ਚੱਲ ਰਹੇ ਕਿਸਾਨ ਅੰਦੋਲਨ ਦਰਮਿਆਨ ਕਿਸਾਨਾਂ ਅਤੇ ਹਰਿਆਣਾ ਪੁਲਿਸ ਵਿਚਕਾਰ 21 ਫ਼ਰਵਰੀ ਨੂੰ ਖਨੌਰੀ ਬਾਰਡਰ ਉੱਤੇ ਹੋਈ ਝੜਪ ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਅੱਠ ਦਿਨਾਂ ਬਾਅਦ ਵੀਰਵਾਰ (29 ਫ਼ਰਵਰੀ) ਨੂੰ ਉਸ ਦੇ ਪਿੰਡ ਬੱਲ੍ਹੋ ਜ਼ਿਲ੍ਹਾ ਬਠਿੰਡਾ ਵਿਖੇ ਸਨਮਾਨ ਨਾਲ ਸਸਕਾਰ ਕੀਤਾ ਗਿਆ।
ਕਿਸਾਨਾਂ ਅਤੇ ਪਰਿਵਾਰ ਵੱਲੋਂ ਸ਼ੁਭਕਰਨ ਦੀ ਮੌਤ ਦੇ ਮਾਮਲੇ ਵਿੱਚ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਪੂਰੀ ਹੋਣ ਤੋਂ ਬਾਅਦ ਹੀ ਸਸਕਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਬੁੱਧਵਾਰ 28 ਫ਼ਰਵਰੀ ਦੀ ਰਾਤ ਨੂੰ ਅਣਪਛਾਤੇ ਲੋਕਾਂ ਦੇ ਵਿਰੁੱਧ ਪਾਤੜਾਂ ਥਾਣੇ ਵਿੱਚ ਕਤਲ ਦਾ ਪਰਚਾ ਦਰਜ ਕੀਤਾ। ਫਿਲਹਾਲ ਜ਼ੀਰੋ ਐੱਫਆਈਆਰ ਦਰਜ ਕੀਤੀ ਗਈ ਹੈ, ਅੱਗੇ ਜਾਂਚ ਵਧਣ ਉੱਤੇ ਇਹ ਕੇਸ ਅਗਲੇਰੀ ਜਾਂਚ ਲਈ ਹਰਿਆਣਾ ਪੁਲਿਸ ਨੂੰ ਵੀ ਸੌਂਪਿਆ ਜਾ ਸਕਦਾ ਹੈ।
ਦੇਰ ਰਾਤ ਪੋਸਟ ਮਾਰਟਮ ਤੋਂ ਬਾਅਦ ਵੀਰਵਾਰ ਸਵੇਰੇ ਕਿਸਾਨ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਇੱਕ ਫੁੱਲਾਂ ਨਾਲ ਸਜੀ ਹੋਈ ਐਂਬੂਲੈਂਸ ਵਿੱਚ ਖਨੌਰੀ ਬਾਰਡਰ ਵਿਖੇ ਲਿਜਾਈ ਗਈ। ਖਨੌਰੀ ਬਾਰਡਰ ਉੱਤੇ ਮੋਰਚੇ ਵਿੱਚ ਬੈਠੇ ਕਿਸਾਨਾਂ ਅਤੇ ਕਿਸਾਨ ਆਗੂਆਂ ਨੇ ਸ਼ੁਭਕਰਨ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਉਪਰੰਤ ਸਯੁੰਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸਮੂਹ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਸ਼ੁਭਕਰਨ ਦੀ ਦੇਹ ਨੂੰ ਯਾਤਰਾ ਦੇ ਰੂਪ ਵਿੱਚ ਉਸ ਦੇ ਪਿੰਡ ਲਿਜਾਇਆ ਗਿਆ, ਜਿੱਥੇ ਸਿੱਖ ਰਹੁ-ਰੀਤੀਆਂ ਅਨੁਸਾਰ ਉਸਦਾ ਅੰਤਿਮ ਸਸਕਾਰ ਕੀਤਾ ਗਿਆ।
