ADVERTISEMENTs

ਜਲੰਧਰ ’ਚ ਕੈਦ ਰੱਖੇ ਕਿਸਾਨ ਆਗੂ ਡੱਲੇਵਾਲ ਨੇ ਪਾਣੀ ਤੇ ਦਵਾਈ ਲੈਣਾ ਛੱਡਿਆ

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕਾਰਵਾਈ ਨੂੰ ਜਾਇਜ਼ ਠਹਿਰਾਇਆ

ਕੇਂਦਰੀ ਵਫ਼ਦ ਨਾਲ ਗੱਲਬਾਤ ਤੋਂ ਬਾਅਦ ਕਿਸਾਨ ਆਗੂਆਂ ਨੂੰ ਕੀਤਾ ਗ੍ਰਿਫ਼ਤਾਰ, ਮੋਰਚੇ ਪੁੱਟੇ / ਜੇਕੇ ਸਿੰਘ

ਲਗਭਗ 399 ਦਿਨ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਲਗਾਤਾਰ ਚੱਲੇ ਕਿਸਾਨੀ ਸੰਘਰਸ਼ ਵਿੱਚ ਉਦੋਂ ਵੱਡਾ ਮੋੜ ਆਇਆ ਜਦੋਂ ਬੁੱਧਵਾਰ ਨੂੰ ਕੇਂਦਰੀ ਮੰਤਰੀਆਂ ਦੇ ਵਫ਼ਦ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਤੋਂ ਪਰਤ ਰਹੇ ਕਿਸਾਨ ਆਗੂਆਂ ਨੂੰ ਅਚਾਨਕ ਪੰਜਾਬ ਪੁਲਿਸ ਨੇ ਸੂਬੇ ਦੀ ਹੱਦ ਅੰਦਰ ਵੜਦਿਆਂ ਹੀ ਗ੍ਰਿਫ਼ਤਾਰ ਕਰ ਲਿਆ। ਇਸ ਕਾਰਵਾਈ ਤਹਿਤ ਲਗਭਗ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਸਮੇਤ ਲਗਭਗ 400 ਸੰਘਰਸ਼ਮਈ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਕਿਸਾਨ 13 ਫ਼ਰਵਰੀ 2024 ਤੋਂ ਲੈ ਕੇ ਲਗਾਤਾਰ ਇਨ੍ਹਾਂ ਬਾਰਡਰਾਂ ਉੱਤੇ ਧਰਨੇ ਉੱਤੇ ਬੈਠੇ ਸਨ।

ਇਸ ਕਾਰਵਾਈ ਤੋਂ ਬਾਅਦ ਤੁਰੰਤ ਹੀ ਪੰਜਾਬ ਸਰਕਾਰ ਵੱਲੋਂ ਭਾਰੀ ਪੁਲਿਸ ਬਲ ਨੂੰ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਤਾਇਨਾਤ ਕੀਤਾ ਗਿਆ ਅਤੇ ਦੋਵੇਂ ਥਾਵਾਂ ਤੋਂ ਰਾਤੋ-ਰਾਤ ਕਿਸਾਨਾਂ ਦੇ ਮੋਰਚੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਪੁੱਟ ਦਿੱਤੇ ਗਏ। ਇਸ ਦੌਰਾਨ ਪੁਲਿਸ ਵੱਲੋਂ ਕਿਸਾਨਾਂ ਦੇ ਟ੍ਰੈਕਟਰ ਟਰਾਲੀਆਂ, ਟੈਂਟ, ਕੈਂਪ, ਟੀਨਾਂ ਆਦਿ ਮੋਰਚਿਆਂ ਵਾਲੀ ਥਾਂ ਤੋਂ ਪੁੱਟ ਦਿੱਤੇ ਗਏ। ਇਹ ਕਾਰਵਾਈ ਆਪ ਸਰਕਾਰ ਦੇ ਮੰਤਰੀਆਂ ਵੱਲੋਂ ਕਿਸਾਨਾਂ ਨਾਲ ਧਰਨੇ ਅਤੇ ਕਿਸਾਨ ਆਗੂਆਂ ਨੂੰ ਤੰਗ ਪਰੇਸ਼ਾਨ ਨਾ ਕੀਤੇ ਜਾਣ ਦੇ ਵਾਅਦੇ ਦੇ ਬਾਵਜੂਦ ਕੀਤੀ ਗਈ।

