ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੋਮਵਾਰ 21 ਅਪ੍ਰੈਲ ਨੂੰ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਆਪਣਾ ਪੱਖ ਰੱਖਣ ਲਈ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਣ ਦਾ ਸੱਦਾ ਦਿੱਤਾ ਹੈ।
ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਥੇਦਾਰ ਗੜਗੱਜ ਨੇ ਸਿੱਖੀ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਸਿੱਖ ਜਥੇਬੰਦੀਆਂ, ਮਿਸ਼ਨਰੀ ਕਾਲਜਾਂ, ਸੰਸਥਾਵਾਂ ਤੇ ਪ੍ਰਚਾਰਕਾਂ ਨੂੰ ਇੱਕਜੁੱਟਤਾ ਨਾਲ ਅਗਾਂਹ ਵਧਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਿਧਾਂਤਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਇੱਕਜੁੱਟਤਾ ਨਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ ਅਤੇ ਪੰਜਾਬ ਅੰਦਰ ਧਰਮ ਪਰਿਵਰਤਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਸ ਦੀ ਵੱਡੀ ਲੋੜ ਹੈ।
ਜਥੇਦਾਰ ਗੜਗੱਜ ਨੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਸਮੇਤ ਹੋਰ ਸਿੱਖ ਸ਼ਖ਼ਸੀਅਤਾਂ ਜਿਨ੍ਹਾਂ ਦੇ ਮਾਮਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚੱਲ ਰਹੇ ਹਨ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਵੀ ਸੱਦਾ ਦਿੱਤਾ ਤਾਂ ਜੋ ਇੱਕਜੁੱਟਤਾ ਨਾਲ ਪੰਜਾਬ ਅੰਦਰ ਧਰਮ ਪਰਿਵਰਤਨ ਨੂੰ ਠੱਲ੍ਹਣ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਨੂੰ ਪ੍ਰਚੰਡ ਕੀਤਾ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਤੇ ਹੋਰ ਸਿੱਖ ਸ਼ਖ਼ਸੀਅਤਾਂ ਖ਼ਾਲਸਾ ਪੰਥ ਦੀ ਮੁੱਖ ਧਾਰਾ ਵਿੱਚ ਆ ਕੇ ਪ੍ਰਚਾਰ ਪ੍ਰਸਾਰ ਦਾ ਕਾਰਜ ਕਰਨਾ ਚਾਹੁੰਦੇ ਹਨ ਤਾਂ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਤੇ ਸਿਧਾਂਤ ਮੁਤਾਬਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ ਲਿਹਾਜ਼ਾ ਉਹ ਸਮਰਪਣ ਭਾਵ ਨਾਲ ਗੁਰੂ ਦੇ ਦਰਬਾਰ ਵਿਖੇ ਆਉਣ। ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਉਨ੍ਹਾਂ ਦੀ ਰੀਝ ਹੈ ਕਿ ਭਾਈ ਢੱਡਰੀਆਂਵਾਲੇ ਪੰਜਾਬ ਅੰਦਰ ਸਿੱਖੀ ਦੀ ਲਹਿਰ ਵਿੱਢਣ।
