ਭਖੀ ਹੋਈ ਪੰਥਕ ਸਿਆਸਤ ਅਤੇ ਪੰਜਾਬ ਦੀ ਖੇਤਰੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਕਟ ਦੇ ਚੱਲਦਿਆਂ ਹੁਣ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੱਕ ਵਿੱਚ ਆ ਗਏ ਹਨ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬੀ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਕਈ ਨਿਹੰਗ ਸਿੰਘ ਜਥੇਬੰਦੀਆਂ ਨੇ ਮੰਗਲਵਾਰ 4 ਮਾਰਚ ਨੂੰ ਸਕੱਤਰੇਤ ਅਕਾਲ ਤਖ਼ਤ ਸਾਹਿਬ ਪੁੱਜ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਮਰਪਿਤ ਭਾਵਨਾ ਵਾਲਾ ਪੱਤਰ ਸੌਂਪਿਆ।
ਨਿਹੰਗ ਜਥੇਬੰਦੀਆਂ ਦੇ ਆਗੂਆਂ ਨੇ ਜਥੇਦਾਰ ਅਕਾਲ ਤਖ਼ਤ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। ਜਥੇਦਾਰ ਨੂੰ ਸੌਂਪੇ ਪੱਤਰ ਵਿੱਚ ਕਿਹਾ ਗਿਆ ਕਿ, “ਮੌਜੂਦਾ ਪੰਥਕ ਹਾਲਾਤ ਜਿਸ ਕਸਵੱਟੀ ’ਤੇ ਖੜ੍ਹੇ ਹਨ ਉਸ ਨਾਲ ਹਰ ਪੰਥ ਦਰਦੀ ਚਿੰਤਾ ਤੇ ਵੈਰਾਗ ਵਿੱਚ ਹੈ। ਸਿੱਖ ਕੌਮ ਦੇ ਸਰਬਉੱਚ ਕੇਂਦਰੀ ਮੀਰੀ ਪੀਰੀ ਦੇ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਹੋਏ ਗੁਰਮਤਿਆਂ ਨੂੰ ਜਿਸ ਲੁਕਵੇਂ ਢੰਗ ਨਾਲ ਤਾਰਪੀਡੋ ਕਰਨ ਲਈ ਯਤਨ ਹੋਏ ਤੇ ਕੀਤੇ ਜਾ ਰਹੇ ਹਨ ਇਹ ਕੌਮ ਦਰਦੀਆਂ ਤੋਂ ਸਹਿਨ ਨਹੀਂ ਹੋ ਰਿਹਾ।”
“2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤਾ ਹੁਕਮਨਾਮਾ ਪੰਥਕ ਜੁਗਤ ਅਨੁਸਾਰ ਇਤਿਹਾਸਕ ਹੈ। ਇਸ ਦੀ ਹਰ ਮੱਦ ਇੰਨਬਿੰਨ ਸੰਗਤੀ ਰੂਪ ਵਿੱਚ ਲਾਗੂ ਹੋਣੀ ਚਾਹੀਦੀ ਹੈ। ਇਸ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪੂਰੀ ਦ੍ਰਿੜ੍ਹਤਾ, ਦਲੇਰੀ, ਨਿਰਭੈਤਾ ਨਾਲ ਇਸ ’ਤੇ ਪਹਿਰਾ ਦੇਣ, ਗੁਰੂ ਪੰਥ ਦੀਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰਨ ਸਮਰਪਣ, ਸਹਿਯੋਗ ਦੇਣ ਲਈ ਹਰ ਵੇਲੇ ਤੱਤਪਰ ਤੇ ਸਮਰਪਿਤ ਹਨ”, ਨਿਹੰਗ ਜਥੇਬੰਦੀਆਂ ਵੱਲੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪੇ ਪੱਤਰ ਵਿੱਚ ਅੱਗੇ ਕਿਹਾ ਗਿਆ।
ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਬਾਬਾ ਬਲਬੀਰ ਸਿੰਘ ਨੇ ਕਿਹਾ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਹਨ। ਬਾਬਾ ਬਲਬੀਰ ਸਿੰਘ ਨੇ ਕਿਹਾ, “ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਪੰਥਕ ਮਰਯਾਦਾ ਤੋਂ ਮੁਨਕਰ ਲੋਕਾਂ ਦੇ ਬਿਸਤਰੇ ਗੋਲ ਕਰਵਾਉਂਦਾ ਆਇਆ ਹੈ ਅੱਜ ਇਹ ਵੀ ਇਕ ਇਤਿਹਾਸ ਸਿਰਜਨ ਦੀ ਲੋੜ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੋਂ ਮੁਨਕਰ ਕੋਈ ਵੀ ਧਿਰ ਹੋਵੇ ਉਸ ਨੂੰ ਸਜ਼ਾ ਭੁਗਤਣੀ ਪਈ ਹੈ। ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀਆਂ ਸ਼ਾਨ ਹੈ ਇਸ ਦੀ ਆਨ ਸ਼ਾਨ ਵੱਲ ਕਿਸੇ ਨੂੰ ਵੀ ਕੈਰੀ ਅੱਖ ਨਾਲ ਨਹੀਂ ਵੇਖਣ ਦਿਆਂਗੇ। ਜਥੇਦਾਰਾਂ ਖਿਲਾਫ ਸੋਸ਼ਲ ਮੀਡੀਏ ਵਿੱਚ ਤੋਹਮਤ ਵਾਲੀ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਕਰਨ ਦੀ ਜ਼ੁਅਰਤ ਕਰਨੀ ਚਾਹੀਦੀ ਹੈ।”
