ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਨੌਜਵਾਨ ਗ੍ਰੰਥੀ ਹਰਪ੍ਰੀਤ ਸਿੰਘ ਨੂੰ ਕਿਸੇ ਕਾਰਨ ਨਿਰਾਸ਼ਾ ਵਿੱਚ ਆਪਣੇ ਕਕਾਰ ਉਤਾਰਨ ਤੋਂ ਨਾ ਸਿਰਫ ਰੋਕਿਆ ਸਗੋਂ ਉਸ ਦੀ ਗੱਲ ਸੁਣਨ ਲਈ ਅੰਮ੍ਰਿਤਸਰ ਸੱਦਿਆ ਅਤੇ ਮਦਦ ਦਾ ਵੀ ਭਰੋਸਾ ਦਿੱਤਾ। ਉਸ ਵੱਲੋਂ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਸੀ, ਜੋ ਵਾਇਰਲ ਹੋ ਗਈ। ਇਸ ਵੀਡੀਓ ਵਿੱਚ ਗ੍ਰੰਥੀ ਵੱਲੋਂ ਜਥੇਦਾਰ ਗੜਗੱਜ ਨੂੰ ਵੀ ਸੰਬੋਧਨ ਕੀਤਾ ਗਿਆ ਸੀ।
ਜਥੇਦਾਰ ਗੜਗੱਜ ਨੇ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ 22 ਮਾਰਚ ਨੂੰ ਮੁਲਾਕਾਤ ਲਈ ਵੀ ਬੁਲਾਇਆ ਗਿਆ ਹੈ। ਇਹ ਗ੍ਰੰਥੀ ਸਿੰਘ ਲੁਧਿਆਣਾ ਦੇ ਇੱਕ ਗੁਰਦੁਆਰੇ ਵਿੱਚ ਬਤੌਰ ਗ੍ਰੰਥੀ ਕੰਮ ਕਰ ਰਿਹਾ ਸੀ। ਗੁਰਦੁਆਰਾ ਕਮੇਟੀ ਨਾਲ ਕਿਸੇ ਕਾਰਨ ਹੋਏ ਵਿਵਾਦ ਮਗਰੋਂ ਉਸ ਨੇ ਨੌਕਰੀ ਛੱਡਣ ਦਾ ਫੈਸਲਾ ਕੀਤਾ ਸੀ।
ਵਾਇਰਲ ਵੀਡੀਓ ਵਿੱਚ ਦੇਖਿਆ ਗਿਆ ਕਿ ਹਰਪ੍ਰੀਤ ਸਿੰਘ ਵੱਲੋਂ ਆਪਣਾ ਕਿਰਪਾਲ ਵਾਲਾ ਗਾਤਰਾ ਉਤਾਰਿਆ ਗਿਆ। ਵਾਇਰਲ ਹੋਈ ਵੀਡੀਓ ਵਿੱਚ ਨੌਜਵਾਨ ਰੋਂਦਾ ਹੋਇਆ ਦਿਖਾਈ ਦਿੰਦਾ ਹੈ ਅਤੇ ਆਪਣਾ ਹਾਰਮੋਨੀਅਮ ਅਤੇ ਗਲ ਵਿਚ ਪਾਇਆ ਗ੍ਰੰਥੀ ਸਿੰਘਾਂ ਵਾਲਾ ਪਰਨਾ ਲਾਹੁੰਦਾ ਹੈ। ਵੀਡੀਓ ਵਿੱਚ ਉਹ ਆਪਣਾ ਗਾਤਰਾ ਵੀ ਉਤਾਰਦਾ ਹੈ।
ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਥੇਦਾਰ ਨੇ ਇਸ ਨੌਜਵਾਨ ਨਾਲ ਸੰਪਰਕ ਕੀਤਾ ਅਤੇ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਜਥੇਦਾਰ ਨੇ ਉਸ ਨੂੰ ਸਮਝਾਇਆ ਅਤੇ ਕਕਾਰ ਦੇ ਹੋਏ ਨਿਰਾਦਰ ਤੋਂ ਵੀ ਜਾਣੂ ਕਰਵਾਇਆ ਹੈ। ਉਨ੍ਹਾਂ ਇਸ ਨੌਜਵਾਨ ਨੂੰ ਪ੍ਰੇਰਨਾ ਦਿੱਤੀ ਹੈ ਕਿ ਸਿੱਖੀ ਗੁਰੂ ਦੀ ਅਨਮੋਲ ਦੇਣ ਹੈ, ਕਕਾਰ ਗੁਰੂ ਦੀ ਦੇਣ ਹੈ ਅਤੇ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਿੱਖੀ ਤੋਂ ਬੇਮੁੱਖ ਹੋ ਜਾਈਏ।
ਜਥੇਦਾਰ ਵੱਲੋਂ ਦਿੱਤੀ ਗਈ ਪ੍ਰੇਰਣਾ ਤੋਂ ਬਾਅਦ ਇਸ ਗੁਰਸਿੱਖ ਨੌਜਵਾਨ ਨੇ ਮਹਿਸੂਸ ਕੀਤਾ ਕਿ ਉਸ ਕੋਲੋਂ ਗਲਤੀ ਹੋਈ ਹੈ ਅਤੇ ਉਸਨੇ ਜਥੇਦਾਰ ਗੜਗੱਜ ਨਾਲ ਹੋਈ ਗੱਲਬਾਤ ਦੌਰਾਨ ਆਪਣੀ ਗਲਤੀ ਦੀ ਮੁਆਫੀ ਮੰਗੀ। ਜਥੇਦਾਰ ਵੱਲੋਂ ਉਸ ਨਾਲ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਮੁਲਾਕਾਤ ਦੌਰਾਨ ਵੀ ਉਸ ਨੂੰ ਸਮਝਾਇਆ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਜਥੇਦਾਰ ਨੇ ਹਰਪ੍ਰੀਤ ਸਿੰਘ ਨੂੰ ਪਸ਼ਤਾਚਾਪ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ ਜਪੁਜੀ ਸਾਹਿਬ ਦੇ ਪੰਜ ਪਾਠ ਕਰਨ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਉਣ ਮਗਰੋਂ ਗੁਰੂ ਸਾਹਿਬ ਕੋਲੋਂ ਖਿਮਾ ਜਾਚਨਾ ਕਰਨ ਲਈ ਸੁਝਾਅ ਦਿੱਤਾ। ਜਥੇਦਾਰ ਨਾਲ ਮੁਲਾਕਾਤ ਦੌਰਾਨ ਹਰਪ੍ਰੀਤ ਸਿੰਘ ਨੇ ਕਮੇਟੀ ਨਾਲ ਉਸ ਦੇ ਵਿਵਾਦ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਕਾਰਵਾਈ ਲਈ ਆਖਿਆ। ਜਥੇਦਾਰ ਨੇ ਉਸ ਨੂੰ ਇਸ ਮਾਮਲੇ ਵਿੱਚ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਅਤੇ ਨਾਲ ਹੀ ਉਸ ਨੂੰ ਭਰੋਸਾ ਦਿੱਤਾ ਕਿ ਜੇਤਰ ਰੁਜ਼ਗਾਰ ਦੀ ਲੋੜ ਹੋਵੇ ਤਾਂ ਉਸ ਵਿੱਚ ਵੀ ਉਸਦੀ ਮਦਦ ਕੀਤੀ ਜਾਵੇਗੀ।
Comments
Start the conversation
Become a member of New India Abroad to start commenting.
Sign Up Now
Already have an account? Login