ਦਿੱਲੀ ਦੇ ਨਵੰਬਰ 1984 ਵਿੱਚ ਸਿੱਖ ਕਤਲੇਆਮ ਦੌਰਾਨ ਤਿੰਨ ਸਿੱਖਾਂ ਦੇ ਕਤਲ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 21 ਅਪ੍ਰੈਲ ਨੂੰ ਰਾਊਜ਼ ਐਵੇਨਿਊ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ। ਇਸ ਮਾਮਲੇ ਵਿੱਚ ਜੀ.ਕੇ. ਨੇ ਚੱਲ ਰਹੀ ਜਾਂਚ ਦੌਰਾਨ ਸੀ.ਬੀ.ਆਈ ਨੂੰ ਟਾਈਟਲਰ ਦੇ ਸਟਿੰਗ ਆਪ੍ਰੇਸ਼ਨ ਦੀ ਇੱਕ ਸੀ.ਡੀ. ਸੌਂਪੀ ਸੀ ਜਿਸ ਵਿੱਚ ਦੋਸ਼ੀ ਕਾਂਗਰਸੀ ਆਗੂ ਕਥਿਤ ਤੌਰ ’ਤੇ ਇਹ ਇਕਬਾਲ ਕਰਦਾ ਹੈ ਕਿ ਉਸ ਨੇ 100 ਸਿੱਖਾਂ ਨੂੰ ਮਾਰਿਆ ਹੈ।
21 ਅਪ੍ਰੈਲ ਨੂੰ ਟਾਈਟਲਰ ਖੁਦ ਵੀ ਅਦਾਲਤ ਵਿੱਚ ਪੇਸ਼ ਹੋਇਆ ਅਤੇ ਇਸ ਦੌਰਾਨ ਅਦਾਲਤ ਅੰਦਰ ਉਸਦੇ ਸਟਿੰਗ ਆਪ੍ਰੇਸ਼ਨ ਵਾਲੀ ਸੀ.ਡੀ. ਵੀ ਚਲਾਈ ਗਈ। ਪੇਸ਼ੀ ਦੌਰਾਨ ਟਾਈਟਲਰ ਦੇ ਵਕੀਲਾਂ ਨੇ ਜੀ.ਕੇ. ਪਾਸੋਂ ਸਵਾਲ ਜਵਾਬ ਕੀਤੇ ਤੇ ਸੀ.ਡੀ. ਨੂੰ ਝੂਠਾ ਕਰਾਰ ਦਿੱਤਾ। ਇਸ ਮਾਮਲੇ ਦੀ ਅਗਲੀ ਪੇਸ਼ੀ ਹੁਣ 29 ਅਪ੍ਰੈਲ ਨੂੰ ਰੱਖੀ ਗਈ ਹੈ।
ਜੀ.ਕੇ. ਦੇ ਵਕੀਲ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਪੇਸ਼ੀ ਤੋਂ ਬਾਅਦ ਅਦਾਲਤ ਦੇ ਬਾਹਰ ਦੱਸਿਆ ਕਿ 1984 ਸਿੱਖ ਕਤਲੇਆਮ ਨਾਲ ਸਬੰਧਤ ਪੁਲਬੰਗਸ਼ ਗੁਰਦੁਆਰੇ ਵਿੱਚ ਹੋਏ ਤਿੰਨ ਸਿੱਖਾਂ ਦੇ ਕਤਲ ਦਾ ਮਾਮਲਾ ਵਿਚਾਰ ਅਧੀਨ ਹੈ। ਮਨਜੀਤ ਸਿੰਘ ਜੀ.ਕੇ. ਦੇ ਅੱਜ ਬਿਆਨ ਦਰਜ ਕੀਤੇ ਗਏ ਹਨ ਜਿਨ੍ਹਾਂ ਨੇ ਸੀ.ਬੀ.ਆਈ ਨੂੰ ਟਾਈਟਲਰ ਦਾ ਇੱਕ ਸਟਿੰਗ ਆਪ੍ਰੇਸ਼ਨ ਭੇਜਿਆ ਸੀ। ਇਸ ਵਿੱਚ ਟਾਈਟਲਰ ਨੇ ਮੰਨਿਆ ਸੀ ਕਿ ਉਸ ਨੇ 100 ਸਿੱਖਾਂ ਨੂੰ ਮਾਰਿਆ ਹੈ ਤੇ ਉਹ ਬਹੁਤ ਸ਼ਕਤੀਸ਼ਾਲੀ ਹੈ ਤੇ ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਉਹ ਦਿੱਲੀ ਦਾ ਮੁੱਖ ਮੰਤਰੀ ਬਣਨ ਵਾਲਾ ਹੈ। ਇਹ ਸਟਿੰਗ ਆਪ੍ਰੇਸ਼ਨ 2012 ਵਿੱਚ ਹੋਇਆ ਸੀ।
