ਦੱਖਣੀ ਇਲੀਨੋਇਸ ਵਿੱਚ ਇੱਕ ਜਿਊਰੀ ਨੇ ਭਾਰਤ ਤੋਂ ਆਏ 44 ਸਾਲਾ ਗ਼ੈਰ-ਕਾਨੂੰਨੀ ਪ੍ਰਵਾਸੀ ਨੀਰਵ ਬੀ ਪਟੇਲ ਨੂੰ ਇੱਕ ਧੋਖਾਧੜੀ ਘੁਟਾਲੇ ਵਿੱਚ ਉਸਦੀ ਭੂਮਿਕਾ ਲਈ ਦੋਸ਼ੀ ਠਹਿਰਾਇਆ ਹੈ, ਜਿਸਨੇ ਮੱਧ-ਪੱਛਮ ਵਿੱਚ ਪੀੜਤਾਂ ਨਾਲ $400,000 ਤੋਂ ਵੱਧ ਦੀ ਧੋਖਾਧੜੀ ਕੀਤੀ ਸੀ। ਇਲੀਨੋਇਸ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਦਫ਼ਤਰ ਨੇ 11 ਫ਼ਰਵਰੀ ਨੂੰ ਪਟੇਲ ਨੂੰ ਦੋਸ਼ੀ ਠਹਿਰਾਉਣ ਦਾ ਐਲਾਨ ਕੀਤਾ।
ਅਮਰੀਕੀ ਅਟਾਰਨੀ ਰਸ਼ੈਲ ਔਡ ਕ੍ਰੋਅ ਨੇ ਕਿਹਾ, "ਅਮਰੀਕੀ ਅਟਾਰਨੀ ਦਫ਼ਤਰ ਉਨ੍ਹਾਂ ਗ਼ੈਰ-ਕਾਨੂੰਨੀ ਪ੍ਰਵਾਸੀਆਂ 'ਤੇ ਮੁਕੱਦਮਾ ਚਲਾਉਣ ਲਈ ਹਮਲਾਵਰ ਢੰਗ ਨਾਲ ਕੰਮ ਕਰ ਰਿਹਾ ਹੈ, ਜੋ ਸਾਡੇ ਕਾਨੂੰਨਾਂ ਨੂੰ ਤੋੜਦੇ ਹਨ ਅਤੇ ਬਜ਼ੁਰਗ ਪੀੜਤਾਂ ਦਾ ਸ਼ੋਸ਼ਣ ਕਰਦੇ ਹਨ।"
ਕ੍ਰੋਅ ਨੇ ਧੋਖਾਧੜੀ ਘੁਟਾਲਿਆਂ ਬਾਰੇ ਵੀ ਚੇਤਾਵਨੀ ਦਿੱਤੀ, ਅੱਗੇ ਕਿਹਾ, "ਇੱਕ ਧੋਖਾਧੜੀ ਘੁਟਾਲਾ ਕਰਨ ਵਾਲਾ ਤੁਹਾਨੂੰ ਯਕੀਨ ਦਿਵਾਉਣ ਲਈ ਕਾਲ, ਟੈਕਸਟ ਜਾਂ ਈਮੇਲ ਕਰ ਸਕਦਾ ਹੈ, ਪਰ ਸਰਕਾਰੀ ਏਜੰਸੀਆਂ ਆਮ ਤੌਰ 'ਤੇ ਡਾਕ ਰਾਹੀਂ ਤੁਹਾਡੇ ਨਾਲ ਗੱਲਬਾਤ ਸ਼ੁਰੂ ਕਰਦੀਆਂ ਹਨ। ਕਿਸੇ ਹੋਰ ਤਰੀਕੇ ਨਾਲ ਅਚਾਨਕ ਸੰਪਰਕ ਜਾਂ ਮੰਗਾਂ ਇੱਕ ਘੁਟਾਲਾ ਹੋਣ ਦੀ ਸੰਭਾਵਨਾ ਹਨ।"
ਪਟੇਲ ਨੂੰ ਵਾਇਰ ਅਤੇ ਡਾਕ ਧੋਖਾਧੜੀ ਦੀ ਸਾਜ਼ਸ਼, ਵਾਇਰ ਧੋਖਾਧੜੀ ਦੇ ਤਿੰਨ ਮਾਮਲੇ ਅਤੇ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਪ੍ਰਵੇਸ਼ ਦਾ ਦੋਸ਼ੀ ਪਾਇਆ ਗਿਆ।
ਉਹ ਇੱਕ ਅਜਿਹੇ ਘੁਟਾਲੇ ਵਿੱਚ ਸ਼ਾਮਲ ਸੀ ਜਿਸ ਵਿੱਚ ਧੋਖੇਬਾਜ਼ ਸਰਕਾਰੀ ਅਧਿਕਾਰੀਆਂ ਦੇ ਰੂਪ ਵਿੱਚ ਪੇਸ਼ ਆਉਂਦੇ ਸਨ ਤਾਂ ਜੋ ਬਜ਼ੁਰਗ ਪੀੜਤਾਂ ਤੋਂ ਧੋਖੇ ਨਾਲ ਪੈਸੇ ਵਸੂਲੇ ਜਾਣ। ਪਟੇਲ ਨਿੱਜੀ ਤੌਰ 'ਤੇ ਪੀੜਤਾਂ ਦੇ ਘਰਾਂ ਵਿੱਚ ਜਾ ਕੇ ਘੁਟਾਲੇ ਦੇ ਹਿੱਸੇ ਵਜੋਂ ਨਕਦੀ ਅਤੇ ਕੀਮਤੀ ਚੀਜ਼ਾਂ ਇਕੱਠੀਆਂ ਕਰਦਾ ਸੀ।
