ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ 4 ਦਸੰਬਰ ਨੂੰ ਸ. ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕਰਨ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਡਿਊਢੀ ਉੱਤੇ ਗੋਲੀਆਂ ਮਾਰਨ ਦੇ ਦੋਸ਼ੀ ਸ. ਨਰਾਇਣ ਸਿੰਘ ਨੂੰ ਪੰਥ ਵਿੱਚੋਂ ਖਾਰਜ ਕਰਨ ਦੀ ਮੰਗ ਕੀਤੀ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਵਿੱਚ ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲਾ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਅਮਰੀਕ ਸਿੰਘ ਵਛੋਆ ਅਤੇ ਸ. ਰਵਿੰਦਰ ਸਿੰਘ ਖ਼ਾਲਸਾ ਸ਼ਾਮਲ ਸਨ।
ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਅਹੁਦੇਦਾਰਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੇ ਮੰਗ ਪੱਤਰ ਵਿੱਚ ਕਿਹਾ ਗਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਧਾਰਮਿਕ ਸੇਵਾ ਸਮਰਪਣ ਭਾਵਨਾ ਨਾਲ ਨਿਭਾਅ ਰਹੇ ਸ. ਸੁਖਬੀਰ ਸਿੰਘ ਬਾਦਲ ’ਤੇ ਮਿਤੀ 4 ਦਸੰਬਰ 2024 ਨੂੰ ਨਰਾਇਣ ਸਿੰਘ ਨਾਂ ਦੇ ਵਿਅਕਤੀ ਵੱਲੋਂ ਕੀਤੇ ਗਏ ਹਮਲੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਡਿਊਢੀ ਦੇ ਥੰਮ੍ਹ ਉੱਪਰ ਗੋਲੀਆਂ ਲੱਗਣ ਨਾਲ ਸਾਨੂੰ ਗਹਿਰਾ ਮਾਨਸਿਕ ਦੁੱਖ ਪੁੱਜਾ ਹੈ।
ਉਨ੍ਹਾਂ ਕਿਹਾ ਕਿ ਇਹ ਹਮਲਾ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਸਿੱਧੇ ਤੌਰ ’ਤੇ ਤੌਹੀਨ ਹੈ, ਉਥੇ ਹੀ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਦੀ ਵੱਡੀ ਬੇਅਦਬੀ ਅਤੇ ਇਸ ਦੀ ਰੂਹਾਨੀਅਤ ਨੂੰ ਖੰਡਤ ਕਰਨ ਵਾਲੀ ਕੋਝੀ ਹਰਕਤ ਵੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਅਤੇ ਦੁਨੀਆ ਭਰ ਦੇ ਸ਼ਰਧਾਲੂ ਨਤਮਸਤਕ ਹੋ ਕੇ ਆਪਣੀ ਆਤਮਿਕ ਤ੍ਰਿਪਤੀ ਦੇ ਨਾਲ ਨਾਲ ਸ਼ਾਂਤੀ, ਸਹਿਜ, ਸੇਵਾ ਭਾਵ ਜਿਹੇ ਗੁਣਾਂ ਨੂੰ ਆਪਣੇ ਅੰਦਰ ਸਮੋਅ ਕੇ ਲੈਜਾਂਦੇ ਹਨ।
ਉਨ੍ਹਾਂ ਕਿਹਾ ਇਥੋਂ ਦੀਆਂ ਜੀਵਨ ਬਖਸ਼ਣ ਵਾਲੀਆਂ ਤਰੰਗਾਂ ਮਨੁੱਖ ਨੂੰ ਇੱਕ ਮੁਕੰਮਲ ਸਮਰਪਣ ਅਤੇ ਅਗੰਮੀ ਇਲਹਾਮ ਦਾ ਰਾਹ ਦਿਖਾਉਂਦੀਆਂ ਹਨ। ਅਜਿਹੇ ਪਾਵਨ ਅਸਥਾਨ ਵੱਲ ਹਮਲਾ ਕਰੋੜਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਤਾਰ ਤਾਰ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਸਿੱਖ ਜਗਤ ਕੋਲੋਂ ਤਾਂ ਪਹਿਲਾਂ ਹੀ ਜੂਨ 1984 ਸਮੇਂ ਕਾਂਗਰਸ ਹਕੂਮਤ ਵੱਲੋਂ ਇਸ ਅਸਥਾਨ ਉਤੇ ਕੀਤੇ ਗਏ ਫੌਜੀ ਹਮਲੇ ਦਾ ਦਰਦ ਨਹੀਂ ਭੁੱਲਿਆ ਜਾ ਰਿਹਾ ਅਤੇ ਹੁਣ ਇਸ ਤਾਜਾ ਹਰਕਤ ਨਾਲ ਇਕ ਵਾਰ ਫਿਰ ਸਿਖਾਂ ਨੂੰ ਮਾਨਸਿਕ ਪੀੜਾ ਪੁੱਜੀ ਹੈ।
ਗੋਲੀ ਲੱਗਣ ਨਾਲ ਹੋਈ ਬੇਅਦਬੀ ਦਾ ਪਸ਼ਚਾਤਾਪ ਅਤੇ ਗੁਰੂ ਸਾਹਿਬ ਤੋਂ ਮੁਆਫੀ ਇੱਕ ਲੋੜੀਂਦਾ ਅਮਲ ਹੈ ਜਿਸ ਨੂੰ ਮੁਕੰਮਲ ਕਰਨ ਵਾਸਤੇ ਹਰ ਸਿੱਖ ਅਤੇ ਇਸ ਪਾਵਨ ਅਸਥਾਨ ਤੇ ਆਸਥਾ ਰੱਖਦਾ ਹਰ ਵਿਅਕਤੀ ਸਿੱਖ ਕੌਮ ਦੀ ਅਗਵਾਈ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਸ ਰੱਖਦਾ ਹੈ।
ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਪੰਜ ਸਿੰਘ ਸਾਹਿਬਾਨ ਇਸ ਉਤੇ ਦੀਰਘ ਵਿਚਾਰ ਕਰਨ ਅਤੇ ਘਿਨੌਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨਰਾਇਣ ਸਿੰਘ ਨੂੰ ਪੰਥ ਵਿੱਚੋਂ ਛੇਕਣ।
Comments
Start the conversation
Become a member of New India Abroad to start commenting.
Sign Up Now
Already have an account? Login