ਪਿਛਲੇ ਸਾਲ ਫ਼ਰਵਰੀ ਤੋਂ ਬਾਅਦ ਬੁੱਧਵਾਰ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਵਫ਼ਦ - ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਯਲ, ਸ਼ਾਮਨ ਸਨ, ਨਾਲ ਸੱਤਵੇਂ ਗੇੜ ਦੀ ਗੱਲ ਬਾਤ ਹੋਈ। ਮੀਟਿੰਗ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਸ਼ਾਮਲ ਸਨ। ਇਸ ਬੈਠਕ ਦੌਰਾਨ ਕਿਸਾਨਾਂ ਦੀ ਮੁੱਖ ਮੰਗ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦਿੰਦਾ ਕਾਨੂੰਨ ਉੱਤੇ ਚਰਚਾ ਹੋਈ। ਇਕੱਤਰਤਾ ਤੋਂ ਬਾਅਦ ਕਿਸਾਨ ਆਗੂਆਂ ਦਾ ਕਾਫ਼ਲਾ ਸ਼ੰਭੂ ਬਾਰਡਰ ਲਈ ਨਿਕਲਿਆ ਜਿੱਥੋਂ ਡੱਲੇਵਾਲ ਅਤੇ ਹੋਰ ਆਗੂਆਂ ਨੂੰ ਖਨੌਰੀ ਲਈ ਜਾਣਾ ਸੀ। ਹਾਲਾਂਕਿ ਉਨ੍ਹਾਂ ਨੂੰ ਚੰਡੀਗੜ੍ਹ ਦੀ ਹੱਦ ਤੋਂ ਨਿਕਦਿਆਂ ਹੀ ਮੁਹਾਲੀ ਵੜਦਿਆਂ ਹੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਜਦੋਂ ਦੋਵੇਂ ਮੁੱਖ ਆਗੂ ਪੰਧੇਰ ਅਤੇ ਡੱਲੇਵਾਲ ਗ੍ਰਿਫ਼ਤਾਰ ਕਰ ਲਏ ਗਏ ਤਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਨੂੰ ਬਾਰਡਰਾਂ ਵੱਲ ਭੇਜ ਕੇ ਮੋਰਚੇ ਪੁੱਟਣ ਦੀ ਕਾਰਵਾਈ ਮੁਕੰਮਲ ਕੀਤੀ ਗਈ।

ਇਕੱਤਰਤਾ ਤੋਂ ਬਾਅਦ ਚੰਡੀਗੜ੍ਹ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ਬਹੁਤ ਸਦਭਾਵਪੂਰਣ ਵਾਤਾਵਰਣ ਵਿੱਚ, ਉਦੇਸ਼ਪੂਰਨ ਤੇ ਸਕਾਰਾਤਮਕ ਚਰਚਾ ਹੋਈ ਹੈ। ਚਰਚਾ ਜਾਰੀ ਰਹੇਗੀ। ਅਗਲੀ ਬੈਠਕ ਮਈ ਨੂੰ ਹੋਵੇਗੀ।

