ADVERTISEMENTs

ਸੂਰਮਤਾਈ ਦਾ ਪ੍ਰਤੀਕ ਹੋਲਾ ਮਹੱਲਾ: ਇਤਿਹਾਸ 'ਤੇ ਪਿਛੋਕੜ

ਹੋਲਾ ਮੁਹੱਲਾ ਮਨਾਉਣ ਦਾ ਮੁੱਖ ਕਾਰਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਪਰੰਪਰਾ ਹੈ ਜਿਸ ਦੌਰਾਨ ਗੁਰੂ ਜੀ ਆਪਣੀ ਫੌਜ ਵਿੱਚ ਜੋਸ਼ ਅਤੇ ਭਾਵਨਾ ਪੈਦਾ ਕਰਨ ਲਈ ਨਕਲੀ ਲੜਾਈਆਂ ਕਰਵਾਉਂਦੇ ਸੀ ਅਤੇ ਜੇਤੂ ਫੌਜ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਸੀ।

ਨਿਹੰਗ ਸਿੰਘ ‘ਚਰਨ ਗੰਗਾ’ ਦੇ ਸਥਾਨ ’ਤੇ ਜੌਹਰ ਦਿਖਾਉਂਦੇ ਹੋਏ ਮੇਲੇ ਦੀ ਸਮਾਪਤੀ ਕਰਦੇ ਹਨ / Unspash

ਹੋਲੇ ਮਹੱਲੇ ਦਾ ਆਗਾਜ਼ ਸ੍ਰੀ ਅਨੰਦਪੁਰ ਸਾਹਿਬ ਹੋ ਚੁੱਕਾ ਹੈ। ਦੂਰੋ-ਦੂਰੋਂ ਸੰਗਤ ਇਸ ਖਾਸ ਮੌਕੇ ਉੱਤੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਇਸ ਮੌਕੇ ਪੂਰੇ ਅਨੰਦਪੁਰ ਸਾਹਿਬ ਦੇ ਗੁਰੂ ਘਰਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। 

 

ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਸੰਗਤ ਲਈ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ, ਇੱਥੇ ਸੱਜੀਆਂ ਵੱਖ-ਵੱਖ ਦੁਕਾਨਾਂ ਵੀ ਇਸ ਹੋਲੇ ਮਹੱਲੇ ਦੀ ਦਿਖ ਨੂੰ ਹੋਰ ਵਧਾ ਰਹੀਆਂ ਹਨ। ਸਿੱਖੀ ਸਰੂਪ ਵਿੱਚ ਦਿਖਦੇ ਕਈ ਚਿਹਰੇ ਖਿੱਚ ਦਾ ਕੇਂਦਰ ਬਣ ਰਹੇ ਹਨ। 

 

 ਬਸੰਤ ਦੀ ਰੁੱਤ ਸ਼ੁਰੂ ਹੋਣ ਨਾਲ ਖੇਤਾਂ ’ਚ ਖੜ੍ਹੀ ਸਰੋਂ ਦੇ ਫੁੱਲ ਅਤੇ ਗੇਂਦਿਆਂ ਦੇ ਖਿੜ ਰਹੇ ਸੁਨਹਿਰੀ ਫੁੱਲ ਇਸ ਰੁੱਤ ਨੂੰ ਚਾਰ ਚੰਨ ਲਾਉਂਦੇ ਹਨ। ਇਸੇ ਖਿੜੀ ਰੁੱਤ ਵਿੱਚ ਰੰਗਾਂ ਦਾ ਤਿਉਹਾਰ ਹੋਲੀ ਆਉਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਰਾਜਾ ਹਰਣਾਖਸ਼ ਨੇ ਭਗਤ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਗੋਦੀ ਵਿਚ ਬਿਠਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਸੀ। 

 

ਹੋਲਿਕਾ ਨੂੰ ਵਰ ਸੀ ਕਿ ਉਹ ਅੱਗ ਵਿਚ ਸੜ ਨਹੀਂ ਸਕਦੀ ਸੀ ਪਰ ਹੋਲਿਕਾ ਸੜ ਗਈ ਅਤੇ ਪ੍ਰਹਿਲਾਦ ਬਚ ਗਿਆ। ਉਸ ਦਿਨ ਤੋਂ ਹੀ ਹੋਲੀ ਦਾ ਤਿਉਹਾਰ ਪੂਰੇ ਭਾਰਤ ’ਚ ਹਰ ਸਾਲ ਮਨਾਇਆ ਜਾਣ ਲੱਗਿਆ। ਹੌਲੀ-ਹੌਲੀ ਇਸ ਵਿੱਚ ਵਿਗਾੜ ਆਉਂਦਾ ਗਿਆ। 

