ਕਿਸਾਨ ਸੰਘਰਸ਼ 2.0: ਹਰਿਆਣਾ ਪੁਲਿਸ ਕਾਰਵਾਈ ’ਚ ਨੌਜਵਾਨ ਕਿਸਾਨ ਦੇ ‘ਕਤਲ’ ਨਾਲ ਸਿਆਸਤ ਭਖੀ
ਦਿੱਲੀ ਜਾਣ ਦਾ ਪ੍ਰੋਗਰਾਮ 29 ਫ਼ਰਵਰੀ ਤੱਕ ਕੀਤਾ ਮੁਲਤਵੀ
ਪਟਿਆਲ਼ਾ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਕਿਸਾਨ ਆਗੂ / ਕੇਕੇਐੱਮ
ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਤੋਂ ਦਿੱਲੀ ਵੱਲ ਕੂਚ ਕਰਨ ਲਈ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਬੁੱਧਵਾਰ ਨੂੰ ਹਰਿਆਣਾ ਪੁਲਿਸ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਭਾਰੀ ਬਲ ਦੀ ਵਰਤੋਂ ਕੀਤੀ ਗਈ। ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਅੱਥਰੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ, ਲਾਠੀਚਾਰਜ ਕੀਤਾ ਗਿਆ, ਜਿਸ ਵਿੱਚ ਖਨੌਰੀ ਬਾਰਡਰ ਉੱਤੇ ਹਾਲਾਤ ਬਹੁਤ ਤਣਾਅਪੂਰਣ ਬਣ ਗਏ। ਇੱਥੇ ਵਾਪਰੀਆਂ ਘਟਨਾਵਾਂ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਕਾਰ ਆਪਸੀ ਟਕਰਾਅ ਹੋਇਆ ਅਤੇ ਇੱਕ ਨੌਜਵਾਨ ਕਿਸਾਨ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ ਅਤੇ 50 ਤੋਂ ਵੱਧ ਕਿਸਾਨ ਜ਼ਖਮੀ ਹੋਏ। ਹਰਿਆਣਾ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੇ ਉਸ ਦੇ ਜਵਾਨਾਂ ਉੱਤੇ ਹਮਲਾ ਕੀਤਾ ਅਤੇ ਜੀਂਦ ਜ਼ਿਲ੍ਹਾ ਪੁਲਿਸ ਨੇ 307 ਦਾ ਪਰਚਾ ਦਰਜ ਕੀਤਾ ਹੈ।
ਇਹ ਕਿਸਾਨੀ ਸੰਘਰਸ਼ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿੱਚ ਚੱਲ ਰਿਹਾ ਹੈ, ਜਿਸ ਦੀ ਮੁੱਖ ਮੰਗਾਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਯਕੀਨੀ ਬਣਾਉਣ ਲਈ ਕਾਨੂੰਨ, ਕਿਸਾਨ ਮਜ਼ਦੂਰ ਦਾ ਕਰਜ਼ਾ ਮੁਆਫ਼ੀ, ਸੀ2+50 ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਫਸਲਾਂ ਦਾ ਮੁੱਲ ਤੇਅ ਕਰਨਾ ਆਦਿ ਹਨ।
ਇਨ੍ਹਾਂ ਘਟਨਾਵਾਂ ਕਰਕੇ ਫਿਲਹਾਲ ਕਿਸਾਨ ਜਥੇਬੰਦੀਆਂ ਨੇ ਆਪਣਾ ਦਿੱਲੀ ਕੂਚ ਕਰਨ ਦਾ ਪ੍ਰੋਗਰਾਮ 29 ਫ਼ਰਵਰੀ ਤੱਕ ਮੁਲਤਵੀ ਕਰ ਦਿੱਤਾ ਹੈ ਅਤੇ ਉਸੇ ਦਿਨ ਹੀ ਅਗਲਾ ਪ੍ਰੋਗਰਾਮ ਦੇਣ ਦੀ ਗੱਲ ਆਖੀ ਹੈ।
