ਤਿੰਨ ਤਖ਼ਤਾਂ ਦੇ ਹਟਾਏ ਗਏ ਜਥੇਦਾਰਾਂ ਦੀ ਬਹਾਲੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 10 ਮਈ ਤੱਕ ਦਾ ਅਲਟੀਮੇਟਮ ਦਿੰਦਿਆਂ ਅਜਿਹਾ ਨਾ ਹੋਣ ਦੀ ਸੂਰਤ ਵਿੱਚ 11 ਜੂਨ ਤੋਂ ਸ਼ੁਰੂ ਹੋ ਕੇ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ 500 ਸਿੱਖਾਂ ਦਾ ਜਥਾ ਬਠਿੰਡਾ ਜ਼ਿਲ੍ਹੇ ਦੇ ਬਾਦਲ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ’ਤੇ ਗੁਰਬਾਣੀ ਦਾ ਜਾਪ ਕਰੇਗਾ ਅਤੇ ਰੋਸ ਪ੍ਰਗਟਾਵਾ ਕਰੇਗਾ।
ਇਹ ਫ਼ੈਸਲਾ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੀਆਂ ਚੋਣਵੀਆਂ ਸ਼ਖ਼ਸੀਅਤਾਂ ਦੀ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ 27 ਅਪ੍ਰੈਲ ਨੂੰ ਹੋਈ ਬੈਠਕ ਵਿਚ ਲਿਆ ਗਿਆ।
ਇਸ ਮੌਕੇ ਹਾਜ਼ਰ ਸਮੂਹ ਸ਼ਖ਼ਸੀਅਤਾਂ, ਸਿੱਖ ਸੰਗਤਾਂ ਤੇ ਜਥੇਬੰਦੀਆਂ ਨੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ 15 ਅਪ੍ਰੈਲ ਤੱਕ ਬਹਾਲ ਕਰਨ ਪ੍ਰਤੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸੰਤ ਸਮਾਜ ਨੂੰ ਦਿੱਤੇ ਗਏ ਭਰੋਸੇ ਨੂੰ ਪੂਰਾ ਨਾ ਕਰਨ ਲਈ ਸਖ਼ਤ ਆਲੋਚਨਾ ਕਰਦਿਆਂ ਰੋਸ ਪ੍ਰਗਟਾਇਆ ਗਿਆ। ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਇਹ ਭਰੋਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸੰਤ ਸਮਾਜ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਦੇ ਬਾਹਰ 28 ਮਾਰਚ ਨੂੰ ਦਿੱਤੇ ਗਏ ਰੋਸ ਧਰਨੇ ਮੌਕੇ ਦਿੱਤਾ ਸੀ, ਜਦੋਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਗਿਆਨੀ ਸੁਲਤਾਨ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਅਹੁਦਿਆਂ ਉੱਪਰ ਬਹਾਲ ਕੀਤੇ ਜਾਣ ਦੀ ਮੰਗ ਸੰਤ ਸਮਾਜ ਨੇ ਕੀਤੀ ਸੀ। ਇਸ ਸਬੰਧੀ ਸੰਤ ਸਮਾਜ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅੰਤ੍ਰਿੰਗ ਕਮੇਟੀ ਨੂੰ 15 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ, ਲੇਕਿਨ ਇਹ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਅਜੇ ਤੱਕ ਜਥੇਦਾਰਾਂ ਦਾ ਬਹਾਲੀ ਸਬੰਧੀ ਸਿੱਖ ਸੰਸਥਾ ਨੇ ਕੋਈ ਫੈਸਲਾ ਨਹੀਂ ਲਿਆ ਹੈ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਬਾਦਲ ਪਿੰਡ ਦੇ ਰੋਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਜਥਿਆਂ ਲਈ ਜਲ ਪਾਣੀ, ਪ੍ਰਸਾਦਾ ਅਤੇ ਬੈਠਣ ਦਾ ਪ੍ਰਬੰਧ ਸੰਗਤ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੂਨ ਮਹੀਨੇ ਵਿੱਚ 1984 ਘੱਲੂਘਾਰੇ ਦੇ ਸਮਾਗਮਾਂ ਦੇ ਕਾਰਨ, ਪਹਿਲਾ ਜਥਾ 11 ਜੂਨ ਨੂੰ ਬਾਦਲ ਪਿੰਡ ਜਾਵੇਗਾ ਜਦੋਂ ਕਿ ਜੁਲਾਈ ਮਹੀਨੇ ਤੋਂ ਹਰ ਮਹੀਨੇ ਪਹਿਲੇ ਐਤਵਾਰ ਜਥਾ ਉੱਥੇ ਜਾਇਆ ਕਰੇਗਾ ਤੇ ਗੁਰਬਾਣੀ ਦਾ ਜਾਪ ਕਰਦਿਆਂ ਰੋਸ ਦਾ ਪ੍ਰਗਟਾਵਾ ਕਰੇਗਾ।
ਇਸ ਮੌਕੇ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਲਗਾਏ ਗਏ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਦਾ ਪੂਰਨ ਬਾਈਕਾਟ ਕਰਨ ਦੀ ਅਪੀਲ ਵੀ ਸਿੱਖ ਸੰਗਤ ਨੂੰ ਕੀਤੀ। ਉਨ੍ਹਾਂ ਕਿਹਾ ਕਿ ਇਹ ਨਿਯੁਕਤੀਆਂ ਵਿਅਕਤੀ ਵਿਸ਼ੇਸ਼ ਵੱਲੋਂ ਹੰਕਾਰ ਅਤੇ ਜਿੱਦ ਪੁਗਾਉਣ ਅਤੇ ਸਿੱਖੀ ਸਿਧਾਂਤ ਨੂੰ ਢਾਹ ਲਗਾਉਣ ਲਈ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 14 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਪੰਥਕ ਬੈਠਕ ਇਨ੍ਹਾਂ ਨਿਯੁਕਤੀਆਂ ਨੂੰ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਵੀ ਮੈਂਬਰ ਜਾਂ ਅਹੁਦੇਦਾਰ ਨਿਯੁਕਤ ਕੀਤੇ ਗਏ ਜਥੇਦਾਰਾਂ ਨੂੰ ਸੰਗਤ ਵਿੱਚ ਜਾਂ ਸਮਾਗਮਾਂ ਵਿਚ ਲੈ ਕੇ ਆਉਂਦੇ ਹਨ ਉਨ੍ਹਾਂ ਦਾ ਵੀ ਪੂਰਨ ਬਾਈਕਾਟ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ, ਸੇਵਾ ਮੁਕਤੀ, ਕਾਰਜਾਂ ਤੇ ਅਧਿਕਾਰ ਖੇਤਰ ਸਬੰਧੀ ਸਿੱਖ ਸੰਗਤ ਤੇ ਜਥੇਬੰਦੀਆਂ ਵੱਲੋਂ ਸੁਝਾਅ ਮੰਗੇ ਹੋਏ ਹਨ। ਸ਼੍ਰੋਮਣੀ ਕਮੇਟੀ ਨੇ ਸੁਝਾਅ ਭੇਜਣ ਦਾ ਸਮਾਂ ਪਹਿਲਾਂ 20 ਅਪ੍ਰੈਲ ਤੱਕ ਰੱਖਿਆ ਸੀ ਪਰ ਬਾਅਦ ਵਿੱਚ ਇਹ ਸਮਾਂ 20 ਮਈ 2025 ਤੱਕ ਇਹ ਕਹਿੰਦਿਆਂ ਵਧਾ ਦਿੱਤਾ ਗਿਆ ਸੀ ਕਿ ਅਜੇ ਕਈ ਅਹਿਮ ਸਿੱਖ ਜਥੇਬੰਦੀਆਂ ਦਾ ਤਰਫ਼ੋਂ ਸੁਝਾਅ ਆਉਣੇ ਬਾਕੀ ਹਨ।
