਦ ਕਰ ਸਕਦੀ ਹੈ ਪਰ ਇਸ ਧਾਰਾ ਅਧੀਨ ਤਖਤਾਂ ਦੇ ਜੱਥੇਦਾਰਾਂ ਦੀ ਨਿਯੁਕਤੀ ਦੀ ਕੋਈ ਵਿਵਸਥਾ ਨਹੀਂ।
ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗਲਿਆਰੇ ਵਿੱਚ ਗੈਰ ਕਾਨੂੰਨੀ ਤੌਰ ਤੇ ਉਸਾਰੀ ਅਧੀਨ ਬਹੁਮੰਜ਼ਿਲਾ ਇਮਾਰਤਾ ਦੀ ਉਸਾਰੀ ਰੁਕਵਾਉਣ ਦੀ ਵੀ ਮੰਗ ਕੀਤੀ ਅਤੇ ਕਿਹਾ ਕਿ ਇਹ ਵਿਧਾਨ ਹੋਣਾ ਚਾਹੀਦਾ ਹੈ ਕਿ ਦਰਬਾਰ ਸਾਹਿਬ ਦੇ ਨਜ਼ਦੀਕ ਅਤੇ ਆਲੇ ਦੁਆਲੇ ਉਸਾਰੀ ਜਾਣ ਵਾਲੀ ਨਵੀਂ ਇਮਾਰਤ ਦਾ ਨਕਸ਼ਾ ਅਤੇ ਉਸਾਰੀ ਵਿਰਾਸਤੀ ਮਾਹਿਰਾਂ ਅਤੇ ਹੁਨਰਮੰਦਾਂ ਦੀ ਦੇਖ ਰੇਖ ਹੇਠ ਕਰਵਾਈ ਜਾਵੇ ।
ਇਸਦੇ ਨਾਲ ਹੀ ਸਿਖ ਧਰਮ ਦੇ ਪ੍ਰਚਾਰ ਨੂੰ ਤੇਜ ਕਰਨ ਲਈ ਸਿਖ ਪ੍ਰਚਾਰਕਾਂ ਤੇ ਸਿਖ ਬੁਧੀਜੀਵੀਆਂ ਦਾ ਇਕਠ ਬੁਲਾਕੇ ਧਰਮ ਪ੍ਰਚਾਰ ਮੁਹਿੰਮ ਨੂੰ ਸ੍ਰੋਮਣੀ ਕਮੇਟੀ ਦੀ ਅਗਵਾਈ ਵਿਚ ਸੰਗਠਿਤ ਕਰਨ ਦੀ ਗੱਲ ਵੀ ਕੀਤੀ ਗਈ।
Comments
Start the conversation
Become a member of New India Abroad to start commenting.
Sign Up Now
Already have an account? Login