ਪਿਛਲੇ 28 ਸਾਲਾਂ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਬਾਸ਼ਰਤ ਜਮਾਨਤ ’ਤੇ ਰਿਹਾਅ ਹੋਏ ਤਿੰਨ ਸਿੱਖ ਬੰਦੀਆਂ ਇੰਜੀਨੀਅਰ ਗੁਰਮੀਤ ਸਿੰਘ ਪਟਿਆਲਾ, ਲਖਵਿੰਦਰ ਸਿੰਘ ਲੱਖਾ ਅਤੇ ਸ਼ਮਸ਼ੇਰ ਸਿੰਘ ਉਕਸੀ ਜੱਟਾਂ ਦਾ ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਨਮਾਨ ਕੀਤਾ। ਇਹ ਤਿੰਨੋਂ ਸਿੱਖ ਬੰਦੀ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਨਾਲ ਸਬੰਧਤ ਦੋਸ਼ੀ ਸਨ, ਜੋ ਇਸ ਸਮੇਂ ਅਦਾਲਤ ਵੱਲੋਂ ਬਾਸ਼ਰਤ ਜਮਾਨਤ ਮਿਲਣ ਉੱਤੇ ਬਾਹਰ ਆਏ ਹਨ।
ਬੁੱਧਵਾਰ ਨੂੰ ਇਹ ਤਿੰਨ ਸਿੱਖ ਬੰਦੀ ਆਪਣੇ ਪਰਿਵਾਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ, ਉਪਰੰਤ ਇਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਸੰਘਰਸ਼ਸ਼ੀਲ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਆਖਿਆ ਕਿ ਜਿਨ੍ਹਾਂ ਸਿੱਖ ਬੰਦੀਆਂ ਦੀ ਰਿਹਾਈ ਲਈ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ, ਉਨ੍ਹਾਂ ਵਿਚ ਭਾਈ ਗੁਰਮੀਤ ਸਿੰਘ ਪਟਿਆਲਾ, ਭਾਈ ਲਖਵਿੰਦਰ ਸਿੰਘ ਲੱਖਾ ਅਤੇ ਭਾਈ ਸ਼ਮਸ਼ੇਰ ਸਿੰਘ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਸਿੰਘ ਬਾਸ਼ਰਤ ਜਮਾਨਤ ’ਤੇ ਰਿਹਾਅ ਹੋਏ ਹਨ ਅਤੇ ਉਹ ਬੰਦੀਛੋੜ ਦਾਤਾ ਗੁਰੂ ਹਰਿਗੋਬਿੰਦ ਸਾਹਿਬ ਅੱਗੇ ਅਰਦਾਸ ਕਰਦੇ ਹਨ ਕਿ ਜਲਦ ਹੀ ਇਨ੍ਹਾਂ ਸਾਰੇ ਸਿੱਖ ਬੰਦੀਆਂ ਨੂੰ ਪੱਕੀ ਰਿਹਾਈ ਵੀ ਮਿਲੇ।
ਇਸ ਮੌਕੇ ਗੁਰਮੀਤ ਸਿੰਘ ਪਟਿਆਲਾ, ਲਖਵਿੰਦਰ ਸਿੰਘ ਲੱਖਾ ਅਤੇ ਸ਼ਮਸ਼ੇਰ ਸਿੰਘ ਉਕਸੀ ਜੱਟਾਂ ਨੇ ਆਖਿਆ ਕਿ ਮੌਜੂਦਾ ਸਮੇਂ ਵਿਚ ਖ਼ਾਲਸਾ ਪੰਥ ਦੀ ਆਪਸੀ ਏਕਤਾ ਦੀ ਸਭ ਤੋਂ ਤਰਜੀਹੀ ਲੋੜ ਹੈ। ਪੰਥਕ ਏਕਤਾ ਹੋਵੇ ਤਾਂ ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਵੀ ਸਾਡੇ ਅੱਗੇ ਝੁਕੇਗੀ ਅਤੇ ਹਰ ਬਾਹਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਦਹਾਕਿਆਂ ਦੀ ਨਜ਼ਰਬੰਦੀ ਵੀ ਉਨ੍ਹਾਂ ਦੀ ਆਤਮਿਕ ਚੜ੍ਹਦੀਕਲਾ ਵਿਚ ਫਰਕ ਨਹੀਂ ਪਾ ਸਕੀ ਪਰ ਪੰਥ ਦੇ ਬਿਖੜੇ ਹਾਲਾਤਾਂ ਨੂੰ ਵੇਖ ਕੇ ਚਿੰਤਾ ਜ਼ਰੂਰ ਪੈਦਾ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੋ ਕੀਤਾ, ਗੁਰੂ ਦੇ ਹੁਕਮ ਅਨੁਸਾਰ ਕੀਤਾ ਅਤੇ ਉਨ੍ਹਾਂ ਨੂੰ ਕਦੇ ਵੀ ਆਪਣੀ ਨਜ਼ਰਬੰਦੀ ਲਈ ਕਿਸੇ ’ਤੇ ਕੋਈ ਗਿਲ੍ਹਾ-ਸ਼ਿਕਵਾ ਨਹੀਂ ਰਿਹਾ। ਉਨ੍ਹਾਂ ਦੱਸਿਆ ਕਿ ਜੇਲ੍ਹ ਅੰਦਰ ਆਪਣੀ ਨਜ਼ਰਬੰਦੀ ਦਾ ਸਮਾਂ ਉਨ੍ਹਾਂ ਦੇ ਗੁਰਬਾਣੀ ਅਤੇ ਸਿਮਰਨ ਦਾ ਆਸਰਾ ਲੈ ਕੇ ਕੱਟਿਆ ਹੈ ਅਤੇ ਉਹ ਅੱਜ ਵੀ ਚੜ੍ਹਦੀ ਕਲਾ ਨਾਲ ਪੰਥ ਦੀ ਹਰ ਤਰ੍ਹਾਂ ਸੇਵਾ ਕਰਨ ਲਈ ਤਿਆਰ ਹਨ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਆਦਿ ਹਾਜਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login