ਨਿਊਯਾਰਕ ਵਿੱਚ ਸਫਲ ਕਾਰੋਬਾਰੀ, ਭਾਈਚਾਰੇ ਦੇ ਆਗੂ ਕਰਮਜੀਤ ਸਿੰਘ ਧਾਲੀਵਾਲ ਨੇ ਭਾਰਤ ਅਮਰੀਕਾ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਿਆਂ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਦੀ ਸਫਲ ਮੇਜ਼ਬਾਨੀ ਕੀਤੀ, ਜਿਸ ਵਿੱਚ ਅਮਰੀਕਾ ਦੀ ਮਹਿਲਾ ਕਾਂਗਰਸ ਮੈਂਬਰ ਲੌਰਾ ਗਿਲੀਅਨ ਅਤੇ ਭਾਰਤ ਦੇ ਉੱਚ ਕੂਟਨੀਤਕ ਅਧਿਕਾਰੀਆਂ ਨੇ ਹਿੱਸਾ ਲੈ ਕੇ ਦੋਨਾਂ ਦੇਸ਼ਾਂ ਵਿਚਾਲੇ ਦੋਪੱਖੀ ਸਹਿਯੋਗ ਨੂੰ ਹੋਰ ਵੀ ਮਜ਼ਬੂਤ ਕਰਨ ’ਤੇ ਚਰਚਾ ਕੀਤੀ।
ਇਸ ਉੱਚ ਪੱਧਰੀ ਮੁਲਾਕਾਤ ਵਿੱਚ ਨਿਊਯਾਰਕ ਵਿੱਚ ਭਾਰਤੀ ਕੌਂਸਲ ਜਨਰਲ ਬਿਨਾਯ ਪ੍ਰਧਾਨ, ਡਿਪਟੀ ਕੌਂਸਲ ਜਨਰਲ ਵਿਸ਼ਾਲ ਹਰਸ਼ ਅਤੇ ਭਾਈਚਾਰੇ ਦੇ ਆਯੋਜਕ ਮਨਪ੍ਰੀਤ ਧਾਲੀਵਾਲ ਸ਼ਾਮਲ ਹੋਏ। ਇਹ ਮੀਟਿੰਗ ਰਣਨੀਤਕ ਸੰਵਾਦ ਦੇ ਰੂਪ ਵਿੱਚ ਹੋਈ ਜਿਸਦਾ ਉਦੇਸ਼ ਵਿਸ਼ਵ ਭਰ ਵਿੱਚ ਬਦਲ ਰਹੀਆਂ ਸਿਆਸੀ ਹਕੀਕਤਾਂ ਵਿੱਚ ਰਾਜਨੀਤਿਕ, ਆਰਥਿਕ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਸੀ।
ਕਰਮਜੀਤ ਸਿੰਘ ਧਾਲੀਵਾਲ ਨੇ ਇੱਕ ਪ੍ਰੈਸ ਨੋਟ ਵਿੱਚ ਕਿਹਾ ਕਿ, “ਇਹ ਚਰਚਾ ਦੋਵਾਂ ਪੱਖਾਂ ਦੇ ਸਾਂਝੇ ਰੁਚੀ ਵਾਲੇ ਮੁੱਦਿਆਂ ’ਤੇ ਕੇਂਦਰਤ ਰਹੀ, ਜਿਵੇਂ ਕਿ ਵਪਾਰ, ਇਮੀਗ੍ਰੇਸ਼ਨ, ਤਕਨਾਲੋਜੀ ਅਤੇ ਪੀਪਲ ਟੂ ਪੀਪਲ ਸੰਪਰਕ, ਜਿਸ ਦੌਰਾਨ ਦੋਵਾਂ ਧਿਰਾਂ ਨੇ ਇੱਕ ਮਜ਼ਬੂਤ ਅਤੇ ਗਤੀਸ਼ੀਲ ਭਾਰਤ-ਅਮਰੀਕਾ ਭਾਈਚਾਰੇ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ।”
