ਕਿਸਾਨਾਂ ਵੱਲੋਂ ਸ਼ਾਂਤਮਈ ਆਪਣੀਆਂ ਹੱਕੀ ਮੰਗਾਂ ਲਈ 13 ਫਰਵਰੀ ਤੋਂ ਸ਼ੰਭੂ ਖਨੌਰੀ ਅਤੇ ਰਤਨਪੁਰਾ ਦੇ ਬਾਰਡਰਾਂ ਉੱਪਰ ਅੰਦੋਲਨ ਲੜਿਆ ਜਾ ਰਿਹਾ ਹੈ। ਜਿਸ ਉਪਰੰਤ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਾਂ ਕਰਨ ਦੇ ਕਾਰਨ ਕਿਸਾਨ ਮਰਨ ਵਰਤ ਉਪਰ ਬੈਠ ਗਏ ਸਨ।
ਕਿਸਾਨ ਮੋਰਚੇ ਵੱਲੋਂ ਜਾਰੀ ਪ੍ਰੈਸ ਬਿਆਨ ਮੁਤਾਬਿਕ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੱਲ ਆਪਣੀ ਜ਼ਮੀਨ ਜਾਇਦਾਦ ਆਪਣੇ ਪਰਿਵਾਰ ਦੇ ਨਾਮ ਕਰਵਾ ਦਿੱਤੀ ਗਈ। ਜਿਸ ਕਾਰਨ ਪੰਜਾਬ ਹਰਿਆਣਾ ਅਤੇ ਕੇਂਦਰ ਸਰਕਾਰ ਵੱਲੋਂ ਤੜਕਸਾਰ ਸੁੱਤੇ ਪਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬਿਨਾਂ ਪੱਗ ਤੋਂ ਧੱਕੇ ਨਾਲ ਧਾਰਮਿਕ ਕਕਾਰਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਕਰਦੇ ਹੋਏ ਗ੍ਰਿਫਤਾਰ ਕਰਕੇ ਡੀਐਮਸੀ ਹਸਪਤਾਲ ਵਿੱਚ ਡਿਟੇਨ ਕਰ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚੇ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਅੱਜ 26 ਨਵੰਬਰ ਨੂੰ ਹੀ ਜਗਜੀਤ ਸਿੰਘ ਡੱਲੇਵਾਲ ਵੱਲੋਂ ਹਸਪਤਾਲ ਵਿੱਚ ਹੀ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸਰਦਾਰ ਸੁਖਜੀਤ ਸਿੰਘ ਹਰਦੋਝੰਡੇ ਵੱਲੋਂ ਖਨੌਰੀ ਬਾਰਡਰ ਉੱਪਰ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਹ ਸ਼ਹਾਦਤਾਂ ਦੀ ਲੜੀ ਉਸ ਸਮੇਂ ਤੱਕ ਜਾਰੀ ਰਹੇਗੀ, ਜਦੋਂ ਤੱਕ ਭਾਰਤ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਅਤੇ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਲਾਗੂ ਨਹੀਂ ਕੀਤਾ ਜਾਂਦਾ।
ਕਿਸਾਨ ਆਗੂਆਂ ਅੱਗੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸਾਰੀ ਦੁਨੀਆ ਵਿੱਚ ਭਾਰਤ ਦੇ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੋਣ ਦੀ ਗੱਲ ਆਖੀ ਜਾਂਦੀ ਹੈ ਪਰ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਭਾਰਤੀ ਸੰਵਿਧਾਨ ਵੱਲੋਂ ਲੋਕਤਾਂਤਰਿਕ ਢੰਗ ਨਾਲ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਆਪਣੀਆ ਹੱਕੀ ਮੰਗਾਂ ਲਈ ਆਵਾਜ਼ ਚੁੱਕਣ ਨਹੀਂ ਦਿੱਤੀ ਜਾ ਰਹੀ।
