l ਅੰਮ੍ਰਿਤਪਾਲ ਸਿੰਘ ਦੀ ਐੱਨਐੱਸਏ ਨਜ਼ਰਬੰਦੀ ’ਚ ਇੱਕ ਸਾਲ ਹੋਰ ਵਾਧਾ ਹੋਵੇਗਾ, “ਅਜੇ ਵੀ ਖ਼ਤਰਾ”

ADVERTISEMENTs

ਅੰਮ੍ਰਿਤਪਾਲ ਸਿੰਘ ਦੀ ਐੱਨਐੱਸਏ ਨਜ਼ਰਬੰਦੀ ’ਚ ਇੱਕ ਸਾਲ ਹੋਰ ਵਾਧਾ ਹੋਵੇਗਾ, “ਅਜੇ ਵੀ ਖ਼ਤਰਾ”

ਸਾਲ 2023 ਵਿੱਚ ਅੰਮ੍ਰਿਤਪਾਲ ਅਤੇ ਉਸਦੇ ਨੌਂ ਸਾਥੀਆਂ ਨੂੰ ਅਜਨਾਲਾ ਪੁਲਿਸ ਥਾਣਾ ਘਿਰਾਓ ਅਤੇ ਹੋਰ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਐੱਸਐੱਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ।

ਅੰਮ੍ਰਿਤਪਾਲ ਸਿੰਘ (ਫਾਈਲ ਫੋਟੋ) / ਸੋਸ਼ਲ ਮੀਡੀਆ

ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਸਾਂਸਦ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਰਾਸ਼ਟਰੀ ਸੁਰੱਖਿਆ ਐਕਟ (ਐੱਸਐੱਸਏ) ਤਹਿਤ ਨਜ਼ਰਬੰਦੀ ਵਿੱਚ ਇੱਕ ਸਾਲ ਹੋਰ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਅੰਮ੍ਰਿਤਪਾਲ ਅਜੇ ਵੀ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੈ। ਪਿਛਲੇ ਕਰੀਬ ਦੋ ਸਾਲਾਂ ਤੋਂ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਨੂੰ ਹੁਣ ਤੀਜੇ ਸਾਲ ਵੀ ਉੱਥੇ ਹੀ ਰੱਖਿਆ ਜਾਵੇਗਾ। ਉਸਦੀ ਐੱਸਐੱਸਏ ਤਹਿਤ ਨਜ਼ਰਬੰਦੀ ਇਸੇ ਮਹੀਨੇ 22 ਅਪ੍ਰੈਲ ਨੂੰ ਸਮਾਪਤ ਹੋ ਰਹੀ ਸੀ।

ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਦੀ ਨਜ਼ਰਬੰਦੀ ਵਿੱਚ ਇੱਕ ਸਾਲ ਹੋਰ ਵਾਧਾ ਕਰਨ ਲਈ ਪੰਜਾਬ ਪੁਲਿਸ ਦੀ ਇੱਕ ਟੀਮ ਲੋੜੀਂਦੀ ਪ੍ਰਕਿਰਿਆ ਪੂਰੀ ਕਰਨ ਵਾਸਤੇ ਡਿਬਰੂਗੜ੍ਹ ਪੁੱਜੀ ਹੈ, ਹਾਲਾਂਕਿ ਇਸ ਬਾਰੇ ਅਜੇ ਤੱਕ ਪੰਜਾਬ ਸਰਕਾਰ ਦੀ ਤਰਫ਼ੋਂ ਕੋਈ ਅਧਿਕਾਰਤ ਜਾਣਕਾਰੀ ਬਾਹਰ ਨਹੀਂ ਆਈ ਹੈ। ਸਰੋਤ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਅੰਦਰ ਰੱਖਣ ਲਈ ਸਰਕਾਰ ਵੱਲੋਂ ਨਵੇਂ ਅਧਾਰ ਬਣਾਏ ਗਏ ਹਨ।

