ਭਾਰਤੀ ਅਮਰੀਕੀ ਨਾਸਾ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ 31 ਮਾਰਚ ਨੂੰ ਆਪਣੀ ਪਹਿਲੀ ਪੋਸਟ-ਮਿਸ਼ਨ ਪ੍ਰੈਸ ਬ੍ਰੀਫਿੰਗ ਦੌਰਾਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਭਾਰਤੀ ਉਪ ਮਹਾਂਦੀਪ ਨੂੰ "ਸ਼ਾਨਦਾਰ" ਦੱਸਿਆ।
ਪੁਲਾੜ ਤੋਂ ਦੇਸ਼ ਕਿਵੇਂ ਦਿਖਾਈ ਦਿੰਦਾ ਹੈ, ਇਸ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਵਿਲੀਅਮਜ਼ ਨੇ ਕਿਹਾ "ਭਾਰਤ ਸ਼ਾਨਦਾਰ ਹੈ।" "ਹਰ ਵਾਰ ਜਦੋਂ ਅਸੀਂ ਹਿਮਾਲਿਆ ਦੇ ਉੱਪਰ ਗਏ, ਤਾਂ ਹਿਮਾਲਿਆ ਦੀਆਂ ਕੁਝ ਸ਼ਾਨਦਾਰ ਤਸਵੀਰਾਂ ਮਿਲੀਆਂ। ਜੋ ਬਹੁਤ ਹੀ ਸ਼ਾਨਦਾਰ ਹਨ।" ਉਸਨੇ ਅੱਗੇ ਕਿਹਾ।
ਹਿਮਾਲਿਆ ਦੀ ਭੂਗੋਲਿਕ ਸਥਿਤੀ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਉਸਨੇ ਕਿਹਾ, "ਜਦੋਂ ਤੁਸੀਂ ਸਪੇਸ ਤੋਂ ਵੇਖਦੇ ਹੋ ਤਾਂ ਇਹ ਬਿਲਕੁਲ ਇਕ ਲਹਿਰ ਵਾਂਗ ਸਪੱਸ਼ਟ ਦਿਖਾਈ ਦਿੰਦੀ ਹੈ। ਅਤੇ ਫਿਰ ਜਿਵੇਂ ਜਿਵੇਂ ਇਹ ਭਾਰਤ ਵਿੱਚੋਂ ਲੰਘਦੀ ਹੈ ਤਾਂ ਇਹ ਬਹੁਤ ਸਾਰੇ ਰੰਗਾਂ ਦੀ ਪ੍ਰਤੀਕ ਹੁੰਦੀ ਹੈ।" ਉਸਨੇ ਗੁਜਰਾਤ ਅਤੇ ਮੁੰਬਈ ਦੇ ਨੇੜੇ ਭਾਰਤ ਦੇ ਤੱਟਰੇਖਾ ਦੇ ਸ਼ਾਨਦਾਰ ਦ੍ਰਿਸ਼ ਬਾਰੇ ਵੀ ਗੱਲ ਕੀਤੀ। "ਉੱਥੇ ਤੱਟ ਤੋਂ ਮੱਛੀਆਂ ਫੜਨ ਵਾਲਾ ਬੇੜਾ ਤੁਹਾਨੂੰ ਇੱਕ ਛੋਟੀ ਜਿਹੀ ਰੌਸ਼ਨੀ ਦਿੰਦਾ ਹੈ ਅਤੇ ਪਤਾ ਲੱਗਦਾ ਹੈ ਕਿ ਅਸੀਂ ਇੱਥੇ ਹਾਂ," ਉਸਨੇ ਅੱਗੇ ਕਿਹਾ।
ਰਾਤ ਨੂੰ ਦੇਸ਼ ਦੇ ਪ੍ਰਕਾਸ਼ਮਾਨ ਲੈਂਡਸਕੇਪ ਦਾ ਹੋਰ ਵਰਣਨ ਕਰਦੇ ਹੋਏ, ਉਸਨੇ ਕਿਹਾ, "ਇਹ ਦ੍ਰਿਸ਼ ਵੱਡੇ ਸ਼ਹਿਰਾਂ ਤੋਂ ਆਉਣ ਵਾਲੀਆਂ ਲਾਈਟਾਂ ਦੇ ਇਕ ਨੈੱਟਵਰਕ ਵਾਂਗ ਸੀ, ਜੋ ਅੱਗੇ ਛੋਟੇ ਸ਼ਹਿਰਾਂ ਵਿੱਚੋਂ ਲੰਘਦਾ ਹੈ। ਇਸਨੂੰ ਰਾਤ ਅਤੇ ਦਿਨ ਵੇਲੇ ਵੀ ਦੇਖਣਾ ਬਹੁਤ ਵਧੀਆ ਸੀ।"