ਖਨੌਰੀ ਬਾਰਡਰ ’ਤੇ ਬਠਿੰਡਾ ਜ਼ਿਲ੍ਹੇ ਦੇ ਬਲ੍ਹੋ ਪਿੰਡ ਦੇ 22 ਸਾਲਾ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਕਥਿਤ ਤੌਰ ਪੁਲਿਸ ਦੀ ਗੋਲੀ ਨਾਲ ਮੌਤ ਹੋ ਗਈ। ਸ਼ੁਭਕਰਨ ਸਿੰਘ ਪਰਿਵਾਰ ਦਾ ਸਹਾਰਾ ਸੀ ਅਤੇ ਉਨ੍ਹਾਂ ਉੱਤੇ ਲਗਭਗ 10 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਦੇ ਮੁਆਫ਼ ਹੋਣ ਦੀ ਉਮੀਦ ਨਾਲ ਉਹ ਕਿਸਾਨੀ ਸੰਘਰਸ਼ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਥੇ ਨਾਲ ਸ਼ਾਮਲ ਹੋਇਆ। ਪਰਿਵਾਰ ਪਾਸ ਕੇਵਲ 2.5 ਕਿੱਲਾ ਜ਼ਮੀਨ ਹੈ। ਸ਼ੁਭਕਰਨ ਦਾ ਮ੍ਰਿਤਕ ਸ਼ਰੀਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਮੁਰਦਾ ਘਰ ਵਿੱਚ ਰੱਖਿਆ ਹੋਇਆ ਹੈ ਅਤੇ ਪਰਿਵਾਰ ਵੱਲੋਂ ਕਤਲ ਦਾ ਪਰਚਾ ਦਰਜ ਹੋਣ ਤੱਕ ਉਸਦਾ ਸਸਕਾਰ ਕਰਨ ਤੋਂ ਇਨਕਾਰ ਕੀਤਾ ਗਿਆ ਹੈ।
ਕਿਸਾਨ ਆਗੂਆਂ ਦੇ ਕਹੇ ਅਨੁਸਾਰ ਸ਼ੁਭਕਰਨ ਦਾ ‘ਕਤਲ ਹਰਿਆਣਾ ਪੁਲਿਸ ਦੀ ਗੋਲੀ ਨਾਲ ਹੋਈ ਪੰਜਾਬ ਦੀ ਹੱਦ ਅੰਦਰ ਹੋਈ ਹੈ’। ਇਸ ਘਟਨਾ ਨੂੰ ਲੈ ਕੇ ਪੰਜਾਬ ਹਰਿਆਣਾ ਦੀ ਸਿਆਸਤ ਭਖ ਗਈ ਹੈ ਅਤੇ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਚੱਲ ਰਹੀ ਗੱਲਬਾਤ ਵੀ ਫਿਲਹਾਲ ਰੁਕ ਗਈ ਹੈ।
ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸ਼ੁਭਕਰਨ ਸਿੰਘ ਦੀ ਗਿੱਚੀ (ਸਿਰ ਦੇ ਪਿੱਛੇ) ਗੋਲੀ ਸੀ ਸੱਟ ਦਾ ਨਿਸ਼ਾਨ ਹੈ ਅਤੇ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਉਸ ਨੂੰ ਪੰਜਾਬ ਦੀ ਹੱਦ ਅੰਦਰ ਆ ਕੇ ਮਾਰਿਆ ਹੈ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ ਉੱਤੇ ਪੰਜਾਬ ਦੀ ਹੱਦ ਅੰਦਰ ਖੜ੍ਹੇ ਕਿਸਾਨਾਂ ਦੇ 30 ਤੋਂ ਵੱਧ ਟਰ੍ਰੈਕਟਰ, ਗੱਡੀਆਂ ਅਤੇ ਹੋਰ ਵਾਹਨਾਂ ਬੁਰੀ ਤਰ੍ਹਾਂ ਭੰਨੇ ਹਨ।
ਕਿਸਾਨ ਆਗੂ ਮੰਗ ਕਰ ਰਹੇ ਹਨ ਕਿ ਸ਼ੁਭਕਰਨ ਦੀ ਮੌਤ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਹਰਿਆਣਾ ਦੇ ਜਿੰਮੇਵਾਰ ਪੁਲਿਸ ਅਧਿਕਾਰੀਆਂ ਉੱਤੇ ਪਰਚਾ ਦਰਜ ਕਰਕੇ ਕਾਰਵਾਈ ਕਰੇ। ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦੇ ਨਾਲ-ਨਾਲ ਉਸਦੀ ਭੈਣ ਨੂੰ ਪੱਕੀ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ।