ਪੀੜਤਾਂ ਨੂੰ ਦੱਸਿਆ ਜਾਂਦਾ ਸੀ ਕਿ ਉਹ ਆਇਡੈਂਟਿਟੀ ਥੈਫਟ (ਪਛਾਣ ਚੋਰੀ) ਦੇ ਟਾਰਗੇਟ ਹਨ ਅਤੇ ਉਨ੍ਹਾਂ ਨੂੰ ਜਾਅਲੀ ਯੂਐੱਸ ਟ੍ਰੇਜ਼ਰੀ ਜਾਂ ਐੱਫਟੀਸੀ ਟਰੱਸਟ ਖਾਤਿਆਂ ਵਿੱਚ ਸੁਰੱਖਿਅਤ ਰੱਖਣ ਲਈ ਆਪਣੀ ਬੱਚਤ ਕਢਵਾਉਣ ਦੀ ਲੋੜ ਬਾਰੇ ਕਿਹਾ ਜਾਂਦਾ। ਇਸ ਦੀ ਬਜਾਏ, ਪੈਸੇ ਚੋਰੀ ਕਰ ਲਏ ਜਾਂਦੇ ਅਤੇ ਭਾਰਤ ਵਿੱਚ ਘੁਟਾਲੇਬਾਜ਼ਾਂ ਦੁਆਰਾ ਨਿਯੰਤਰਿਤ ਖਾਤਿਆਂ ਵਿੱਚ ਭੇਜ ਦਿੱਤੇ ਜਾਂਦੇ।
ਧੋਖਾਧੜੀ ਦੇ ਦੋਸ਼ਾਂ ਤੋਂ ਇਲਾਵਾ, ਪਟੇਲ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਦਾਖਲ ਹੋਣ ਦਾ ਦੋਸ਼ੀ ਵੀ ਠਹਿਰਾਇਆ ਗਿਆ। ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਉਹ ਵੈਨਕੂਵਰ ਦੇ ਨੇੜੇ ਯੂਐੱਸ ਵਿੱਚ ਦਾਖਲ ਹੋਇਆ ਅਤੇ ਸ਼ਿਕਾਗੋ ਦੇ ਉਪਨਗਰਾਂ ਵਿੱਚ ਵਸਣ ਤੋਂ ਪਹਿਲਾਂ ਵਾਸ਼ਿੰਗਟਨ, ਟੈਨੇਸੀ, ਜਾਰਜੀਆ ਅਤੇ ਨਿਊ ਜਰਸੀ ਸਮੇਤ ਕਈ ਰਾਜਾਂ ਵਿੱਚ ਘੁੰਮਿਆ।
ਉਸਨੇ ਅਦਾਲਤ ਵਿੱਚ ਮੰਨਿਆ ਕਿ ਉਸਨੇ ਦੇਸ਼ ਵਿੱਚ ਗ਼ੈਰ-ਕਾਨੂੰਨੀ ਤੌਰ 'ਤੇ ਹੋਣ ਦੇ ਬਾਵਜੂਦ ਇਲੀਨੋਇਸ ਦਾ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਅਤੇ ਫਿਰ ਧੋਖਾਧੜੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਪਟੇਲ ਨੂੰ ਅਪ੍ਰੈਲ 2023 ਵਿੱਚ ਐਡਵਰਡਸਵਿਲੇ ਵਿੱਚ ਇੱਕ ਸੇਵਾਮੁਕਤ ਵਿਅਕਤੀ ਤੋਂ $35,000 ਹੜੱਪਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚਕਰਤਾਵਾਂ ਨੇ ਇਹ ਪਤਾ ਲਗਾਇਆ ਕਿ ਉਸਨੇ ਇੰਡੀਆਨਾ, ਵਿਸਕਾਨਸਿਨ ਅਤੇ ਇਲੀਨੋਇਸ ਵਿੱਚ ਬਜ਼ੁਰਗ ਪੀੜਤਾਂ ਤੋਂ ਕੁੱਲ $403,400 ਹੜੱਪਣ ਲਈ ਇਨ੍ਹਾਂ ਥਾਂਵਾਂ ਉੱਤੇ ਪਹੁੰਚ ਕੀਤੀ।