ਵਿਲੀਅਮਜ਼ ਨੇ ਆਪਣੇ ਪਿਤਾ ਦੇ ਗ੍ਰਹਿ ਦੇਸ਼ ਵਾਪਸ ਜਾਣ ਅਤੇ ਭਾਰਤ ਦੇ ਵਧ ਰਹੇ ਪੁਲਾੜ ਪ੍ਰੋਗਰਾਮ ਦਾ ਸਮਰਥਨ ਕਰਨ ਲਈ ਆਪਣੀ ਉਤਸੁਕਤਾ ਜ਼ਾਹਰ ਕੀਤੀ। "ਮੈਨੂੰ ਯਕੀਨ ਹੈ ਕਿ ਮੈਂ ਆਪਣੇ ਪਿਤਾ ਦੇ ਗ੍ਰਹਿ ਦੇਸ਼ ਵਾਪਸ ਜਾਵਾਂਗੀ ਅਤੇ ਲੋਕਾਂ ਨਾਲ ਮੁਲਾਕਾਤ ਕਰਾਂਗੀ। ਮੈਂ ਇਸਦਾ ਹਿੱਸਾ ਬਣਨਾ ਅਤੇ ਉਨ੍ਹਾਂ ਦੀ ਮਦਦ ਕਰਨਾ ਪਸੰਦ ਕਰਾਂਗੀ," ਉਸਨੇ ਕਿਹਾ।
ਧਰਤੀ 'ਤੇ ਉਤਰਨ 'ਤੇ ਆਪਣੀਆਂ ਸ਼ੁਰੂਆਤੀ ਭਾਵਨਾਵਾਂ ਨੂੰ ਯਾਦ ਕਰਦੇ ਹੋਏ, ਵਿਲੀਅਮਜ਼ ਨੇ ਕਿਹਾ, "ਮੈਂ ਆਪਣੇ ਪਤੀ ਨੂੰ ਅਤੇ ਆਪਣੇ ਕੁੱਤਿਆਂ ਨੂੰ ਜੱਫੀ ਪਾਉਣਾ ਚਾਹੁੰਦੀ ਸੀ।" ਉਸਨੇ ਇਹ ਵੀ ਦੱਸਿਆ ਕਿ ਵਾਪਸੀ 'ਤੇ ਉਸਦਾ ਪਹਿਲਾ ਭੋਜਨ ਇੱਕ ਗਰਿੱਲਡ ਪਨੀਰ ਸੈਂਡਵਿਚ ਸੀ, ਜਿਸਨੇ ਉਸਨੂੰ ਉਸਦੇ ਸ਼ਾਕਾਹਾਰੀ ਪਿਤਾ ਦੀ ਯਾਦ ਦਿਵਾਈ।
ਆਈਐਸਐਸ 'ਤੇ ਉਲੀਕੀ ਅੱਠ ਦਿਨਾਂ ਦੀ ਸਟਾਰਲਾਈਨਰ ਟੈਸਟ ਉਡਾਣ ਨਾਲੋਂ ਕਿਤੇ ਜ਼ਿਆਦਾ, ਸਾਢੇ ਨੌਂ ਮਹੀਨੇ ਰਹਿਣ ਤੋਂ ਬਾਅਦ 18 ਮਾਰਚ ਨੂੰ ਵਿਲੀਅਮਜ਼ ਅਤੇ ਸਾਥੀ ਪੁਲਾੜ ਯਾਤਰੀ ਬੁੱਚ ਵਿਲਮੋਰ ਸਪੇਸਐਕਸ ਕਰੂ ਡਰੈਗਨ 'ਤੇ ਸਵਾਰ ਹੋ ਕੇ ਧਰਤੀ 'ਤੇ ਵਾਪਿਸ ਪਹੁੰਚੇ।
ਦੋਵਾਂ ਪੁਲਾੜ ਯਾਤਰੀਆਂ ਨੇ ਸਟਾਰਲਾਈਨਰ ਪੁਲਾੜ ਯਾਨ ਦੀਆਂ ਚੁਣੌਤੀਆਂ ਨੂੰ ਸਵੀਕਾਰ ਕੀਤਾ, ਪਰ ਨਾਲ ਹੀ ਇਸਦੇ ਭਵਿੱਖ ਵਿੱਚ ਵਿਸ਼ਵਾਸ ਵੀ ਪ੍ਰਗਟ ਕੀਤਾ। ਵਿਲਮੋਰ ਨੇ ਕਿਹਾ, "ਅਸੀਂ ਇਸਨੂੰ ਠੀਕ ਕਰਨ ਜਾ ਰਹੇ ਹਾਂ। ਅਸੀਂ ਇਸਤੇ ਕੰਮ ਕਰਾਂਗੇ।" ਵਿਲੀਅਮਜ਼ ਨੇ ਅੱਗੇ ਕਿਹਾ, "ਇਹ ਇੱਕ ਵਧੀਆ ਪੁਲਾੜ ਯਾਨ ਹੈ, ਅਤੇ ਇਸ ਵਿੱਚ ਬਹੁਤ ਸਾਰੀ ਸਮਰੱਥਾ ਹੈ ਜੋ ਦੂਜੇ ਪੁਲਾੜ ਯਾਨਾਂ ਕੋਲ ਨਹੀਂ ਹੈ। ਮੇਰੇ ਲਈ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਇੱਕ ਸਨਮਾਨ ਹੈ।"
ਹੁਣ ਨਾਸਾ ਦੇ ਜੌਹਨਸਨ ਸਪੇਸ ਸੈਂਟਰ ਵਿੱਚ ਵਾਪਸ ਪਰਤੇ ਪੁਲਾੜ ਯਾਤਰੀ ਧਰਤੀ ਦੀ ਗੁਰੂਤਾ ਖਿੱਚ ਦੇ ਅਨੁਕੂਲ ਹੋਣ ਲਈ ਸਰੀਰਕ ਥੈਰੇਪੀ ਕਰਵਾ ਰਹੇ ਹਨ।
Comments
Start the conversation
Become a member of New India Abroad to start commenting.
Sign Up Now
Already have an account? Login