ਕੈਨੇਡਾ ਸੰਘੀ ਚੋਣਾਂ ਦੇ ਨਤੀਜਿਆਂ ਦੇ ਤਾਜ਼ਾ ਰੁਝਾਨਾਂ ਮੁਤਾਬਕ ਲਿਬਰਲ ਪਾਰਟੀ ਦੇ ਮਾਰਕ ਕਾਰਨੀ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਬਣੇ ਰਹਿਣਗੇ। ਪਾਰਟੀ ਨੇ ਸੋਮਵਾਰ ਨੂੰ ਕੈਨੇਡਾ ਵਿੱਚ ਹੋਈਆਂ ਆਮ ਚੋਣਾਂ ਜਿੱਤ ਲਈਆਂ ਹਨ। ਹਾਲਾਂਕਿ ਰਾਸ਼ਟਰੀ ਬ੍ਰਾਡਕਾਸਟਰ ਸੀਬੀਸੀ ਦੇ ਅਨੁਸਾਰ ਪਾਰਟੀ ਬਹੁਮਤ ਪ੍ਰਾਪਤ ਕਰਨ ਤੋਂ ਪਿੱਛੇ ਰਹੇਗੀ। ਇਹ ਚੋਣਾਂ ਅਜਿਹੇ ਸਮੇਂ ਹੋਈਆਂ ਹਨ ਜਦੋਂ ਕੈਨੇਡਾ ਆਪਣੇ ਗੁਆਂਢੀ ਮੁਲਕ ਅਮਰੀਕਾ ਨਾਲ ਟੈਰਿਫ ਯੁੱਧ ਵਿੱਚ ਉਲਝਿਆ ਹੋਇਆ ਹੈ। ਇਸ ਚੋਣ ਦਾ ਅਧਿਕਾਰਤ ਨਤੀਜਾ 30 ਅਪ੍ਰੈਲ ਜਾਂ 1 ਮਈ ਨੂੰ ਆਵੇਗਾ।
ਚੋਣ ਵਿਸ਼ਲੇਸ਼ਕਾਂ ਅਨੁਸਾਰ ਸ਼ੁਰੂ ਵਿੱਚ ਕੈਨੇਡਾ ਵਿੱਚ ਮਾਹੌਲ ਲਿਬਰਲ ਪਾਰਟੀ ਦੇ ਹੱਕ ਵਿੱਚ ਨਹੀਂ ਜਾਪਦਾ ਸੀ, ਪਰ ਟਰੰਪ ਨੇ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਬਾਰੇ ਗੱਲ ਕੀਤੀ ਅਤੇ ਉਸ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੈਨੇਡਾ ਦਾ ਗਵਰਨਰ ਕਹਿ ਕੇ ਸੰਬੋਧਿਤ ਕੀਤਾ। ਉਨ੍ਹਾਂ ਨੇ ਕੈਨੇਡਾ ’ਤੇ ਜਵਾਬੀ ਟੈਕਸ ਵੀ ਲਗਾਏ। ਟਰੰਪ ਦੀਆਂ ਇਨ੍ਹਾਂ ਕਾਰਵਾਈਆਂ ਨੇ ਕੈਨੇਡਾ ਦੇ ਲੋਕਾਂ ਵਿਚ ਗੁੱਸਾ ਵਧਾਇਆ ਤੇ ਰਾਸ਼ਟਰਵਾਦ ਦੀ ਮਜ਼ਬੂਤ ਭਾਵਨਾ ਨੇ ਲਿਬਰਲ ਪਾਰਟੀ ਦੇ ਹੱਕ ਵਿਚ ਲੋਕਾਂ ਨੂੰ ਭੁਗਤਣ ਪ੍ਰੇਰਿਤ ਕੀਤਾ।
ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਲਿਬਰਲਾਂ ਦੀ ਜਿੱਤ ਦਾ ਐਲਾਨ, ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਸਾਹਮਣੇ ਆਉਣ ਤੋਂ ਬਾਅਦ ਕੀਤਾ। ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਕਿਹਾ ਕਿ ਲਿਬਰਲਾਂ ਨੂੰ ਕੰਜ਼ਰਵੇਟਿਵਾਂ ਨਾਲੋਂ ਸੰਸਦ ਦੀਆਂ 343 ਸੀਟਾਂ ਵਿੱਚੋਂ ਵਧੇਰੇ ਸੀਟਾਂ ਮਿਲਣਗੀਆਂ। ਇਹ ਅਜੇ ਸਪੱਸ਼ਟ ਨਹੀਂ ਸੀ ਕਿ ਕੀ ਲਿਬਰਲਾਂ ਨੂੰ ਪੂਰਾ ਬਹੁਮਤ ਮਿਲੇਗਾ, ਜਿਸ ਨਾਲ ਉਹ ਮਦਦ ਦੀ ਲੋੜ ਤੋਂ ਬਿਨਾਂ ਕਾਨੂੰਨ ਪਾਸ ਕਰ ਸਕਣਗੇ।
2015 ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਮਾਰਕ ਕਾਰਨੀ ਨੂੰ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ।ਭਾਵੇਂ ਕੈਨੇਡਾ ਵਿੱਚ ਅਧਿਕਾਰਤ ਤੌਰ 'ਤੇ ਅਕਤੂਬਰ 2025 ਵਿੱਚ ਚੋਣਾਂ ਹੋਣੀਆਂ ਸਨ, ਪਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਪਿਛਲੇ ਮਹੀਨੇ ਨਵੀਆਂ ਚੋਣਾਂ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਟਰੰਪ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਜਨਾਦੇਸ਼ ਦੀ ਲੋੜ ਹੈ।
Comments
Start the conversation
Become a member of New India Abroad to start commenting.
Sign Up Now
Already have an account? Login