 

ਸਮਾਂ ਬਦਲਿਆ, ਇਸ ਗਿਰਾਵਟ ਨੂੰ ਦੂਰ ਕਰਨ ਲਈ ਅਤੇ ਲਿਤਾੜੇ ਜਾ ਰਹੇ ਲੋਕਾਂ ਹੱਥ ਕਿਰਪਾਨ ਫੜਾਉਣ ਲਈ ਗੁਰੂ ਗੋਬਿੰਦ ਸਿੰਘ ਨੇ ਇਸ ਤਿਉਹਾਰ ਨੂੰ ਨਾ ਸਿਰਫ ਨਵੇਂ ਰੰਗਾਂ ਵਿਚ ਹੀ ਰੰਗਿਆ ਸਗੋਂ ਲੋਕਾਂ ਨੂੰ ਅਣਖ ਨਾਲ ਜਿਉਣ ਦੀ ਜਾਂਚ ਵੀ ਸਿਖਾਈ। 

 

ਜਿਹੜੇ ਲੋਕਾਂ ਨੂੰ ਆਸ ਨਹੀਂ ਸੀ ਕਿ ਉਨ੍ਹਾਂ ਦੇ ਹੱਥ ਵਿੱਚ ਕੱਚੇ ਭਾਂਡਿਆਂ ਦੀ ਥਾਂ ਤਲਵਾਰਾਂ ਹੋਣਗੀਆਂ, ਉਨ੍ਹਾਂ ਨੇ ਬੜੇ ਜੋਸ਼ ਨਾਲ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ।

 

ਹੋਲੇ ਮਹੱਲੇ ਦਾ ਇਤਿਹਾਸ: ਹੋਲਾ ਇੱਕ ਅਰਬੀ ਸ਼ਬਦ ਹੈ 'ਜੋ ਹੁਲ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ 'ਚੰਗੇ ਕੰਮਾਂ ਲਈ ਲੜਨਾ' ਅਤੇ ਮਹੱਲਾ ਦਾ ਅਰਥ ਹੈ 'ਜਿੱਤ ਤੋਂ ਬਾਅਦ ਵਸਣ ਦੀ ਥਾਂ।' ਹੋਲਾ ਮਹੱਲਾ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1700 ਵਿੱਚ ਹੋਲਗੜ੍ਹ ਕਿਲ੍ਹੇ ਤੋਂ ਕੀਤੀ ਸੀ। 

 

ਹੋਲਾ ਮੁਹੱਲਾ ਮਨਾਉਣ ਦਾ ਮੁੱਖ ਕਾਰਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਪਰੰਪਰਾ ਹੈ ਜਿਸ ਦੌਰਾਨ ਗੁਰੂ ਜੀ ਆਪਣੀ ਫੌਜ ਵਿੱਚ ਜੋਸ਼ ਅਤੇ ਭਾਵਨਾ ਪੈਦਾ ਕਰਨ ਲਈ ਨਕਲੀ ਲੜਾਈਆਂ ਕਰਵਾਉਂਦੇ ਸੀ ਅਤੇ ਜੇਤੂ ਫੌਜ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਸੀ।

 

ਸਿੰਘਾਂ ਦੀਆਂ ਫੌਜਾਂ ਦੇ ਦੋ ਦਲ ਬਣਾ ਲਏ ਜਾਂਦੇ ਸਨ। ਇੱਕ ਦਲ ਕਿਲ੍ਹਾ ਹੋਲਗੜ੍ਹ ਦੀ ਰਾਖੀ ਕਰਦਾ ਅਤੇ ਦੂਜਾ ਦਲ ਉਸ ਉਪਰ ਹਮਲਾ ਕਰਦਾ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਆਪ ਇਸ ਜੰਗ ਨੂੰ ਦੇਖਦੇ ਸਨ ਅਤੇ ਦੋਹਾਂ ਧਿਰਾਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ ਸਨ। 