ਹਾਲਾਂਕਿ ਸ਼ੁੱਕਰਵਾਰ ਨੂੰ ਹੀ ਰਜਿੰਦਰਾ ਹਸਪਤਾਲ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਸਾਨ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਅਤੇ ਸੁਰਜੀਤ ਸਿੰਘ ਫੂਲ ਨੇ ਪੰਜਾਬ ਸਰਕਾਰ ਨੂੰ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਹਰਿਆਣਾ ਪੁਲਿਸ ਵਿਰੁੱਧ ਪਰਚਾ ਦਰਜ ਨਹੀਂ ਹੁੰਦਾ ਉਦੋਂ ਤੱਕ ਸ਼ੁਭਕਰਨ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਸਰਕਾਰ ਦੀ ਕੋਈ ਪੇਸ਼ਕਸ਼ ਮੰਨੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਪਰਚਾ ਦਰਜ ਹੋਣ ਤੱਕ ਸ਼ੁਭਕਰਨ ਦਾ ਪੋਸਟ ਮਾਰਟਮ ਵੀ ਨਹੀਂ ਕਰਵਾਉਣਗੇ।
ਇਸ ਦੇ ਨਾਲ ਹੀ ਸ਼ੁਭਕਰਨ ਦੀ ਮੌਤ ਕਾਰਨ ਕਿਸਾਨ ਜਥੇਬੰਦੀਆਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਵਿਰੁੱਧ ਰੋਸ ਵਜੋਂ 23 ਅਤੇ 24 ਫ਼ਰਵਰੀ ਦੋ ਦਿਨਾਂ ਦਾ ਕਾਲਾ ਦਿਵਸ ਮਨਾਇਆ। ਕਿਸਾਨ ਆਗੂਆਂ ਨੇ ਫੈਸਲਾ ਕੀਤਾ ਕਿ ਸ਼ੁਭਕਰਨ ਦੇ ਸਸਕਾਰ ਤੱਕ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਪਹਿਲਾਂ ਵਾਂਗ ਸ਼ਾਂਤਮਈ ਢੰਗ ਨਾਲ ਬੈਠੇ ਰਹਿਣਗੇ। ਹਾਲਾਤ ਦੀ ਸਮੀਖਿਆ ਮਗਰੋਂ ਦਿੱਲੀ ਕੂਚ ਬਾਰੇ ਅਗਲੀ ਰਣਨੀਤੀ ਦਾ ਐਲਾਨ 29 ਫ਼ਰਵਰੀ ਨੂੰ ਕੀਤਾ ਜਾਵੇਗਾ।
ਹਰਿਆਣਾ ਪੁਲਿਸ ਵੱਲੋਂ ਕਿਸਾਨ ਆਗੂਆਂ ’ਤੇ ਐੱਨਐੱਸਏ ਲਗਾਉਣ ਦਾ ਫੈਸਲਾ ਕਰਕੇ ਲਿਆ ਵਾਪਸ
ਹਰਿਆਣਾ ਦੇ ਅੰਬਾਲਾ ਜ਼ਿਲ੍ਹਾ ਪੁਲਿਸ ਨੇ ਵੀਰਵਾਰ ਦੇਰ ਰਾਤ ਨੂੰ ਆਪਣੇ ਐਕਸ ਪੋਸਟ ਉੱਤੇ ਜਾਣਕਾਰੀ ਸਾਂਝੀ ਕਰਕੇ ਕਿਹਾ ਕਿ ਉਸਦੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਆਗੂਆਂ ਉੱਤੇ ਨੈਸ਼ਨਲ ਸਕਿਓਰਿਟੀ ਐਕਟ (ਐੱਨਐੱਸਏ) 1980 ਲਗਾ ਕਿ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਕਿਸਾਨ ਆਗੂ ਲਗਾਤਾਰ ਧਰਨਾਕਾਰੀਆਂ ਨੂੰ ਆਪਣੀਆਂ ਸਪੀਚਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਨਾਲ ਸਰਕਾਰ ਦੇ ਵਿਰੁੱਧ ਭੜਕਾ ਰਹੇ ਹਨ, ਜਿਸ ਨਾਲ ਆਪਸੀ ਭਾਈਚਾਰਾ ਅਤੇ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ। ਇਸ ਲਈ ਉਨ੍ਹਾਂ ਵਿਰੁੱਧ ਐੱਨਐੱਸਏ ਤਹਿਤ ਕਾਰਵਾਈ ਕਰਕੇ ਨਜ਼ਰਬੰਦ ਕਰਨ ਦੀ ਤਿਆਰੀ ਕਰ ਲਈ ਗਈ ਹੈ।
ਹਾਲਾਂਕਿ ਸ਼ੁੱਕਰਵਾਰ ਸਵੇਰੇ ਅੰਬਾਲਾ ਪੁਲਿਸ ਨੇ ਆਪਣਾ ਪੁਰਾਣਾ ਪੋਸਟ ਹਟਾ ਕੇ ਨਵਾਂ ਪੋਸਟ ਪਾਇਆ, ਜਿਸ ਵਿੱਚ ਕਿਹਾ ਗਿਆ ਕਿ ਕਿਸਾਨ ਆਗੂਆਂ ਵਿਰੁੱਧ ਐੱਨਐੱਸਏ ਤਹਿਤ ਕਾਰਵਾਈ ਨਹੀਂ ਕੀਤੀ ਜਾਵੇਗੀ।
