ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦਸਮੇਸ਼ ਪਿਤਾ, ਸਰਬੰਸਦਾਨੀ, ਸਾਹਿਬ-ਏ-ਕਮਾਲਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਸਮੇਤ ਚਮਕੌਰ ਦੀ ਜੰਗ ਦੇ ਅਨੂਠੇ ਸ਼ਹੀਦਾਂ ਦੀ ਯਾਦ ਵਿਚ 22 ਦਸੰਬਰ 2024 (8 ਪੋਹ) ਵਾਲੇ ਦਿਨ ਸਵੇਰੇ 10 ਵਜੇ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਅਤੇ ਮਹਾਨ ਸ਼ਹਾਦਤ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਭੇਟ ਕਰਨ ਲਈ 27 ਦਸੰਬਰ 2024 (13 ਪੋਹ) ਵਾਲੇ ਦਿਨ ਸਵੇਰੇ 10 ਵਜੇ ਵਿਸ਼ਵ ਭਰ ਵਿਚ ਵੱਸਦੇ ਹਰੇਕ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਦਸ ਮਿੰਟ ਲਈ ਮੂਲ-ਮੰਤਰ ਅਤੇ ਗੁਰ-ਮੰਤਰ ਦਾ ਜਾਪ ਕਰਨ ਦਾ ਸੰਦੇਸ਼ ਦਿੱਤਾ ਹੈ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਮੀਡੀਆ ਰਾਹੀਂ ਜਾਰੀ ਕੀਤੇ ਸੰਦੇਸ਼ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਸੰਸਾਰ ਭਰ ਉੱਤੇ ਸੱਚ ਅਤੇ ਧਰਮ ਦਾ ਪਰਚਮ ਉੱਚਾ ਰੱਖਣ ਅਤੇ ਹਰੇਕ ਪ੍ਰਾਣੀ ਨੂੰ ਆਪਣੀ ਜ਼ਮੀਰ ਦੀ ਆਜ਼ਾਦੀ ਮੁਤਾਬਕ ਜੀਣ ਦਾ ਅਧਿਕਾਰ ਦੇਣ ਲਈ ਹੋਈ ਹੈ। ਉਨ੍ਹਾਂ ਕਿਹਾ ਕਿ ਰਹਿੰਦੀ ਦੁਨੀਆ ਤੱਕ ਮਨੁੱਖੀ ਆਜ਼ਾਦੀ ਲਈ ਇਹ ਮਹਾਨ ਸ਼ਹਾਦਤਾਂ ਚਾਨਣ ਮੁਨਾਰਾ ਰਹਿਣਗੀਆਂ ਅਤੇ ਜਬਰ-ਜ਼ੁਲਮ ਦੇ ਖ਼ਿਲਾਫ਼ ਜੂਝਣ ਲਈ ਦੱਬੀ-ਕੁਚਲੀ ਹੋਈ ਮਾਨਵਤਾ ਦੇ ਅੰਦਰ ਵੀ ਬੀਰ-ਰਸ, ਜੋਸ਼ ਅਤੇ ਚੜ੍ਹਦੀਕਲਾ ਦਾ ਜਜ਼ਬਾ ਪੈਦਾ ਕਰਦੀਆਂ ਰਹਿਣਗੀਆਂ।
ਉਨ੍ਹਾਂ ਕਿਹਾ ਕਿ ਵੱਡੇ ਸਾਹਿਬਜ਼ਾਦਿਆਂ ਅਤੇ ਚਮਕੌਰ ਦੀ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ 22 ਦਸੰਬਰ ਨੂੰ ਸਵੇਰੇ 10 ਵਜੇ ਅਤੇ ਮਿਤੀ 27 ਦਸੰਬਰ ਨੂੰ ਸਵੇਰੇ 10 ਵਜੇ ਹਰੇਕ ਮਾਈ-ਭਾਈ ਦਸ ਮਿੰਟ ਲਈ ਮੂਲਮੰਤਰ ਅਤੇ ਗੁਰਮੰਤਰ ਦਾ ਜਾਪ ਕਰੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਲਿਖਤੀ ਆਦੇਸ਼ ਕੀਤਾ ਹੈ ਕਿ ਉਪਰੋਕਤ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਧਰਮ ਪ੍ਰਚਾਰ ਕਮੇਟੀ, ਸੈਕਸ਼ਨ 85, 87 ਨਾਲ ਸਬੰਧਤ ਸਮੂਹ ਗੁਰਦੁਆਰਾ ਸਾਹਿਬਾਨ, ਅਦਾਰਿਆਂ, ਸਕੂਲਾਂ, ਕਾਲਜਾਂ ਨੂੰ ਸਰਕੂਲਰ ਜਾਰੀ ਕਰਕੇ ਅਤੇ ਸੰਗਤਾਂ ਨੂੰ ਅਖ਼ਬਾਰਾਂ/ ਮੀਡੀਆ ਦੇ ਮਾਧਿਅਮ ਰਾਹੀਂ ਜਾਣੂ ਕਰਵਾਇਆ ਜਾਵੇ।
ਇਸੇ ਤਰ੍ਹਾਂ ਇਕ ਲਿਖਤੀ ਆਦੇਸ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਜਾਰੀ ਕੀਤਾ ਗਿਆ ਹੈ। ਗਿਆਨੀ ਰਘਬੀਰ ਸਿੰਘ ਨੇ ਸੰਸਾਰ ਭਰ ਦੇ ਹਰੇਕ ਸਿੱਖ ਅਦਾਰੇ, ਸਿੰਘ ਸਭਾਵਾਂ, ਸਭਾ-ਸੁਸਾਇਟੀਆਂ, ਦਲ ਪੰਥ, ਟਕਸਾਲਾਂ, ਸੰਪਰਦਾਵਾਂ ਅਤੇ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਉਹ ਹਰੇਕ ਸਿੱਖ ਨੂੰ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਸਮਰਪਿਤ ਸ਼ਹੀਦੀ ਹਫਤੇ ਦੌਰਾਨ ਉਪਰੋਕਤ ਦੱਸੇ ਅਨੁਸਾਰ ਮੂਲਮੰਤਰ ਅਤੇ ਗੁਰਮੰਤਰ ਦਾ ਜਾਪ ਕਰਨ ਤੋਂ ਇਲਾਵਾ ਵੈਰਾਗ ਅਤੇ ਸਾਦਗੀ ਧਾਰਨ ਕਰਦਿਆਂ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰਨ ਸਬੰਧੀ ਵੀ ਪ੍ਰੇਰਿਤ ਕਰਨ।
Comments
Start the conversation
Become a member of New India Abroad to start commenting.
Sign Up Now
Already have an account? Login