ਭਾਰਤ ਵਿੱਚ ਸਯੁਕਤ ਰਾਜ ਅਮਰੀਕਾ ਦੇ ਅੰਬੈਸਡਰ ਐਰਿਕ ਗਾਰਸੇਟੀ ਅੱਜ ਆਪਣੀ ਪਤਨੀ ਐਮੀ ਵੇਕਲੈਂਡ ਅਤੇ ਪਰਿਵਾਰਕ ਮੈਂਬਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਅੰਬੈਸਡਰ ਗਾਰਸੇਟੀ ਨੇ ਪਰਿਕਰਮਾ ਕਰਦਿਆਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦਾ ਦੌਰਾ ਕੀਤਾ ਅਤੇ ਆਪਣੇ ਹੱਥੀਂ ਸੇਵਾ ਕੀਤੀ। ਉਪਰੰਤ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਕਤ ਹੋਣ ਲਈ ਗਏ, ਜਿੱਥੇ ਉਨ੍ਹਾਂ ਨੂੰ ਹਜ਼ੂਰੀ ਸਿੰਘਾਂ ਵੱਲੋਂ ਫੁੱਲਾਂ ਦਾ ਸਹਿਰਾ ਅਤੇ ਪਤਾਸ਼ਾ ਪ੍ਰਸਾਦ ਦਿੱਤਾ ਗਿਆ।
ਇਸ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਬੈਸਡਰ ਗਾਰਸੇਟੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਪੁਸਤਕਾਂ ਅਤੇ ਲੋਈ ਦੇ ਕੇ ਸਨਮਾਨ ਕੀਤਾ। ਇਸ ਤੋਂ ਪਹਿਲਾਂ ਐਡਵੋਕੇਟ ਧਾਮੀ ਅਤੇ ਅੰਬੈਸਡਰ ਗਾਰਸੇਟੀ ਨੇ ਮੁਲਾਕਾਤ ਦੌਰਾਨ ਇੱਕ ਦੂਜੇ ਨਾਲ ਵੱਖ-ਵੱਖ ਵਿਸ਼ਿਆਂ ਉੱਤੇ ਵਿਚਾਰ ਚਰਚਾ ਕੀਤੀ।
ਅੰਬੈਸਡਰ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਉਨ੍ਹਾਂ ਨੂੰ ਸਯੁਕਤ ਰਾਜ ਅਮਰੀਕਾ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਾਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾ ਸ਼ੁਰੂ ਕਰਨ ਲਈ ਆਖਿਆ। ਇਸ ਪ੍ਰਤੀ ਅੰਬੈਸਡਰ ਨੇ ਸਕਾਰਾਤਮਕ ਹੁੰਗਾਰਾ ਭਰਿਆ।
ਅੰਬੈਸਡਰ ਗਾਰਸੇਟੀ ਨੇ ਆਪਣੀ ਫੇਰੀ ਬਾਰੇ ਯਾਤਰੀ ਸਮਰਿਤੀ ਵਿੱਚ ਲਿਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਸਾਰ ਭਰ ਦੇ ਕੁਝ ਕੁ ਨਿਰੋਲ ਧਾਰਮਿਕ ਅਸਥਾਨਾਂ ਵਿੱਚੋਂ ਅੱਵਲ ਨੰਬਰ ਉੱਤੇ ਹੈ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਤੁਸੀਂ ਕੇਵਲ ਇਸ ਅਸਥਾਨ ਦੀ ਰੂਹਾਨੀਅਤ ਹੀ ਨਹੀਂ ਮਹਿਸੂਸ ਕਰਦੇ ਸਗੋਂ ਇੱਥੋਂ ਦੀ ਲੋਕਾਂ ਲਈ ਉਦਾਰ ਸੇਵਾ ਭਾਵਨਾ ਇਹ ਪਰਿਭਾਸ਼ਿਤ ਕਰਦੀ ਹੈ ਕਿ ਸੰਸਾਰ ਕਿਵੇਂ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਅਰਦਾਸ ਕੀਤੀ ਕਿ ਸੰਯੁਕਤ ਰਾਜ ਅਮਰੀਕਾ ਅਤੇ ਸਿੱਖਾਂ ਵਿਚਕਾਰ ਡੂੰਘੀ ਦੋਸਤੀ ਸੰਸਾਰ ਵਿੱਚ ਹਮੇਸ਼ਾ ਸ਼ਾਂਤੀ ਲਿਆਵੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਅਮਰੀਕਾ ਦੇ ਅੰਬੈਸਡਰ ਐਰਿਕ ਗਾਰਸੇਟੀ ਦੇ ਇੱਥੇ ਪੁੱਜਣ ’ਤੇ ਉਨ੍ਹਾਂ ਦਾ ਮਾਨ-ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਬੈਸਡਰ ਗਾਰਸੇਟੀ ਨੇ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਦੇ ਗ੍ਰਹਿ ਸੂਬੇ ਕੈਲੀਫੋਰਨੀਆ ਵਿਖੇ ਵੱਡੀ ਗਿਣਤੀ ਵਿੱਚ ਸਿੱਖ ਰਹਿੰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਚੰਗੀ ਅਤੇ ਪੁਰਾਣੀ ਸਾਂਝ ਹੈ। ਐਡਵੋਕੇਟ ਧਾਮੀ ਨੇ ਕਿਹਾ ਅੰਬੈਸਡਰ ਗਾਰਸੇਟੀ ਨੂੰ ਆਖਿਆ ਗਿਆ ਹੈ ਕਿ ਉਹ ਅਮਰੀਕਾ ਤੋਂ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਵਿਸ਼ੇਸ਼ ਯਤਨ ਕਰਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰਾ ਰਹਿੰਦਾ ਹੈ, ਜਿਨ੍ਹਾਂ ਨੂੰ ਅੰਮ੍ਰਿਤਸਰ ਲਈ ਸਿੱਧੀ ਉਡਾਣਾਂ ਸ਼ੁਰੂ ਹੋਣ ਨਾਲ ਕਾਫੀ ਸਹੂਲਤ ਮਿਲੇਗੀ ਅਤੇ ਨਵੀਂ ਦਿੱਲੀ ਤੋਂ ਪੰਜਾਬ ਆਉਣ ਦੇ ਖਰਚੇ ਅਤੇ ਟ੍ਰੈਫਿਕ ਵਿੱਚ ਹੁੰਦੀ ਖੱਜਲ ਖੁਆਰੀ ਤੋਂ ਵੀ ਬਚਣਗੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਜਸਵਿੰਦਰ ਸਿੰਘ ਜੱਸੀ, ਸ. ਸ਼ਾਹਬਾਜ਼ ਸਿੰਘ, ਮੈਨੇਜਰ ਸ. ਸਤਨਾਮ ਸਿੰਘ ਰਿਆੜ, ਸ. ਨਰਿੰਦਰ ਸਿੰਘ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਸ. ਰਣਧੀਰ ਸਿੰਘ, ਸ. ਜਤਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login