ਇਸ ਦੌਰਾਨ ਦੋਵੇਂ ਕਿਸਾਨ ਜਥੇਬੰਦੀਆਂ ਨੇ 24 ਫ਼ਰਵਰੀ ਨੂੰ ਦੇਸ਼ ਭਰ ਵਿੱਚ ਸ਼ਾਮ ਨੂੰ ਸ਼ੁਭਕਰਨ ਸਿੰਘ ਅਤੇ ਹੋਰ 3 ਕਿਸਾਨਾਂ ਜਿਨ੍ਹਾਂ ਦੀ ਮੌਤ ਹੋਈ ਹੈ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ 25 ਫ਼ਰਵਰੀ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਵਰਲਡ ਟ੍ਰੇਡ ਓਰਗਨਾਈਜ਼ੇਸ਼ਨ (WTO) ਦੇ ਵਿਸ਼ੇ ’ਤੇ ਸੰਮੇਲਨ ਕਰਕੇ ਦੇਸ਼ ਭਰ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਪ੍ਰੋਗਰਾਮ ਦਿੱਤਾ ਹੈ। 26 ਫ਼ਰਵਰੀ ਨੂੰ ਸਾਰੇ ਪਿੰਡਾਂ ਵਿੱਚ WTO ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਹੈ ਅਤੇ ਸ਼ਾਮ ਨੂੰ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ WTO ਦੇ ਵੱਡੇ ਪੁਤਲੇ ਫੂਕੇ ਜਾਣਗੇ।
27 ਫ਼ਰਵਰੀ ਨੂੰ ਰਾਸ਼ਟਰੀ ਪੱਧਰ ਦੇ ਬੈਠਕ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਹੋਵੇਗੀ ਅਤੇ 28 ਫ਼ਰਵਰੀ ਨੂੰ ਦੋਵੇਂ ਫੋਰਮਾਂ ਦੀ ਸਾਂਝੀ ਬੈਠਕ ਹੋਵੇਗੀ ਜਿਸ ਉਪਰੰਤ 29 ਫ਼ਰਵਰੀ ਨੂੰ ਕਿਸਾਨ ਅੰਦੋਲਨ ਬਾਰੇ ਅਗਲੇ ਫੈਸਲਿਆਂ ਦਾ ਐਲਾਨ ਹੋਵੇਗਾ।
ਐੱਸਕੇਐੱਮ ਦੀ ਇਕੱਤਰਤਾ
ਵੀਰਵਾਰ ਨੂੰ ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਦੀ ਵੀ ਇੱਕ ਇਕੱਤਰਤਾ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿੱਚ ਹੋਈ। ਇਕੱਤਰਤਾ ਉਪਰੰਤ ਐੱਸਕੇਐੱਮ ਨੇ ਸ਼ੁਭਕਰਨ ਦੇ ਮਾਮਲੇ ਵਿੱਚ ਹਰਿਆਣਾ ਪੁਲਿਸ ਦੇ ਖਿਲਾਫ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ। ਇਹ ਵੀ ਪ੍ਰੋਗਰਾਮ ਦਿੱਤਾ ਕਿ 26 ਫ਼ਰਵਰੀ ਨੂੰ ਆਬੂ ਧਾਬੀ ਵਿਖੇ WTO ਮਿਨੀਸਟ੍ਰਿਯਲ ਕਾਨਫਰੰਸ ਵਾਲੇ ਦਿਨ ਐੱਸਕੇਐੱਮ ਦੇਸ਼ ਭਰ ਵਿੱਚ ਰਾਸ਼ਟਰੀ ਅਤੇ ਸੂਬਾ ਪੱਧਰੀ ਹਾਈਵੇਆਂ ਉੱਤੇ ਇੱਕ ਪਾਸੇ ਟ੍ਰੈਕਟਰ ਪਰੇਡ ਕਰੇਗਾ। 14 ਮਾਰਚ ਨੂੰ ਦਿੱਲੀ ਵਿਖੇ ਕਿਸਾਨ ਮਹਾਪੰਚਾਇਤ ਕਰਕੇ ਪਿਛਲੇ ਕਿਸਾਨ ਅੰਦੋਲਨ ਸਮੇਂ ਮੰਨੀਆਂ ਗਈਆਂ ਮੰਗਾਂ ਨੂੰ ਮਨਵਾਉਣ ਲਈ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ 6-ਮੈਂਬਰੀ ਕਮੇਟੀ ਬਣਾ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ।
ADVERTISEMENT
ADVERTISEMENT
ADVERTISEMENT
E Paper
ADVERTISEMENT
Video
Comments
Start the conversation
Become a member of New India Abroad to start commenting.
Sign Up Now
Already have an account? Login