ਪੰਜਾਬ ਸਰਕਾਰ ਦੀ ਕਾਰਵਾਈ ਦੌਰਾਨ ਕਈ ਕਿਸਾਨਾਂ ਦੀਆਂ ਦਸਤਾਰਾਂ ਉੱਤਰੀਆਂ ਅਤੇ ਧਰਨ ਖਾਲੀ ਕਰਵਾਉਣ ਵਾਲੀ ਕਾਰਵਾਈ ਦੌਰਾਨ ਪੁਲਿਸ ਨਾਲ ਛੋਟੇ ਮੋਟੇ ਝਗੜੇ ਵੀ ਹੋਏ। ਪੁਲਿਸ ਵੱਲੋਂ ਕਾਰਵਾਈ ਦੀ ਵਿਉਂਦਬੰਦੀ ਇਸ ਤਰ੍ਹਾਂ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਕਿਸਾਨਾਂ ਵੱਲੋਂ ਸਖ਼ਤ ਵਿਰੋਧ ਨਾ ਕਰਨੇ ਝੱਲਣਾ ਪਵੇ।

ਇਸ ਕਾਰਵਾਈ ਦਾ ਮੁੱਢ ਬੀਤੀ 3 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਸਾਨਾਂ ਵਿਰੁੱਧ ਪ੍ਰਗਟ ਹੋਇਆ ਗੁੱਸਾ ਮੰਨਿਆ ਜਾ ਰਿਹਾ ਹੈ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਗੱਲਬਾਤ ਤੇ ਧਰਨੇ ਨਾਲ-ਨਾਲ ਨਹੀਂ ਚੱਲ ਸਕਦੇ। ਬੁੱਧਵਾਰ ਦੀ ਕਾਰਵਾਈ ਨੂੰ ਡੀਆਈਜੀ ਪੱਧਰ ਦੇ ਅਧਿਕਾਰੀਆਂ ਨੇ ਅਗਵਾਈ ਕੀਤੀ ਜਦੋਂਕਿ ਐੱਸਐੱਸਪੀ ਤੇ ਐੱਸਪੀ ਪੱਧਰ ਦੇ ਅਧਿਕਾਰੀਆਂ ਨੂੰ ਜੇਸੀਬੀ ਅਤੇ ਹੋਰ ਮਸ਼ੀਨਰੀ ਦੀ ਮਦਦ ਨਾਲ ਮੋਰਚੇ ਖਾਲੀ ਕਰਵਾਉਣ ਦੀ ਡਿਊਟੀ ਸੌਂਪੀ ਗਈ ਸੀ। 

ਇਸ ਦੌਰਾਨ ਖਨੌਰੀ ਬਾਰਡਰ ਉੱਤੇ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਵੀ ਮਰਯਾਦਾ ਅਤੇ ਸਤਿਕਾਰ ਨਾਲ ਧਰਨੇ ਵਾਲੀ ਥਾਂ ਤੋਂ ਲਿਜਾਇਆ ਗਿਆ।

ਪੰਜਾਬ ਪੁਲਿਸ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹਰਿਆਣਾ ਪੁਲਿਸ ਨੇ ਵੀ ਆਪਣੇ ਵਾਲੇ ਪਾਸਿਓਂ ਲਗਾਏ ਗਏ ਸੀਮੰਟ ਦੇ ਬੈਰੀਕੇਟ ਅਤੇ ਕੰਧਾਂ ਢਾਹੁਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਜਲਦ ਤੋਂ ਜਲਦ ਹਾਈਵੇਅ ਨੂੰ ਆਮ ਆਵਾਜਾਈ ਲਈ ਖੋਲ੍ਹਿਆ ਜਾ ਸਕੇ। ਅੰਬਾਲਾ ਦੇ ਐੱਸਪੀ ਸੁਰਿੰਦਰ ਸਿੰਘ ਭੋਰੀਆ ਨੇ ਕਿਹਾ ਕਿ ਵੀਰਵਾਰ ਸ਼ਾਮ ਤੱਕ ਸ਼ੰਭੂ ਬਾਰਡਰ ਰਾਹੀਂ ਦੋਵੇਂ ਪਾਸਿਓਂ (ਪੰਜਾਬ ਅਤੇ ਹਰਿਆਣਾ) ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ।