 

ਇਸ ਮੌਕੇ ਦੀਵਾਨ ਸਜਾਏ ਜਾਂਦੇ, ਕਥਾ-ਕੀਰਤਨ ਹੁੰਦਾ, ਵੀਰ ਰਸ ਦੀਆਂ ਵਾਰਾਂ ਗਾਇਨ ਕੀਤਾ ਜਾਂਦਾ। ਵੱਖ-ਵੱਖ ਫੌਜੀ ਅਭਿਆਸ ਕਰਦੇ ਹੋਏ ਵਿਖਾਈ ਦਿੰਦੇ ਅਤੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੁੰਦਾ ਸੀ। ਗੁਰੂ ਸਾਹਿਬ ਆਪ ਇਨ੍ਹਾਂ ਸਾਰੇ ਕਾਰਜਾਂ ਵਿਚ ਹਿੱਸਾ ਲੈਂਦੇ ਸਨ ਅਤੇ ਸਿੱਖਾਂ ਦੇ ਉਤਸ਼ਾਹ ਵਿਚ ਵਾਧਾ ਕਰਦੇ ਸਨ। ਉਦੋ ਤੋਂ ਹੀ ਇਹ ਪਰੰਪਰਾ ਸ਼ੁਰੂ ਹੋ ਗਈ ਜਿਸ ਨੂੰ ਅੱਜ ਵੀ ਹੋਲੇ ਮੁਹੱਲੇ ਵਜੋਂ ਮਨਾਇਆ ਜਾਂਦਾ ਹੈ।

 

ਗੁਰੂ ਸਾਹਿਬ ਜਾਣਦੇ ਸਨ ਕਿ ਜਿਹੜੇ ਲੋਕ ਇਸ ਬਨਾਉਟੀ ਜੰਗ ਵਿਚ ਹਿੱਸਾ ਲੈਣਗੇ ਜਾਂ ਇਸ ਨੂੰ ਦੇਖਣਗੇ, ਉਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋਣਗੇ। ਇਹ ਗੁਰੂ ਸਾਹਿਬ ਦੀ ਸੋਚ ਹੀ ਸੀ, ਜਿਨ੍ਹਾਂ ਨੇ ਬੜੇ ਸੁੰਦਰ ਤਰੀਕੇ ਨਾਲ ਲੋਕਾਂ ਨੂੰ ਜਿਉਣ ਦਾ ਢੰਗ ਸਿਖਾਇਆ।


ਅੱਜ ਵੀ ਹਰ ਸਾਲ ਹੋਲੇ ਮੁਹੱਲੇ ਦੇ ਦਿਨ ਆਨੰਦਪੁਰ ਸਾਹਿਬ ਵਿੱਚ ਵੱਡਾ ਜੋੜ ਮੇਲਾ ਲੱਗਦਾ ਹੈ। ਤਿਆਰ-ਬਰ-ਤਿਆਰ ਹੋਏ ਨਿਹੰਗ ਸਿੰਘ ਕਿਲ੍ਹਾ ਆਨੰਦਗੜ੍ਹ ਦੇ ਸਾਹਮਣਿਓਂ ਗੁਰਦੁਆਰਾ ਸ਼ਹੀਦੀ ਬਾਗ ਸਾਹਿਬ ਤੋਂ ਇੱਕ ਨਗਰ ਕੀਰਤਨ ਆਰੰਭ ਕਰਦੇ ਹਨ। 

 

ਗੱਤਕਾ ਖੇਡਦੇ ਗੁਲਾਲ ਦੀ ਵਰਖਾ ਕਰਦੇ ਹੋਏ ਨਿਹੰਗ ਸਿੰਘ ‘ਚਰਨ ਗੰਗਾ’ ਦੇ ਸਥਾਨ ’ਤੇ ਖੁੱਲ੍ਹੀ ਜਗ੍ਹਾ ਵਿਚ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਮੇਲੇ ਦੀ ਸਮਾਪਤੀ ਕਰਦੇ ਹਨ, ਇਹ ਦ੍ਰਿਸ਼ ਬੜਾ ਮਨਮੋਹਕ ਹੁੰਦਾ ਹੈ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related