ਐਡਵੋਕੇਟ ਫੂਲਕਾ ਨੇ ਕਿਹਾ ਕਿ ਸੀ.ਡੀ. ਅਦਾਲਤ ਵਿੱਚ ਚਲਾਈ ਗਈ ਜਿਸ ਵਿੱਚ ਸਾਫ਼ ਦਿਖ ਰਿਹਾ ਹੈ ਕਿ ਜਗਦੀਸ਼ ਟਾਈਟਲਰ ਅਜਿਹੇ ਕਥਨ ਕਰ ਰਿਹਾ ਹੈ। ਜੀ.ਕੇ. ਨੇ ਅਦਾਲਤ ਵਿੱਚ ਤਸਦੀਕ ਕੀਤਾ ਕਿ ਇਹੀ ਉਹ ਸੀ.ਡੀ. ਸੀ ਜਿਸ ਨੂੰ ਉਨ੍ਹਾਂ ਨੇ ਸੀ.ਬੀ.ਆਈ ਨੂੰ ਸੌਂਪਿਆ ਸੀ। ਇਸ ਤੋਂ ਪਹਿਲਾਂ ਕੇਂਦਰੀ ਫੋਰੈਂਸਿਕ ਲੈਬ (ਸੀ.ਐੱਫ.ਐੱਲ) ਦੇ ਮਾਹਰ ਦਾ ਬਿਆਨ ਦਰਜ ਹੋ ਚੁੱਕਿਆ ਹੈ, ਜਿਸ ਨੇ ਕਿਹਾ ਹੈ ਕਿ ਸੀ.ਡੀ. ਬਿਲਕੁਲ ਠੀਕ ਹੈ ਅਤੇ ਇਸ ਨਾਲ ਕਿਸੇ ਕਿਸਮ ਦੀ ਕੋਈ ਛੇੜਛਾੜ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸੀ.ਐੱਫ.ਐੱਲ. ਦੇ ਮਾਹਰ ਨੇ ਇਹ ਵੀ ਬਿਆਨ ਦਰਜ ਕੀਤੇ ਹਨ ਕਿ ਸੀ.ਡੀ. ਵਾਲੀ ਅਵਾਜ਼ ਨੂੰ ਟਾਈਟਲਰ ਦੀ ਅਵਾਜ਼ ਨਾਲ ਮਿਲਾਇਆ ਗਿਆ ਹੈ ਜੋ ਕਿ ਬਿਲਕੁਲ ਸਹੀ ਹੈ। ਉਨ੍ਹਾਂ ਕਿਹਾ ਕਿ ਟਾਈਟਲਰ ਦੇ ਵਕੀਲ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਟਿੰਗ ਆਪ੍ਰੇਸ਼ਨ ਉਸਦਾ ਨਹੀਂ ਹੈ ਪਰੰਤੂ ਜੀ.ਕੇ. ਦੇ ਚੰਗੇ ਬਿਆਨਾਂ ਨਾਲ ਸਾਨੂੰ ਪੂਰੀ ਉਮੀਦ ਹੈ ਕਿ ਕੇਸ ਨੂੰ ਹੋਰ ਬਲ ਮਿਲੇਗਾ ਅਤੇ ਜਲਦ ਹੀ ਸੱਜਣ ਕੁਮਾਰ ਦੀ ਤਰ੍ਹਾਂ ਜਗਦੀਸ਼ ਟਾਈਟਲਰ ਵੀ ਜੇਲ੍ਹ ਵਿੱਚ ਹੋਵੇਗਾ।
ਫੂਲਕਾ ਨੇ ਕਿਹਾ ਕਿ ਟਾਈਟਲਰ ਦੇ ਵਕੀਲਾਂ ਦੀ ਤਰਫ਼ੋਂ ਅਜੇ ਜੀ.ਕੇ. ਪਾਸੋਂ ਸਵਾਲ ਜਵਾਬ ਬਾਕੀ ਹਨ ਅਤੇ ਮਾਮਲੇ ਦੀ ਅਗਲੀ ਤਰੀਕ 29 ਅਪ੍ਰੈਲ ਤੈਅ ਹੋਈ ਹੈ।
Comments
Start the conversation
Become a member of New India Abroad to start commenting.
Sign Up Now
Already have an account? Login