ਡੱਲੇਵਾਲ ਨੇ ਪਾਣੀ ਤੇ ਦਵਾਈ ਲੈਣਾ ਛੱਡਿਆ

ਜਲੰਧਰ ਕੈਂਟ ਵਿਖੇ ਗ੍ਰਿਫ਼ਤਾਰੀ ਵਿੱਚ ਕੈਦ ਕੀਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਪਹਿਲਾਂ ਲੰਮਾ ਸਮਾਂ ਭੁੱਖ ਹੜਤਾਲ ਰੱਖੀ, ਨੇ ਹੁਣ ਰੋਸ ਵਜੋਂ ਮੂੰਹ ਰਾਹੀਂ ਪਾਣੀ ਅਤੇ ਦਵਾਈਆਂ ਲੈਣੀਆਂ ਵੀ ਬੰਦ ਕਰ ਦਿੱਤੀਆਂ ਹਨ। 

ਆਪ ਸਰਕਾਰ ਨੇ ਕਿਹਾ ਕਾਰਵਾਈ ਜਾਇਜ਼

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਕਾਰਵਾਈ ਨੂੰ ਜਾਇਜ਼ ਠਹਿਰਾਇਆ ਹੈ, ਇਹ ਕਹਿੰਦਿਆਂ ਕਿ ਦੋਵੇਂ ਹੱਦਾਂ (ਸ਼ੰਭੂ ਅਤੇ ਖਨੌਰੀ) ਪੰਜਾਬ ਦੀ ਮੁੱਖ ਧਾਰਾ ਹਨ ਜਿਸ ਨਾਲ ਸੂਬੇ ਦੇ ਉਦਯੋਗ ਅਤੇ ਵਪਾਰ ਉੱਤੇ ਨੁਕਸਾਨ ਵਾਲਾ ਪ੍ਰਭਾਵ ਪੈ ਰਿਹਾ ਸੀ। ਸਰਕਾਰ ਵੱਲੋਂ ਕਿਹਾ ਗਿਆ ਕਿ ਧਰਨਿਆਂ ਕਾਰਨ ਆਮ ਲੋਕਾਂ ਨੂੰ ਵੀ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੰਜਾਬ ਦੇ ਮੰਤਰੀਆਂ ਨੇ ਕਿਸਾਨਾਂ ਨੂੰ ਉਨ੍ਹਾਂ ਦਾ ਧਰਨਾ ਪੰਜਾਬ ਦੇ ਹਾਈਵੇਅ ਬੰਦ ਕਰਨ ਦੀ ਬਜਾਏ ਦਿੱਲੀ ਲੈ ਕੇ ਜਾਣ ਨੂੰ ਕਿਹਾ। ਸੂਤਰਾਂ ਅਨੁਸਾਰ ਬੁੱਧਵਾਰ ਨੂੰ ਸੂਬਾ ਸਰਕਾਰ ਦੇ ਨੁਮਾਇੰਦਿਆਂ ਦੁਆਰਾ ਕਿਸਾਨਾਂ ਨੂੰ ਆਪਣੇ ਧਰਨੇ ਚੁੱਕਣ ਅਤੇ ਥਾਂ ਖਾਲੀ ਕਰਨ ਲਈ ਆਖਰੀ ਵਾਰ ਮਨਾਉਣ ਦੀ ਕੋਸ਼ਿਸ਼ ਕੇਂਦਰੀ ਮੰਤਰੀਆਂ ਦੇ ਸਾਹਮਣੇ ਇਕੱਤਰਤਾ ਵਿੱਚ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿਖੇ ਸਨਅਤਕਾਰੀਆਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੇ ਵਿਚਾਰ ਹਾਸਲ ਕੀਤੇ ਸਨ। ਪੰਜਾਬ ਦੇ ਸਨਅਤਕਾਰ ਇਹ ਗੱਲ ਕਰਦੇ ਆ ਰਹੇ ਸਨ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਬੰਦ ਹੋਣ ਕਾਰਨ ਉਨ੍ਹਾਂ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਨੂੰ ਸਮਰਥਨ ਦੇਣ ਦੀ ਗੱਲ ਆਖਦਿਆਂ ਕਿਹਾ ਕਿ ਕਿਸਾਨਾਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਚਨਾ ਚਾਹੀਦਾ ਹੈ ਜਿਸ ਨਾਲ ਪੰਜਾਬ ਦੇ ਵਪਾਰ ਅਤੇ ਉਦਯੋਗ ਖੇਤਰਾਂ ਉੱਤੇ ਮੰਦਾ ਅਸਰ ਪੈਂਦਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਜੰਗ ਲੜ ਰਹੀ ਹੈ ਅਤੇ ਇਸ ਵਾਸਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਜ਼ਰੂਰੀ ਹੈ। ਪਰ ਜੇਕਰ ਉਦਯੋਗ ਨਹੀਂ ਚੱਲਣਗੇ ਅਤੇ ਵਪਾਰ ਰੁਕੇਗਾ ਤਾਂ ਨੌਜਵਾਨਾਂ ਵਾਸਤੇ ਨੌਕਰੀਆਂ ਕਿਵੇਂ ਬਣਨਗੀਆਂ। ਉਨ੍ਹਾਂ ਕਿਹਾ ਕਿ ਰੁਜ਼ਗਾਰ ਤੋਂ ਬਿਨਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਵਪਾਰ ਤੇ ਉਦਯੋਗ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ ਅਤੇ ਹਾਈਵੇਅ ਬੰਦ ਹੋਣ ਨਾਲ ਦੋਵਾਂ ਉੱਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ।