ਕਰਮਜੀਤ ਸਿੰਘ ਧਾਲੀਵਾਲ, ਜੋ ਨਿਊਯਾਰਕ ਖੇਤਰ ਦੇ ਇੱਕ ਕਾਮਯਾਬ ਸਿੱਖ ਕਾਰੋਬਾਰੀ ਹਨ ਅਤੇ ਉਹ ਅਮਰੀਕੀ ਨਾਗਰਿਕ ਅਤੇ ਨੀਤੀ ਮੰਡਲਾਂ ਵਿੱਚ ਲੰਬੇ ਸਮੇਂ ਤੋਂ ਸਰਗਰਮ ਹਨ, ਨੇ ਇਸ ਮੀਟਿੰਗ ਨੂੰ “ਪਰਸਪਰ ਸਨਮਾਨ ਅਤੇ ਸਾਂਝੇ ਲੋਕਤੰਤਰਕ ਮੁੱਦਿਆਂ ਉੱਤੇ ਆਧਾਰਤ ਇੱਕ ਮਜ਼ਬੂਤ ਸਾਂਝ ਵੱਲ ਇਕ ਵੱਡਾ ਕਦਮ” ਕਰਾਰ ਦਿੱਤਾ ਹੈ।
ਇਸ ਮੀਟਿੰਗ ਦੌਰਾਨ ਨਿਊਯਾਰਕ ਦੇ ਇੱਕ ਵਿਭਿੰਨਤਾ ਭਰਪੂਰ ਹਲਕੇ ਦੀ ਨੁਮਾਇੰਦਗੀ ਕਰ ਰਹੀ ਕਾਂਗਰਸ ਮੈਂਬਰ ਲੌਰਾ ਗਿਲੀਅਨ ਨੇ ਅਮਰੀਕਾ ਦੇ ਬਹੁਪੱਖੀ ਵਿਕਾਸ ਲਈ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਦੀ ਸਰਾਹਨਾ ਕੀਤੀ ਅਤੇ ਭਾਰਤ ਅਮਰੀਕਾ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਸਰਦਾਰ ਧਾਲੀਵਾਲ ਭਾਰਤੀ-ਅਮਰੀਕੀ ਸਿੱਖ ਆਗੂਆਂ ਅਤੇ ਭਾਰਤੀ ਕੂਟਨੀਤਕ ਭਾਈਚਾਰੇ ਦੇ ਮੈਂਬਰਾਂ ਨਾਲ ਲਗਾਤਾਰ ਸੰਵਾਦ ਦੀ ਇੱਛਾ ਜਤਾਈ।
ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਨੇ ਵੀ ਅਮਰੀਕੀ ਕਾਨੂੰਨ ਨਿਰਮਾਤਾਵਾਂ ਨਾਲ ਨਿਰੰਤਰ ਸੰਪਰਕ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ, ਨੀਤੀ ਅਤੇ ਜ਼ਮੀਨੀ ਪੱਧਰ ’ਤੇ ਦੋਨਾਂ ਦੇਸ਼ਾਂ ਦੇ ਟੀਚਿਆਂ ਨੂੰ ਮਿਲਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦੀਆਂ ਹਨ।
ਨਿਊਯਾਰਕ ਦੇ ਸਿੱਖ ਆਗੂ ਵਲੋਂ ਕੀਤੀ ਗਈ ਇਸ ਪਹਿਲਕਦਮੀ ਨੂੰ ਟਰੰਪ ਪ੍ਰਸ਼ਾਸਨ ਦੀ ਮੌਜੂਦਾ ਇਮੀਗ੍ਰੇਸ਼ਨ ਅਤੇ ਟੈਰਿਫ ਨੀਤੀ ਵਿੱਚ ਆਈ ਵੱਡੀ ਸ਼ਿਫਟ ਮਗਰੋਂ ਇੱਕ ਹਾਂ ਪੱਖੀ ਪਹਿਲ ਦੇ ਤੌਰ ’ਤੇ ਵੀ ਵੇਖਿਆ ਜਾ ਰਿਹਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login