ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦੀ ਸੈਕਰਾਮੈਂਟੋ, ਅਮਰੀਕਾ ਤੋਂ ਗ੍ਰਿਫ਼ਤਾਰੀ ਸਿੱਖ ਭਾਈਚਾਰੇ ਵਿਚ ਚਿੰਤਾ ਦਾ ਕਾਰਣ ਬਣੀ ਹੈ। ਐੱਫਬੀਆਈ ਡਾਇਰੈਕਟਰ ਕੈਸ਼ ਪਟੇਲ ਦੇ ਬਿਆਨ ਅਨੁਸਾਰ ਇਹ ਸਿਰਫ਼ ਸ਼ੁਰੂਆਤ ਹੈ ਤੇ ਅਜੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
ਨਿਊ ਇੰਡੀਆ ਅਬਰੋਡ ਦੇ ਸੰਪਾਦਕ ਡਾ. ਸੁਖਪਾਲ ਸਿੰਘ ਧਨੋਆ ਨੇ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਅਤੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਆਡਿਓ ਲੀਕ ਮਾਮਲੇ ਵਿੱਚ ਸਿੱਖਸ ਆਫ਼ ਅਮਰੀਕਾ ਦੇ ਆਗੂ ਤੇ ਸਿਆਸੀ ਵਿਸ਼ਲੇਸ਼ਕ ਜਸਦੀਪ ਸਿੰਘ ਜੈਸੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ, ਜਿਸ ਵਿੱਚ ਇਨ੍ਹਾਂ ਮਾਮਲਿਆਂ ਬਾਰੇ ਅਮਰੀਕਾ ਦੇ ਸਿੱਖਾਂ ਦੇ ਨਜ਼ਰੀਏ ਬਾਰੇ ਵਿਚਾਰਾਂ ਹੋਈਆਂ।
ਜੈਸੀ ਅਨੁਸਾਰ, ਟਰੰਪ ਪ੍ਰਸ਼ਾਸਨ ਤੋਂ ਬਾਅਦ ਭਾਰਤ-ਅਮਰੀਕਾ ਸਬੰਧਾਂ ਵਿਚ ਕਾਫੀ ਬਦਲਾਵ ਆਇਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਰਤ ਦੇ ਐੱਨਐੱਸਏ ਅਜੀਤ ਦੋਭਾਲ ਦੇ ਆਪਣੇ ਹਾਲੀਆ ਦੌਰੇ ਮੌਕੇ ਭਾਰਤ ਵੱਲੋਂ ਅਮਰੀਕਾ ਨੂੰ ਇੱਕ ਸੂਚੀ ਦਿੱਤੀ ਗਈ ਜਿਸ ਵਿੱਚ ਕਥਿਤ ਖ਼ਾਲਿਸਤਾਨੀ ਅੱਤਵਾਦੀਆਂ ਦੇ ਨਾਮ ਸਨ।
ਜੈਸੀ ਨੇ ਦੱਸਿਆ ਕਿ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਤੇ ਤਹੱਵੁਰ ਰਾਣਾ ਦੀ ਹਵਾਲਗੀ ਇਸੇ ਲੜੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਐੱਫਬੀਆਈ ਦੇ ਡਾਇਰੈਕਟਰ ਕੈਸ਼ ਪਟੇਲ ਨੇ ਵੀ ਹੈਪੀ ਪਾਸੀਆ ਦੇ ਬਾਰੇ ਕਿਹਾ ਹੈ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਅਤੇ ਹੌਲੀ-ਹੌਲੀ ਜਿੰਨੇ ਵੀ ਕਥਿਤ ਖ਼ਾਲਿਸਤਾਨੀ ਹਨ, ਜਿਹੜੇ ਭਾਰਤ ਵਿੱਚ ਅਪਰਾਧ ਕਰਕੇ ਸਰਹੱਦ ਪਾਰ ਕਰਕੇ ਅਮਰੀਕਾ ਆ ਕੇ ਲੁਕ ਗਏ ਹਨ, ਜਾਂ ਜਿਨ੍ਹਾਂ ਨੇ ਇੱਥੇ ਮਾਨਵ ਤਸਕਰੀ ਦਾ ਕੰਮ ਸ਼ੁਰੂ ਕੀਤਾ, ਜਾਂ ਝੂਠੀ ਕਹਾਣੀਆਂ ਬਣਾ ਕਿ ਸ਼ਰਨ ਲਈ, ਭਾਵੇਂ ਉਨ੍ਹਾਂ ਨੂੰ ਇੱਥੇ ਗ੍ਰੀਨ ਕਾਰਡ ਵੀ ਮਿਲ ਗਏ ਹੋਣ, ਉਹ ਜਲਦ ਫੜੇ ਜਾਣਗੇ। ਉਨ੍ਹਾਂ ਕਿਹਾ ਕਿ ਕਥਿਤ ਖ਼ਾਲਸਤਾਨੀਆਂ ਦਾ ਕੋਈ ਨਿਸ਼ਾਨਾ ਨਹੀਂ ਬੱਸ ਆਪਣੀਆਂ ਦੁਕਾਨਦਾਰੀਆਂ ਚਲਾਉਣ ਲਈ ਭਾਰਤ ਵਿੱਚ ਅਪਰਾਧ ਕਰਨੇ ਤੇ ਕਰਵਾਉਣੇ ਹੀ ਇਨ੍ਹਾਂ ਦਾ ਕੰਮ ਹੈ। ਜਿਵੇਂ ਪਿੱਛੇ ਜਿਹੇ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਜਾ ਕੇ ਡਾ. ਬੀ.ਆਰ. ਅੰਬੇਡਕਰ ਦੀ ਮੂਰਤੀ ਤੋੜੋ ਤਾਂ ਉਹ ਇਨਾਮ ਦੇਵੇਗਾ, ਕਈ ਨੌਜਵਾਨਾਂ ਨੇ ਅਜਿਹਾ ਕੰਮ ਕੀਤਾ ਪਰ ਉਹ ਗ੍ਰਿਫ਼ਤਾਰ ਹੋ ਗਏ, ਜਦਕਿ ਪੰਨੂ ਤਾਂ ਅਮਰੀਕਾ ਵਿੱਚ ਮੌਜ ਨਾਲ ਬੈਠਿਆ ਹੈ।
ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਚੇਤੰਨ ਕੀਤਾ ਕਿ ਅਮਰੀਕਾ ਵਿੱਚ ਖ਼ਾਲਿਸਤਾਨੀ ਸੰਘਰਸ਼ ਦੀ ਕੋਈ ਜ਼ਮੀਨ ਨਹੀਂ। ਉਨ੍ਹਾਂ ਸਮਝਾਇਆ ਕਿ ਆਪਣਾ ਭਵਿੱਖ ਖ਼ਤਰੇ ਵਿੱਚ ਨਾ ਪਾਓ।
ਅੰਮ੍ਰਿਤਪਾਲ ਸਿੰਘ ਦੀ ਆਡੀਓ ਲੀਕ ’ਤੇ ਜੈਸੀ ਨੇ ਕਿਹਾ ਕਿ ਇਹ ਤੱਤ ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਡੀਓ ਵਿੱਚ ਹਿੰਸਕ ਭਾਸ਼ਾ ਅਤੇ ਸਿਆਸੀ ਆਗੂਆਂ ਦੇ ਸੋਧੇ ਲਗਾਉਣ ਵਾਲੀਆਂ ਟਿੱਪਣੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ, ਜੋ ਸੂਬੇ ਨੂੰ ਮੁੜ 1984 ਤੋਂ ਬਾਅਦ ਵਾਲੇ ਦੌਰ ਵੱਲ ਧੱਕ ਸਕਦਾ ਹੈ।
ਜੈਸੀ ਨੇ ਸਪਸ਼ਟ ਕੀਤਾ ਕਿ ਖ਼ਾਲਿਸਤਾਨ ਦੀ ਮੰਗ ਸੰਵਿਧਾਨਕ ਹੱਕ ਹੈ, ਪਰ ਜਦ ਤੱਕ ਇਹ ਸ਼ਾਂਤੀਪੂਰਕ ਹੋਵੇ। ਉਨ੍ਹਾਂ ਸਿਮਰਨਜੀਤ ਸਿੰਘ ਮਾਨ ਨੂੰ ਉਦਾਹਰਨ ਵਜੋਂ ਦੱਸਿਆ ਜੋ ਅਮਨ ਨਾਲ ਆਪਣੀ ਮੰਗ ਰੱਖਦੇ ਹਨ, ਪਰ ਪੰਜਾਬ ਦੇ ਲੋਕਾਂ ਦਾ ਇਸ ਨੂੰ ਕੋਈ ਸਮਰਥਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਅਤੇ ਸੰਸਥਾਵਾਂ ਨੂੰ ਮਿਲ ਕੇ ਪੰਜਾਬ ਦੇ ਚੰਗੇ ਭਵਿੱਖ ਵਾਸਤੇ ਕੰਮ ਕਰਨਾ ਚਾਹੀਦਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login