ਉਨ੍ਹਾਂ ਕਿਹਾ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਿੱਖਾਂ ਦੀਆਂ ਸਾਂਝੀਆਂ ਸੰਸਥਾਵਾਂ ਹਨ ਪਰ ਅਕਾਲ ਤਖ਼ਤ ਸਾਹਿਬ ਦਾ ਅਧਿਕਾਰ ਖੇਤਰ ਵਿਸ਼ਵਵਿਆਪੀ ਹੈ ਅਤੇ ਤਖ਼ਤਾਂ ਦੇ ਜਥੇਦਾਰਾਂ ਦੇ ਆਦੇਸ਼ ਵੀ ਇਸੇ ਸੰਦਰਭ ਵਿੱਚ ਲਾਗੂ ਹੁੰਦੇ ਹਨ। ਉਨ੍ਹਾਂ ਅਸਿੱਧੇ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਹਾ ਕਿ ਜੇਕਰ ਇੱਕ ਵਾਰ ਗਲਤੀ ਕਰਕੇ ਉਸ ਨੂੰ ਪ੍ਰਵਾਨ ਕਰਦਿਆਂ ਉਸ ਦੀ ਖਿਮਾ ਜਾਚਨਾ ਤਖ਼ਤ ਸਾਹਿਬ ਤੋਂ ਮੰਗ ਲਈ ਹੋਵੇ ਤਾਂ ਬਾਅਦ ਵਿੱਚ ਮੁੱਕਰਨਾ ਠੀਕ ਨਹੀਂ। ਅਤੇ ਜੇਕਰ ਮੁੱਕਰ ਗਏ ਤਾਂ ਦੁਬਾਰਾ ਖਿਮਾ ਜਾਚਨਾ ਕਰਨੀ ਚਾਹੀਦੀ ਹੈ।
‘ਜਥੇਦਾਰ ਡਟ ਕੇ ਪਹਿਰਾ ਦੇਣ’
ਬਾਬਾ ਬਲਬੀਰ ਸਿੰਘ ਨੇ ਜਥੇਦਾਰ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ 2 ਦਸੰਬਰ 2024 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਜੋ ਫੈਸਲਾ ਹੋਇਆ ਹੈ ਉਸ ਉੱਤੇ ਡਟ ਕੇ ਪਹਿਰਾ ਦੇਣ ਅਤੇ ਜੇਕਰ ਕੋਈ ਆਪਣੇ ਬਚਨਾਂ ਉੱਤੇ ਕਾਇਮ ਨਹੀਂ ਰਹਿੰਦਾ ਤਾਂ ਜਥੇਦਾਰ ਵੱਲੋਂ ਇਹ ਕਹਿਣਾ ਕਿ ‘ਮੇਰਾ, ਬੈਗ ਵਿੱਚ ਸਮਾਨ ਪੈਕ ਹੈ’, ਬਿਲਕੁਲ ਠੀਕ ਨਹੀਂ। ਉਨ੍ਹਾਂ ਕਿਹਾ ਕਿ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਜਥੇਦਾਰ ਦੇ ਨਾਲ ਹਨ ਅਤੇ ਉਹ ਅਜਿਹਾ ਨਹੀਂ ਹੋਣ ਦੇਣਗੇ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਕਿਹਾ ਕਿ ਜਥੇਦਾਰਾਂ ਦੀ ਮਹੱਤਤਾ ਅਤੇ ਸ਼ਾਨ ਨੂੰ ਸਮਝਣ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸ਼੍ਰੋਮਣੀ ਕਮੇਟੀ ਦੇ ਨਾਲ ਹਨ ਪਰ ਸੰਸਥਾ ਮਰਯਾਦਾ ਦੇ ਨਾਲ ਚੱਲੇ। ਅਕਾਲ ਤਖ਼ਤ ਦੇ ਜਥੇਦਾਰ ਫੈਸਲਿਆਂ ਨੂੰ ਜੁਰਤ ਨਾਲ ਲਾਗੂ ਕਰਵਾਉਣ।
ਜਥੇਦਾਰਾਂ ਦੀ ਨਿਯੁਕਤੀ ਬਾਰੇ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਬਾਬਾ ਬਲਬੀਰ ਸਿੰਘ ਨੇ ਕਿਹਾ, “ਇਤਿਹਾਸ ਵਿੱਚ ਸਰਬੱਤ ਖ਼ਾਲਸਾ ਦੇ ਰਾਹੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਚੁਣ ਜਾਂਦੇ ਸੀ। ਜਦੋਂ ਤੋਂ 1925 ਦਾ ਐਕਟ ਬਣਿਆ ਹੈ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਰਾਹੀਂ ਜਥੇਦਾਰ ਨਿਯੁਕਤ ਹੋਣ ਲੱਗੇ। ਅਸੀਂ ਬੇਨਤੀ ਕਰਦੇ ਹਾਂ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਰਬੱਤ ਖ਼ਾਲਸੇ ਰਾਹੀਂ ਲਗਾਏ ਜਾਣੇ ਚਾਹੀਦੇ ਹਨ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੇ ਹੁਕਮ ਕਰ ਦੇਣ ਤਾਂ ਦੂਜੇ ਦਿਨ ਹੀ ਸਰਬੱਤ ਖ਼ਾਲਸਾ ਹੋ ਸਕਦਾ ਹੈ।”
Comments
Start the conversation
Become a member of New India Abroad to start commenting.
Sign Up Now
Already have an account? Login