ਅੰਮ੍ਰਿਤਪਾਲ ਨੂੰ ਪਿਛਲੇ ਸਮੇਂ ਅਕਤੂਬਰ 2024 ਵਿੱਚ ਗੁਰਪ੍ਰੀਤ ਸਿੰਘ ਹਰੀ ਨਉ ਦੇ ਕਤਲ ਮਾਮਲੇ ਵਿੱਚ ਫਰੀਦਕੋਟ ਅੰਦਰ ਨਾਮਜ਼ਦ ਕੀਤਾ ਗਿਆ ਸੀ ਅਤੇ ਪੁਲਿਸ ਵੱਲੋਂ ਯੂਏਪੀਏ ਅਧੀਨ ਵੀ ਕਾਰਵਾਈ ਕੀਤੀ ਗਈ ਸੀ। ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਅੰਮ੍ਰਿਤਪਾਲ ਸਿੰਘ ਨੂੰ ਅਜੇ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਲਿਆਉਣ ਸਬੰਧੀ ਖ਼ਦਸ਼ਿਆਂ ਦੇ ਮੱਦੇਨਜ਼ਰ ਉਸ ਨੂੰ ਡਿਬਰੂਗੜ੍ਹ ਵਿਖੇ ਹੀ ਰੱਖਣਾ ਚਾਹੁੰਦੀ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਕੇਂਦਰ ਸਰਕਾਰ ਪਾਸੋਂ ਇਸ ਗੱਲ ਦੇ ਜਵਾਬ ਦੀ ਉਡੀਕ ਕਰ ਰਹੀ ਹੈ ਕਿ ਜੇਕਰ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਵਿਖੇ ਨਹੀਂ ਰੱਖਣਾ ਤਾਂ ਉਸ ਨੂੰ ਨਜ਼ਰਬੰਦ ਕਰਨ ਲਈ ਦੇਸ਼ ਦੀ ਦੂਜੀ ਕਿਹੜੀ ਜੇਲ੍ਹ ਢੁਕਵੀਂ ਹੋਵੇਗੀ।

ਸਾਲ 2023 ਵਿੱਚ ਅੰਮ੍ਰਿਤਪਾਲ ਅਤੇ ਉਸਦੇ ਨੌਂ ਸਾਥੀਆਂ ਨੂੰ ਅਜਨਾਲਾ ਪੁਲਿਸ ਥਾਣਾ ਘਿਰਾਓ ਅਤੇ ਹੋਰ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਐੱਸਐੱਸਏ ਲਗਾ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। 

ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਨੂੰ ਛੱਡ ਕੇ ਉਸ ਦੇ ਬਾਕੀ ਨੌਂ ਸਾਥੀਆਂ ਦੇ ਖਿਲਾਫ਼ ਐੱਨਐੱਸਏ ਵਿੱਚ ਵਾਧਾ ਨਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਬਾਕੀਆਂ ਨੂੰ ਵੱਖ-ਵੱਖ ਸਮੇਂ ਪੰਜਾਬ ਅੰਦਰ ਵਾਪਸ ਲਿਆਂਦਾ ਗਿਆ ਹੈ ਤਾਂ ਜੋ ਅਜਨਾਲਾ ਥਾਣਾ ਘਿਰਾਓ ਸਮੇਤ ਬਾਕੀ ਕੇਸਾਂ ਵਿੱਚ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ। 

ਹਾਲ ਹੀ ਵਿੱਚ ਅੰਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਪੰਜਾਬ ਲੈ ਕੇ ਆਈ ਸੀ, ਸ਼ੁੱਕਰਵਾਰ 18 ਅਪ੍ਰੈਲ ਨੂੰ ਉਸ ਨੂੰ ਅਜਨਾਲਾ ਦੀ ਅਦਾਲਤ ਵਿੱਚ ਦੂਜੀ ਵਾਰ ਪੁਲਿਸ ਰਿਮਾਂਡ ਤੋਂ ਬਾਅਦ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਪਪਲਪ੍ਰੀਤ ਨੂੰ 1 ਮਈ ਤੱਕ ਜੇਲ੍ਹ ਭੇਜ ਦਿੱਤਾ ਹੈ। ਪਪਲਪ੍ਰੀਤ ਦੇ ਵਕੀਲ ਰੀਤੂ ਰਾਜ ਨੇ ਅਜਨਾਲਾ ਅਦਾਲਤ ਦੇ ਬਾਹਰ ਕਿਹਾ ਕਿ ਉਸ ਕੋਲੋਂ ਰਿਮਾਂਡ ਦੇ ਦੌਰਾਨ ਕਿਸੇ ਕਿਸਮ ਦੇ ਅਪਰਾਧਿਕ ਸਬੂਤ ਬਰਾਮਦ ਨਹੀਂ ਕੀਤੇ ਗਏ। ਡੀਐੱਸਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਖੇ ਬੰਦ ਕੀਤਾ ਜਾਵੇਗਾ ਅਤੇ ਉਸ ਦੀ ਅਦਾਲਤ ਵਿੱਚ ਅਗਲੀ ਸੁਣਵਾਈ 1 ਮਈ ਨੂੰ ਹੋਵੇਗੀ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related