ਸ਼ਿਕਾਗੋ ਦੇ ਕਾਰਜਕਾਰੀ ਸਪੈਸ਼ਲ ਏਜੰਟ ਇਨ ਚਾਰਜ ਡੈਨੀਅਲ ਜੌਨਸਨ ਨੇ ਸਜ਼ਾ ਨੂੰ "ਕਮਜ਼ੋਰ ਬਜ਼ੁਰਗ ਪੀੜਤਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਧੋਖਾਧੜੀ ਯੋਜਨਾਵਾਂ ਵਿਰੁੱਧ ਲੜਾਈ ਵਿੱਚ ਇੱਕ ਮਹੱਤਵਪੂਰਨ ਜਿੱਤ" ਕਿਹਾ।
ਉਸਨੇ ਅੱਗੇ ਕਿਹਾ, "ਸਾਡੇ ਦੇਸ਼ ਵਿੱਚ ਉਸਦੀ ਗ਼ੈਰ-ਕਾਨੂੰਨੀ ਮੌਜੂਦਗੀ ਦੇ ਨਾਲ ਪਟੇਲ ਦੀਆਂ ਨਿੰਦਣਯੋਗ ਕਾਰਵਾਈਆਂ ਦਾ ਪਰਦਾਫਾਸ਼ ਕਰਨਾ ਸਾਡੇ ਭਾਈਚਾਰਿਆਂ ਦੀ ਰੱਖਿਆ ਕਰਨ ਅਤੇ ਅਜਿਹੇ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੇ ਸਾਡੇ ਯਤਨਾਂ ਦੇ ਮਹੱਤਵ ਨੂੰ ਉਜਾਗਰ ਕਰਦੀਆਂ ਹਨ। ਅਸੀਂ ਧੋਖਾਧੜੀ ਦੀਆਂ ਸਾਜ਼ਸ਼ਾਂ ਨੂੰ ਖਤਮ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਦੂਜਿਆਂ ਦਾ ਸ਼ੋਸ਼ਣ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਅਪਰਾਧਾਂ ਲਈ ਜਵਾਬਦੇਹ ਠਹਿਰਾਇਆ ਜਾਵੇ।"
ਪਟੇਲ ਨੂੰ ਸਾਜ਼ਸ਼ ਅਤੇ ਹਰੇਕ ਵਾਇਰ ਧੋਖਾਧੜੀ ਲਈ 20 ਸਾਲ ਤੱਕ ਦੀ ਕੈਦ ਅਤੇ $250,000 ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸਦੀ ਸਜ਼ਾ 29 ਮਈ ਨੂੰ ਸਵੇਰੇ 10:30 ਵਜੇ ਈਸਟ ਸੇਂਟ ਲੁਈਸ ਦੇ ਫੈਡਰਲ ਕੋਰਟ ਹਾਊਸ ਵਿੱਚ ਸੁਣਾਈ ਜਾਵੇਗੀ।
ਇਸ ਮਾਮਲੇ ਦੀ ਜਾਂਚ ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨ, ਐਡਵਰਡਸਵਿਲ ਪੁਲਿਸ ਵਿਭਾਗ, ਮੈਰਿਲ ਵਿਸਕਾਨਸਿਨ ਪੁਲਿਸ ਵਿਭਾਗ, ਲਿੰਕਨ ਕਾਊਂਟੀ ਵਿਸਕਾਨਸਿਨ ਸ਼ੈਰਿਫ ਦਫ਼ਤਰ ਅਤੇ ਫਰੈਂਕਲਿਨ ਇੰਡੀਆਨਾ ਪੁਲਿਸ ਵਿਭਾਗ ਦੁਆਰਾ ਕੀਤੀ ਗਈ ਸੀ। ਇਸ 'ਤੇ ਸਹਾਇਕ ਅਮਰੀਕੀ ਵਕੀਲ ਪੀਟਰ ਟੀ ਰੀਡ ਅਤੇ ਸਟੀਵ ਵੇਨਹੋਫਟ ਦੁਆਰਾ ਮੁਕੱਦਮਾ ਚਲਾਇਆ ਜਾ ਰਿਹਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login