ਜਥੇਦਾਰ ਗੜਗੱਜ ਦੇ ਬਿਆਨ ਤੋਂ ਬਾਅਦ ਭਾਈ ਢੱਡਰੀਆਂਵਾਲੇ ਨੇ ਆਪਣੇ ਯੂਟਿਊਬ ਚੈਨਲ ਉੱਤੇ ਇੱਕ ਵੀਡੀਓ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅੱਜ ਵੱਡੀ ਲੋੜ ਸਿੱਖੀ ਦੀ ਲਹਿਰ ਚਲਾਉਣ ਦੀ ਹੈ। ਪੰਜਾਬ ਵਿੱਚੋਂ ਵੱਡੇ ਪੱਧਰ ਉੱਤੇ ਪ੍ਰਵਾਸ ਹੋਇਆ ਹੈ, ਨਸ਼ਿਆਂ ਦਾ ਪ੍ਰਭਾਵ ਵਧਿਆ ਅਤੇ ਧਰਮ ਪਰਿਵਰਤਨ ਦਾ ਵੀ ਮਸਲਾ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਪੰਥਕ, ਪੰਥ ਦਰਦੀ ਤੇ ਗੁਰੂ ਸਾਹਿਬ ਨਾਲ ਪਿਆਰ ਕਰਨ ਵਾਲੀਆਂ ਸ਼ਖ਼ਸੀਅਤਾਂ ਨੇ ਉਨ੍ਹਾਂ ਕੋਲ ਪਹੁੰਚ ਕਰਕੇ ਸਿੱਖੀ ਦੀ ਲਹਿਰ ਚਲਾਉਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਕਾਨੂੰਨ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਧਰਮ ਚੁਨਣ ਦੀ ਖੁੱਲ੍ਹ ਹੈ ਪਰ ਸਾਨੂੰ ਸਾਡੇ ਪੰਜਾਬ ਅੰਦਰ ਇੱਕ ਲਕੀਰ ਖਿੱਚਣੀ ਪਵੇਗੀ ਤਾਂ ਜੋ ਸਾਰੇ ਲੋਕ ਗੁਰੂ ਸਾਹਿਬ ਨਾਲ ਪਿਆਰ ਕਰਨ। ਉਨ੍ਹਾਂ ਕਿਹਾ ਕਿ ਭਾਵੇਂ ਕਈ ਤਰ੍ਹਾਂ ਦੇ ਲਾਲਚ, ਬੱਚਿਆਂ ਦੀਆਂ ਫੀਸਾਂ ਆਦਿ ਦੇ ਕੇ ਲੋਕਾਂ ਨੂੰ ਭਰਮਾ ਲਿਆ ਜਾਂਦਾ ਹੈ ਪਰ ਜੇਕਰ ਗੁਰੂ ਗੋਬਿੰਦ ਸਿੰਘ ਜੀ ਨਾਲ ਪਿਆਰ ਹੋਵੇ ਤਾਂ ਇੱਕ ਸਿੱਖ ਗਰੀਬੀ ਵੀ ਕੱਟ ਲਵੇਗਾ ਪਰ ਸਿੱਖੀ ਦਾ ਤਿਆਗ ਨਹੀਂ ਕਰੇਗਾ। ਉਨ੍ਹਾਂ ਕਿਹਾ ਉਹ ਖੁਦ ਪੰਜ ਪਿਆਰਿਆਂ ਵਿੱਚ ਸੇਵਾ ਨਿਭਾਅ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਤਹਿਤ ਅੰਮ੍ਰਿਤ ਸੰਚਾਰ ਦੀ ਲਹਿਰ ਵਿੱਢਣ ਲਈ ਤਿਆਰ ਹਨ।
ਭਾਈ ਢੱਡਰੀਆਂਵਾਲੇ ਨੇ ਕਿਹਾ ਕਿ ਇਸੇ ਦੌਰਾਨ ਉਨ੍ਹਾਂ ਨੂੰ ਜਥੇਦਾਰ ਗੜਗੱਜ ਵੱਲੋਂ ਪੰਜਾਬ ਅੰਦਰ ਚਲਾਈ ਜਾ ਰਹੀ ‘ਖੁਆਰ ਹੋਏ ਸਭ ਮਿਲੈਂਗੇ’ ਧਰਮ ਪ੍ਰਚਾਰ ਲਹਿਰ ਬਾਰੇ ਪਤਾ ਲੱਗਿਆ ਤਾਂ ਇਸ ਬਾਰੇ ਉਨ੍ਹਾਂ ਨੇ ਨਡਾਲਾ ਵਿਖੇ ਮੀਡੀਆ ਨੂੰ ਬਿਆਨ ਵੀ ਦਿੱਤਾ ਕਿ ਜੇਕਰ ਸਿੰਘ ਸਾਹਿਬ ਸਿੱਖੀ ਦੇ ਪ੍ਰਚਾਰ ਲਈ ਅਜਿਹਾ ਕਾਰਜ ਕਰਦੇ ਹਨ ਤਾਂ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ।
ਭਾਈ ਢੱਡਰੀਆਂਵਾਲੇ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਜੋ ਕੁਝ ਹੋਇਆ ਉਸ ਨੂੰ ਪਿੱਛੇ ਛੱਡ ਕੇ ਜੇਕਰ ਸਿੰਘ ਸਾਹਿਬ ਅੱਜ ਫਿਰਾਕਦਿਲੀ ਨਾਲ ਗੱਲ ਕਰਦੇ ਹਨ ਕਿ ਉਹ ਮੇਰਾ ਪੱਖ ਵੀ ਸੁਣਨਗੇ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ (ਅਮਰੀਕਾ) ਜਾ ਰਹੇ ਹਨ ਅਤੇ ਆਪਣੀ ਜਥੇਬੰਦੀ ਤੇ ਸਾਥੀ ਸਿੰਘਾਂ ਨਾਲ ਇਸ ਬਾਰੇ ਵਿਚਾਰ ਵੀ ਕਰਨਗੇ। ਉਨ੍ਹਾਂ ਜਥੇਦਾਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਬੀਤੇ ਵਿੱਚ ਬਹੁਤ ਸਾਰੇ ਫੈਸਲੇ ਸਿਆਸਤ ਤੋਂ ਪ੍ਰੇਰਿਤ ਹੋਏ ਹਨ, ਸਿੱਖ ਵਿਦਵਾਨ, ਬੁੱਧਜੀਵੀ ਪਰੇ ਧੱਕ ਦਿੱਤੇ ਗਏ ਹਨ, ਜਿਸ ਦਾ ਨੁਕਸਾਨ ਪੰਜਾਬ ਤੇ ਕੌਮ ਨੂੰ ਹੋਇਆ ਹੈ। ਉਨ੍ਹਾਂ ਜਥੇਦਾਰ ਗੜਗੱਜ ਨੂੰ ਭਰੋਸਾ ਦਿੱਤਾ ਕਿ ਉਹ ਸਿੱਖੀ ਦੀ ਲਹਿਰ ਦਾ ਸਮਰੱਥਾ ਅਨੁਸਾਰ ਪੂਰਨ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਵਾਪਸ ਆ ਕੇ ਉਹ ਸਿੰਘ ਸਾਹਿਬ ਨਾਲ ਬੈਠ ਕੇ ਗੱਲਬਾਤ ਕਰਨਗੇ ਅਤੇ ਆਪਣਾ ਪੱਖ ਵੀ ਰੱਖਣਗੇ ਅਤੇ ਉਨ੍ਹਾਂ ਦੀ ਗੱਲ ਵੀ ਸੁਣਗੇ, ਕਿਉਂਕਿ ਅੱਜ ਦੀ ਘੜੀ ਦੇ ਵਿੱਚ ਪੰਜਾਬ ਅੰਦਰ ਤਕੜੇ ਹੋ ਕੇ ਸਿੱਖੀ ਦੀ ਲਹਿਰ ਖੜ੍ਹੀ ਕਰਨ ਦੀ ਲੋੜ ਹੈ ਤਾਂ ਜੋ ਨਸ਼ਿਆਂ ਦੀ ਦਲਦਲ ਵਿੱਚੋਂ ਲੋਕਾਂ ਨੂੰ ਕੱਢ ਸਕੀਏ ਤੇ ਸਿੱਖੀ ਨਾਲ ਜੋੜ ਸਕੀਏ।
ਜ਼ਿਕਰਯੋਗ ਹੈ ਕਿ 24 ਅਗਸਤ 2020 ਨੂੰ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਭਾਈ ਢੱਡਰੀਆਂਵਾਲੇ ਵੱਲੋਂ ਬੋਲੇ ਕਥਨਾਂ ਦੇ ਸਬੰਧ ਵਿੱਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ-ਕਮੇਟੀ ਦੀ ਰਿਪੋਰਟ ਦੇ ਅਧਾਰ ’ਤੇ ਮਤਾ ਪਾਸ ਕਰਕੇ ਇਹ ਕਿਹਾ ਗਿਆ ਸੀ ਕਿ ਇਨ੍ਹਾਂ ਨੇ ਗੁਰਮਤਿ ਪ੍ਰਤੀ ਕੁਝ ਗਲਤ ਬਿਆਨੀਆਂ ਕੀਤੀਆਂ ਹਨ ਅਤੇ ਇਹ ਇਨ੍ਹਾਂ ਕਥਨਾਂ ਸਬੰਧੀ ਸਪਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹਨ। ਇਸ ਦੇ ਮੱਦੇਨਜ਼ਰ ਪੰਜ ਸਿੰਘਾਂ ਦੀ ਇਕੱਤਰਤਾ ਵਿੱਚ ਇਹ ਫੈਸਲਾ ਹੋਇਆ ਸੀ ਕਿ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਤੋ ਪਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿੰਨਾਂ ਚਿਰ ਭਾਈ ਢੱਡਰੀਆਂਵਾਲੇ ਆਪਣੀ ਗਲਤ ਬਿਆਨੀਆਂ ਲਈ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗਦੇ ਉਨਾਂ ਚਿਰ ਤੀਕ ਇਨ੍ਹਾਂ ਦੇ ਸਮਾਗਮ ਨਾ ਕਰਵਾਏ ਜਾਣ, ਨਾਲ ਇਨ੍ਹਾਂ ਨੂੰ ਸੁਣਿਆ ਜਾਵੇ ਅਤੇ ਨਾ ਹੀ ਇਨ੍ਹਾਂ ਦੀਆਂ ਵੀਡੀਓ ਆਦਿ ਅੱਗੇ ਸਾਂਝੀਆਂ ਕੀਤੀਆਂ ਜਾਣ। ਜੇਕਰ ਅਜੇ ਵੀ ਭਾਈ ਢੱਡਰੀਆਂਵਾਲੇ ਬਾਜ ਨਾ ਆਏ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗਾ। ਇਸ ਇਕੱਤਰਤਾ ਵਿੱਚ ਉਸ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਤੇ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਗਿਆਨੀ ਦਿਲਬਾਗ ਸਿੰਘ ਸ਼ਾਮਲ ਸਨ।
Comments
Start the conversation
Become a member of New India Abroad to start commenting.
Sign Up Now
Already have an account? Login