ਬੱਲ੍ਹੋ ਪਿੰਡ ਵਿਖੇ ਭਾਰੀ ਇਕੱਠ ਹੋਇਆ ਜੋ ਸ਼ੁਭਕਰਨ ਨੂੰ ਸ਼ਰਧਾਂਜਲੀ ਭੇਟ ਕਰਨ ਪੁੱਜਾ। ਪਿੰਡ ਦੀ ਪੰਚਾਇਤ ਵੱਲੋਂ ਸ਼ੁਭਕਰਨ ਦੇ ਸਸਕਾਰ ਲਈ ਸ਼ਮਸ਼ਾਨ ਘਾਟ ਦੇ ਸਾਹਮਣੇ ਵਿਸ਼ੇਸ਼ ਥਾਂ ਦਿੱਤੀ ਗਈ। ਇਸ ਮੌਕੇ ਪੁੱਜੇ ਲੋਕਾਂ ਨੇ ਕੇਂਦਰ ਦੇ ਅਤੇ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਸਰਕਾਰਾਂ ਦੇ ਨਾਲ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਗੁੱਸਾ ਵੀ ਪ੍ਰਗਟ ਕੀਤਾ। ਲੋਕਾਂ ਵੱਲੋਂ ਸਰਕਾਰਾਂ ਨੂੰ ਕਿਸਾਨਾਂ ਦੀ ਅਵਾਜ਼ ਦਬਾਉਣ ਲਈ ਕੀਤੀ ਜਾ ਰਹੀ ਕਾਰਵਾਈਆਂ ਦੇ ਵਿਰੁੱਧ ਨਾਅਰੇ ਲਗਾਏ ਗਏ। ਸ਼ੁਭਕਰਨ ਦੇ ਅੰਤਿਮ ਰਸਮ ਉਸ ਦੇ ਪਿਤਾ ਚਰਨਜੀਤ ਸਿੰਘ ਵੱਲੋਂ ਨਿਭਾਈ ਗਈ।
“ਮੇਰੇ ਪੁੱਤਰ ਨੇ ਕਿਸਾਨ ਅਤੇ ਮਜ਼ਦੂਰਾਂ ਦੇ ਸੰਘਰਸ਼ੀ ਅਤੇ ਮੰਗਾਂ ਲਈ ਸ਼ਹੀਦੀ ਪਾਈ। ਇਹ ਉਸ ਦੇ ਲਈ ਵੱਡੀ ਸ਼ਰਧਾਂਜਲੀ ਹੋਵੇਗੀ ਜੇਕਰ ਕਿਸਾਨ ਮਜ਼ਦੂਰ ਇਸ ਸੰਘਰਸ਼ ਵਿੱਚ ਜਿੱਤ ਜਾਂਦੇ ਹਨ”, ਸ਼ੁਭਕਰਨ ਦੇ ਪਿਤਾ ਚਰਨਜੀਤ ਨੇ ਕਿਹਾ।
ਇਸ ਮੌਕੇ ਪੁੱਜੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣਗੇ ਅਤੇ ਜਲਦ ਹੀ ਅਗਲਾ ਪ੍ਰੋਗਰਾਮ ਵੀ ਦਿੱਤਾ ਜਾਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਕਿਹਾ ਕਿ ਸ਼ੁਭਕਰਨ ਦੇ ਮਾਮਲੇ ਵਿੱਚ ਪਰਚਾ ਕਾਨੂੰਨੀ ਮਾਹਰਾਂ ਦੀ ਰਾਏ ਤੋਂ ਬਾਅਦ ਹੀ ਦਰਜ ਕੀਤਾ ਗਿਆ ਹੈ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। “ਇਹ ਜਾਂਚ ਕੀਤੀ ਜਾਵੇਗੀ ਕਿ ਘਟਨਾ ਵਾਪਰੀ ਕਿੱਥੇ ਹੈ (ਪੰਜਾਬ ਜਾਂ ਹਰਿਆਣਾ ਦੀ ਹੱਦ ਵਿੱਚ) ਅਤੇ ਇਸ ਲਈ ਕੌਣ ਜਿੰਮੇਵਾਰ ਹੈ”, ਮੁੱਖ ਮੰਤਰੀ ਮਾਨ ਨੇ ਮੁਹਾਲੀ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ।
ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਐਕਸ ਗਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਉਸਦੀ ਇੱਕ ਭੈਣ ਨੂੰ ਸਰਕਾਰੀ ਨੌਕਰੀ ਵਜੋਂ ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 1 ਮਾਰਚ ਤੋਂ ਸ਼ੁਰੂ ਹੋਣ ਵਾਲੇ ਪੰਜਾਬ ਸਰਕਾਰ ਦੇ ਬਜਟ ਇਜਲਾਸ ਦੌਰਾਨ ਵੀ ਵਿਧਾਨ ਸਭਾ ਦੇ ਅੰਦਰ ਸ਼ੁਭਕਰਨ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਸ਼ੁਭਕਰਨ ਦਾ ਭੋਗ 3 ਮਾਰਚ ਨੂੰ ਰੱਖਿਆ ਗਿਆ ਹੈ। ਸ਼ੂੰਭ ਬਾਰਡਰ ਤੋਂ ਕਿਸਾਨ ਆਗੂਆਂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੱਲ ਰਹੇ ਕਿਸਾਨ ਅੰਦੋਲਨ ਦੇ ਅਗਲੇ ਪ੍ਰੋਗਰਾਮ ਸ਼ੁਭਕਰਨ ਦੇ ਭੋਗ ਵਾਲੇ ਦਿਨ ਉਸ ਦੇ ਪਿੰਡ ਵਿਖੇ ਇਕੱਠ ਦੇ ਸਾਹਮਣੇ ਐਲਾਨੇ ਜਾਣਗੇ। ਜ਼ਿਕਰਯੋਗ ਹੈ ਕਿ 21 ਫ਼ਰਵਰੀ ਨੂੰ ਸ਼ੁਭਕਰਨ ਦੀ ਮੌਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਆਪਣਾ ਦਿੱਲੀ ਕੂਚ ਕਰਨ ਦਾ ਪ੍ਰੋਗਰਾਮ ਉਸ ਦਾ ਸਸਕਾਰ ਹੋਣ ਕਾਰਨ ਅਤੇ ਅਗਲੇ ਫੈਸਲੇ ਤੱਕ ਰੋਕ ਦਿੱਤਾ ਸੀ।
ਸ਼ੁਭਕਰਨ ਦੋ ਭੈਣਾਂ ਦਾ ਇਕੱਲਾ ਭਾਈ ਸੀ ਅਤੇ ਉਸ ਦੇ ਪਰਿਵਾਰ ਉੱਤੇ ਲਗਭਗ 10 ਲੱਖ ਰੁਪਏ ਦਾ ਕਰਜ਼ਾ ਚੜ੍ਹਿਆ ਹੋਣ ਕਾਰਨ ਉਹ ਕਰਜ਼ੇ ਦੀ ਮੁਆਫੀ ਲਈ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਇਆ। ਕਿਸਾਨ ਆਗੂਆਂ ਵੱਲੋਂ ਸ਼ੁਭਕਰਨ ਦੇ ਪਰਿਵਾਰ ਦਾ ਬੈਂਕ ਖਾਤਾ ਜਨਤਕ ਕੀਤਾ ਗਿਆ, ਜਿਸ ਮਗਰੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਕਿਹਾ ਹੈ ਕਿ ਹੁਣ ਤੱਕ ਲਗਭਗ 75 ਲੱਖ ਰੁਪਏ ਉਨ੍ਹਾਂ ਦੇ ਖਾਤੇ ਵਿੱਚ ਦੇਸ਼ ਵਿਦੇਸ਼ ਤੋਂ ਦਾਨੀ ਲੋਕਾਂ ਨੇ ਭੇਜੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login