ਸਿਡਨੀ- ਆਸਟ੍ਰੇਲੀਆ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤਰਜਮਾਨੀ ਕਰਦੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦਾ 37ਵਾਂ ਆਯੋਜਨ ਮੁਕੰਮਲ ਹੋ ਗਿਆ ਹੈ। ਸਿਡਨੀ ਦੇ ਬਾਸ ਹਿੱਲ ਇਲਾਕੇ ਵਿੱਚ ਤਿੰਨ ਦਿਨ ਪਹਿਲਾਂ 18 ਅਪ੍ਰੈਲ ਨੂੰ ਦਰਸ਼ਕਾਂ ਦੇ ਵੱਡੇ ਇੱਕਠ ਨਾਲ ਇਨਾਂ ਖੇਡਾਂ ਦਾ ਆਗਾਜ਼ ਹੋਇਆ ਸੀ ਅਤੇ ਠੀਕ ਇਸੇ ਆਲਮ ਅਤੇ ਮਾਹੌਲ ਤਹਿਤ 20 ਅਪ੍ਰੈਲ ਨੂੰ ਇਹ ਖੇਡਾਂ ਸਫਲਤਾਪੂਰਬਕ ਮੁਕੰਮਲ ਹੋਈਆਂ ਹਨ। ਐਤਕੀਂ ਇਸ ਆਯੋਜਨ ਤਹਿਤ ਵੱਖ-ਵੱਖ ਖੇਡਾਂ ਵਿੱਚ 6000 ਖਿਡਾਰੀਆਂ ਨੇ ਭਾਗ ਲਿਆ, ਜਿਨਾਂ ਦੀ ਕਲਾ ਦਾ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆ। ਇਸ ਦੌਰਾਨ ਫੁੱਟਬਾਲ, ਬਾਸਕਟਬਾਲ, ਕਬੱਡੀ, ਵਾਲੀਬਾਲ, ਰੱਸਾ ਕੱਸੀ, ਚੇਅਰ ਮੁਕਾਬਲੇ, ਹਾਕੀ ਆਦਿ ਖੇਡਾਂ ਵਿੱਚ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਏ।
ਇਸ ਮੌਕੇ ਖਾਸ ਗੱਲ ਇਹ ਨਜ਼ਰ ਆਈ ਕਿ ਆਸਟ੍ਰੇਲੀਆ ਦੇ ਜੰਮ ਪਲ ਬੱਚੇ-ਬੱਚੀਆਂ ਨੇ ਇਨਾਂ ਖੇਡਾਂ ਵਿੱਚ ਕਾਫੀ ਉਤਸ਼ਾਹ ਨਾਲ ਹਿੱਸਾ ਲਿਆ। ਗਿੱਧਾ ਭੰਗੜਾ ਦੀਆਂ ਪੇਸ਼ਕਾਰੀਆਂ ਨੇ ਵੀ ਖੂਬ ਵਾਹ ਵਾਹ ਖੱਟੀ। ਹਮੇਸ਼ਾ ਦੀ ਤਰਾਂ, ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਮੈਚ ਵੀ ਦੇਖਣ ਯੋਗ ਸਾਬਤ ਹੋਏ ਜਿੱਥੇ ਫ਼ਾਈਨਲ ਮੁਕਾਬਲਾ ਮੀਰੀ ਪੀਰੀ ਖੇਡ ਕਲੱਬ ਅਤੇ ਵੈਸਟਰਨ ਖਾਲਸਾ ਖੇਡ ਕਲੱਬ ਸਿਡਨੀ ਵਿਚਕਾਰ ਹੋਇਆ, ਜਿਸ ਵਿੱਚ ਵੈਸਟਰਨ ਖਾਲਸਾ ਖੇਡ ਕਲੱਬ ਸਿਡਨੀ ਦੀ ਟੀਮ ਜੇਤੂ ਰਹੀ। ਫ਼ਾਈਨਲ ਮੈਚ ਉਪਰੰਤ ਵਿੱਚ ਉੱਤਮ ਧਾਵੀਂ ਮੇਸ਼ੀ ਹਰਖੋਵਾਲ ਅਤੇ ਉੱਤਮ ਜਾਫੀ ਜੱਗਾ ਚਿੱਟੀ ਐਲਾਨੇ ਗਏ।
