ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਸਬੰਧੀ ਬਣਾਈ ਗਈ 7-ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ 4 ਫ਼ਰਵਰੀ ਨੂੰ ਪਟਿਆਲਾ ਵਿਖੇ ਹੋਈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆਂ ਨੂੰ ਈਰਖਾ ਅਤੇ ਹੰਕਾਰ ਨੂੰ ਤਿਆਗ ਕੇ ਇੱਕਜੁੱਟਤਾ ਨਾਲ ਚੱਲਣ ਲਈ ਕਿਹਾ ਸੀ ਅਤੇ ਇਸ 7-ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਭਾਰਤ ਅੰਦਰ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਆਦੇਸ਼ ਕੀਤਾ ਸੀ। ਕਮੇਟੀ ਦੀ ਪਹਿਲੀ ਮੀਟਿੰਗ ਇਸ ਦੇ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੀਟਿੰਗ 'ਚ ਕਮੇਟੀ ਦੇ 7 ਮੈਂਬਰ - ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰੀ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਭਾਈ ਅਮਰੀਕ ਸਿੰਘ ਦੀ ਸਪੁੱਤਰੀਬੀਬੀ ਸਤਵੰਤ ਕੌਰ ਸ਼ਾਮਲ ਹੋਏ।
ਮੀਟਿੰਗ ਤੋਂ ਬਾਅਦ ਐਡਵੋਕੇਟ ਧਾਮੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ 7-ਮੈਂਬਰੀ ਕਮੇਟੀ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਮੀਟਿੰਗ ਕੀਤੀ ਗਈ, ਜਿਸ ਦੌਰਾਨ ਆਪਸੀ ਸਹਿਮਤੀ ਦੇਖੀ ਗਈ ਹੈ। ਉਨ੍ਹਾਂ ਕਿਹਾ ਕਿ 7-ਮੈਂਬਰੀ ਕਮੇਟੀ ਨੂੰ ਸ਼ੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਅਗਵਾਈ ਕਰਨ ਦਾ ਆਦੇਸ਼ ਹੋਇਆ ਹੈ, ਜਿਸ ਦਾ ਉਹ ਸਤਿਕਾਰ ਕਰਦੇ ਹਨ। ਮੀਟਿੰਗ ’ਚ ਕੀਤੇ ਗਏ ਫੈਸਲਾ ਬਾਰੇ ਐਡਵੋਕੇਟ ਧਾਮੀ ਨੇ ਕਿਹਾ ਕਿ 11 ਫ਼ਰਵਰੀ ਨੂੰ ਪਟਿਆਲਾ ਵਿਖੇ ਹੀ ਦੁਬਾਰਾ ਮੀਟਿੰਗ ਹੋਵੇਗੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਆਉਣ ਲਈ ਸੱਦਾ ਦਿੱਤਾ ਗਿਆ ਹੈ। ਉਸ ਦਿਨ ਮੀਟਿੰਗ ਤੋਂ ਬਾਅਦ ਪ੍ਰੈੱਸ ਰਾਹੀਂ ਅਗਲੇਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਸਿੱਖ-ਵਿਰੋਧੀ ਗੁਨਾਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿੱਚ ਫੇਲ੍ਹ ਹੋਣ, ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਆਦਿ ਕਈ ਮਾਮਲਿਆਂ ਦੇ ਸਬੰਧ ਵਿੱਚ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਈ ਸੀ। ਅਕਾਲ ਤਖ਼ਤ ਦੀ ਫਸੀਲ ਤੋਂ ਪੰਜ ਜਥੇਦਾਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਨਖਾਹ ਲਗਾਉਣ ਤੋਂ ਇਲਾਵਾ ਪਾਰਟੀ ਦੀ ਨਵੀਂ ਭਰਤੀ ਦੀ ਨਿਗਰਾਨੀ ਵਾਸਤੇ 7-ਮੈਂਬਰੀ ਕਮੇਟੀ ਬਣਾ ਕੇ ਭਰਤੀ ਮੁਕੰਮਲ ਕਰਨ ਅਤੇ ਅਕਾਲੀ ਦਲ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਨ ਦੇ ਆਦੇਸ਼ ਦਿੱਤੇ ਗਏ ਸਨ।
Comments
Start the conversation
Become a member of New India Abroad to start commenting.
Sign Up Now
Already have an account? Login