13 ਫਰਵਰੀ 2024 ਤੋਂ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਖਨੌਰੀ,ਸ਼ੰਭੂ ਅਤੇ ਰਤਨਪੁਰਾ ਦੇ ਬਾਰਡਰਾ ਉੱਪਰ ਐਮ.ਐਸ.ਪੀ ਦਾ ਗਾਰੰਟੀ ਕਾਨੂੰਨ, ਕਿਸਾਨਾਂ-ਮਜ਼ਦੂਰਾਂ ਦੀ ਕੁੱਲ ਕਰਜ ਮੁਕਤੀ,ਸਵਾਮੀਨਾਥਨ ਕਮਿਸ਼ਨ ਦੇ C²+50 ਫਾਰਮੁਲੇ ਅਨੁਸਾਰ ਫਸਲਾ ਦੇ ਭਾਅ, 2013 ਦਾ ਭੂਮੀ ਅਧਿਗ੍ਰਹਿਣ ਕਾਨੂੰਨ ਲਾਗੂ ਕਰਨ, ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ 200 ਦਿਨ ਰੁਜ਼ਗਾਰ ਦੇਣ ਅਤੇ ਮਨਰੇਗਾ ਨੂੰ ਖੇਤੀ ਨਾਲ ਜੋੜਨ,ਮਸਾਲੇ ਕਮਿਸ਼ਨ ਦੇ ਗਠਨ ਸਮੇਤ ਹੋਰ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੰਦੋਲਨ ਲੜਿਆ ਜਾ ਰਿਹਾ ਹੈ,
ਕਿਸਾਨ ਆਗੂਆਂ ਨੇ ਕਿਹਾ ਜੋ BJP ਦੀ ਸਰਕਾਰ ਵੱਲੋ 2014 ਵਿੱਚ ਡਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਵਾਅਦੇ ਨਾਲ ਹੀ ਸੱਤਾ ਵਿੱਚ ਆਈ ਸੀ ਅਤੇ ਉਸ ਤੋਂ ਬਾਅਦ 2018 ਵਿੱਚ ਵੀ ਇਸ ਸਰਕਾਰ ਵੱਲੋਂ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ C²+50 ਦੇ ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਸ ਤੋਂ ਬਾਅਦ ਕਿਸਾਨ ਅੰਦੋਲਨ ਦੌਰਾਨ ਵੀ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆ ਮੰਗਾਂ ਲਿਖਤ ਵਿੱਚ ਮੰਨੀਆਂ ਗਈਆਂ ਸਨ ਪਰ ਕੇਂਦਰ ਸਰਕਾਰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀ ਕਰ ਰਹੀ ਹੈ। ਜਿਸ ਕਾਰਨ SKM ਗੈਰ-ਸਿਆਸੀ ਅਤੇ KMM ਵੱਲੋਂ ਸਖਤ ਫੈਸਲਾ ਲੈਂਦੇ ਹੋਏ ਮਰਨ ਵਰਤ ਦਾ ਫੈਸਲਾ ਲਿਆ ਗਿਆ ਸੀ।
ਕਿਸਾਨ ਆਗੂਆਂ ਨੇ ਹੱਕਾਂ ਲਈ ਲੜਨ ਵਾਲੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸੁਖਜੀਤ ਸਿੰਘ ਹਰਦੋ ਝੰਡੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਅਤੇ ਉਹਨਾਂ ਦੇ ਬੱਚਿਆਂ ਦੇ ਭਵਿੱਖ ਲਈ ਆਪਣੀ ਜਾਨ ਦਾਅ 'ਤੇ ਲਗਾ ਦਿੱਤੀ ਹੈ। ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦਾ ਸਾਥ ਦੇਈਏ ਅਤੇ ਖਨੌਰੀ ਮੋਰਚੇ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਈਏ।
Comments
Start the conversation
Become a member of New India Abroad to start commenting.
Sign Up Now
Already have an account? Login