ਐਤਕੀਂ ਦੀਆਂ 37ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਕਲਾ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਸਨ। ਖੇਡ ਮੈਦਾਨਾਂ ਦੇ ਆਲੇ ਦੁਆਲੇ ਲੱਗੇ ਸਟਾਲ ਸਿਡਨੀ ਨੂੰ ਪੰਜਾਬ ਦੇ ਰੰਗ ਵਿੱਚ ਰੰਗੀ ਬੈਠੇ ਸਨ। ਕਿਸੇ ਸਟਾਲ 'ਤੇ ਖਾਣ ਪੀਣ ਦੇ ਵੱਖ-ਵੱਖ ਤਰ੍ਹਾਂ ਦੇ ਲੰਗਰ ਸਨ। ਇਸ ਮੌਕੇ ਲੱਗੇ ਸਟਾਲਾਂ 'ਤੇ ਵਿਰਸੇ ਨੂੰ ਸਾਂਭੀ ਬੈਠੇ ਪੀੜੇ-ਪੀੜੀਆਂ ਮੰਜੀਆਂ, ਘੋਟਨੇ ਵਰਗੀਆਂ ਵਸਤਾਂ ਅਤੇ ਕਲਾ ਕ੍ਰਿਤੀਆਂ ਮੌਜੂਦ ਸਨ। ਸਿੱਖ ਖੇਡਾਂ ਸਿਡਨੀ ਦੀ ਕਮੇਟੀ ਨੇ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਖੇਡਾਂ ਦੀ ਸਫਲਤਾ ਲਈ ਸਹਿਯੋਗੀ ਸੱਜਣਾਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਖੇਡਾਂ ਸਾਰੇ ਪੰਜਾਬੀਆਂ ਦੀਆਂ ਸਾਂਝੀਆਂ ਖੇਡਾਂ ਨੂੰ ਸਫਲ ਬਣਾਉਣ ਲਈ ਸਾਰੇ ਭਾਈਚਾਰੇ ਧੰਨਵਾਦ ਦੇ ਪਾਤਰ ਹਨ। ਪ੍ਰਬੰਧਕੀ ਕਮੇਟੀ ਵੱਲੋਂ ਆਸਟ੍ਰੇਲੀਅਨ ਸਿੱਖ ਖੇਡਾਂ ਨੂੰ ਵਧੀਆਂ ਬਣਾਉਣ ਦੀ ਹੱਲ ਸੰਭਵ ਕੋਸ਼ਿਸ਼ ਕੀਤੀ ਗਈ।
ਲੰਗਰਾਂ ਦੇ ਇੰਤਜ਼ਾਮ ਦੇ ਨਾਲ ਨਾਲ ਫਲ ਫਰੂਟ, ਰਸ, ਛਬੀਲ, ਚਾਹ ਪਕੌੜਾ, ਜਲ ਸੇਵਾ, ਚਾਹ ਮੱਠੀ ਰੋਟੀ ਸਬਜ਼ੀ ਹਰ ਤਰਾਂ ਦੇ ਪ੍ਰਬੰਧ ਸੰਗਤਾਂ ਲਈ ਕੀਤੇ ਗਏ ਸਨ। ਸੰਗਤਾਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਮੇਟੀ ਵੱਲੋਂ ਕੀਤੀ ਗਈ।
ਖੇਡ ਸਮਾਗਮ ਦੇ ਅਖੀਰ ਵਿੱਚ ਆਸਟ੍ਰੇਲੀਅਨ ਸਿੱਖ ਖੇਡਾਂ ਦਾ ਅਧਿਕਾਰਤ ਝੰਡਾ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਅਤੇ ਕਮੇਟੀ ਮੈਂਬਰਾਂ ਨੂੰ ਰਸਮੀ ਤੌਰ ਉੱਤੇ ਫੜਾਉਂਦਿਆਂ ਅਗਲੇ ਵਰ੍ਹੇ ਦੀਆਂ ਭਾਵ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਕਰਵਾਉਣ ਦਾ ਐਲਾਨ ਕੀਤਾ। ਇਸ ਮੌਕੇ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਨੇ ਸਮੂਹ ਸੰਗਤ ਨੂੰ ਅਗਲੇ ਸਾਲ ਮੈਲਬੌਰਨ ਖੇਡਾਂ ਤੇ ਆਉਣ ਦਾ ਸੱਦਾ ਦਿੱਤਾ ਅਤੇ ਖੇਡਾਂ ਵਧੀਆ ਤਰੀਕੇ ਨਾਲ ਕਰਵਾਉਣ ਦਾ ਭਰੋਸਾ ਦੁਆਇਆ।
Comments
Start the conversation
Become a member of New India Abroad to start commenting.
Sign Up Now
Already have an account? Login