ਸੰਤ ਸਮਾਜ ਦੀ ਬੈਠਕ ਵਿੱਚ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ, ਬਾਬਾ ਗੁਰਭੇਜ ਸਿੰਘ ਖੁਜਾਲਾ ਸੰਪਰਦਾਏ ਹਰਖੋਵਾਲ ਮੁੱਖ ਬੁਲਾਰਾ ਸੰਤ ਸਮਾਜ, ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵੱਲੋਂ ਭਾਈ ਰਣਧੀਰ ਸਿੰਘ, ਭਾਈ ਸਤਵਿੰਦਰ ਸਿੰਘ ਟੌਹੜਾ, ਬਾਬਾ ਅਮਨਦੀਪ ਸਿੰਘ ਸੱਤੋ ਵਾਲੀ ਗਲੀ ਅੰਮ੍ਰਿਤਸਰ, ਬਾਬਾ ਬਲਵਿੰਦਰ ਸਿੰਘ ਤਰਨਾ ਦਲ ਗੜ੍ਹੀ ਗੁਰਦਾਸ ਨੰਗਲ, ਮਾਤਾ ਜਸਪ੍ਰੀਤ ਕੌਰ ਮਾਹਿਲਪੁਰ, ਭਾਈ ਅਮਰਬੀਰ ਸਿੰਘ ਢੋਟ ਵੱਲੋਂ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ, ਬਾਬਾ ਸੋਨੀ ਦਾਸ ਉਦਾਸੀਨ ਮੁਕਤਸਰ, ਬਾਬਾ ਜੱਜ ਸਿੰਘ ਜਲਾਲਾਬਾਦ, ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਂਕ, ਸਤਨਾਮ ਸਿੰਘ ਨਾਨਕਸਰ ਭਾਈ ਕੀ ਸਮਾਧ, ਬਾਬਾ ਗੁਰਮੁਖ ਸਿੰਘ ਆਲੋਵਾਲ, ਬਾਬਾ ਮਨਮੋਹਣ ਸਿੰਘ ਸੰਤ ਬਾਬਾ ਬੀਰ ਸਿੰਘ ਭੰਗਾਲੀ ਵਾਲੇ, ਬਾਬਾ ਜਗਜੀਤ ਸਿੰਘ ਗੁਰੂ ਨਾਨਕ ਦਲ ਮੜ੍ਹੀਆਂ ਵਾਲੇ, ਬਾਬਾ ਗੁਰਮੀਤ ਸਿੰਘ ਕਬਰਵਾਲਾ, ਬਾਬਾ ਜਸਵੰਤ ਸਿੰਘ ਅਲਵਰ ਵਾਲੇ, ਬਾਬਾ ਸੁਰਿੰਦਰ ਸਿੰਘ ਉਦਾਸੀਨ ਅਖਾੜਾ ਸ੍ਰੀ ਗੰਗਾਨਗਰ, ਗਿਆਨੀ ਜੀਵਾ ਸਿੰਘ ਸਰਮਸਤਪੁਰ, ਸੁਖਦੇਵ ਸਿੰਘ ਆਰਫਕੇ ਫ਼ਿਰੋਜ਼ਪੁਰ, ਬਾਬਾ ਮੇਜਰ ਸਿੰਘ ਵਾਂ ਵਾਲੇ, ਬਾਬਾ ਚਮਕੌਰ ਸਿੰਘ ਪਹੁਵਿੰਡ, ਬਾਬਾ ਮੰਗਲ ਸਿੰਘ ਠੇਠਰ ਕਲਾਂ, ਹਰਭਜਨ ਸਿੰਘ ਪੱਪੂ ਡੇਰਾ ਸੂਸਾ, ਬਾਬਾ ਗੁਰਦੇਵ ਸਿੰਘ ਤਰਸਿੱਕਾ, ਸ਼ਮਸ਼ੇਰ ਸਿੰਘ ਜੇਠੂਵਾਲ, ਗਿਆਨੀ ਹਰਦੀਪ ਸਿੰਘ ਅਨੰਦਪੁਰ ਸਾਹਿਬ, ਸੁਖਜੀਤ ਸਿੰਘ ਢੱਪਈ, ਬਾਬਾ ਹਰਜਿੰਦਰ ਸਿੰਘ ਬੁੱਢੀਮਾਲ, ਪੂਰਨ ਸਿੰਘ ਜਲਾਲਾਬਾਦ, ਬਾਬਾ ਧੰਨਾ ਸਿੰਘ ਗੁੜ੍ਹੀ ਸੰਘਰ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਬਾਬਾ ਸੁਖਵੰਤ ਸਿੰਘ ਚੰਨਣਕੇ, ਜਥੇਦਾਰ ਗੁਰਪ੍ਰੀਤ ਸਿੰਘ ਵੈਦ ਡੇਰਾ ਰਾਮ ਥੰਮ੍ਹਣ, ਗੁਰਨਾਮ ਸਿੰਘ ਰਾੜਾ ਸਾਹਿਬ, ਬਾਬਾ ਸੁਰਿੰਦਰ ਸਿੰਘ ਟਾਹਲੀ ਸਾਹਿਬ, ਹਰਨੇਕ ਸਿੰਘ ਭਿੰਡਰ ਕਲਾਂ, ਭਾਈ ਸੁਖਲਾਲ ਸਿੰਘ ਬਾਸਰਕੇ ਆਦਿ ਹਾਜ਼ਰ ਸਨ।
Comments
Start the conversation
Become a member of New India Abroad to start commenting.
Sign Up Now
Already have an account? Login