ਪੰਜਾਬ ਸਰਕਾਰ ਦੀ ਕਾਰਵਾਈ ਦੀ ਚੁਤਰਫ਼ੋਂ ਨਿੰਦਾ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਪੁਲਿਸ ਸਟੇਟ ਬਣਨ ਵਾਲ ਵਧ ਰਿਹਾ ਹੈ। ਜਿਹੜੀ ਸਰਕਾਰ ਧਰਨਿਆਂ ਵਿੱਚੋਂ ਨਿਕਲੀ ਅੱਜ ਉਹ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਕੁਚਲ ਰਹੀ ਹੈ।

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੋ ਕਿ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਅੰਦਰ ਕੈਂਪ ਲਾ ਕੇ ਬੈਠਾ ਹੈ ਇਹ ਸਾਰੀ ਸਾਜ਼ਸ਼ ਉਹ ਘੜ ਰਿਹਾ ਹੈ। ਇਹ ਕਾਰਵਾਈ ਲੁਧਿਆਣਾ ਵੈਸਟ ਵਿਧਾਨ ਸਭਾ ਦੀ ਜਿਮਨੀ ਚੋਣ ਦੇ ਮੱਦੇਨਜ਼ਰ ਸ਼ਹਿਰੀ ਲੋਕਾਂ ਨੂੰ ਖੁਸ਼ ਕਰਨ ਲਈ ਕੀਤੀ ਗਈ ਹੈ।

ਕਾਂਗਰਸ ਆਗੂ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਥਾਂ ਆਪ ਸਰਕਾਰ ਨੇ ਧਰਨਾ ਦੇਣ ਦੇ ਲੋਕਤੰਤਰਿਕ ਹੱਕ ਨੂੰ ਬਲ ਨਾਲ ਦਬਾਇਆ ਹੈ। 

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਕਾਰਵਾਈਆਂ ਸਿੱਧਾ ਧੋਖਾ ਹੈ ਜਿਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਭਾਜਪਾ ਨਾਲ ਗੰਢਤੁੱਪ ਨਸ਼ਰ ਹੋ ਗਈ ਹੈ।

 

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਵਾਸਤੇ ਬਹੁਤ ਸ਼ਰਮ ਵਾਲੀ ਦਿਨ ਹੈ ਜਦੋਂ ਕਿਸਾਨ ਆਗੂਆਂ ਨੂੰ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਧੋਖੇ ਨਾਲ ਗ੍ਰਿਫ਼ਤਾਰ ਕੀਤਾ ਗਿਆ।

 
 
 
 

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related