ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗੋਲੀ ਚਲਾਉਣ ਵਾਲੇ 69 ਸਾਲਾ ਦੋਸ਼ੀ ਨਰਾਇਣ ਸਿੰਘ ਚੌੜਾ ਨੂੰ ਮੰਗਲਵਾਰ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਨੇ ਇਸ ਮਾਮਲੇ ਵਿੱਚ ਜ਼ਮਾਨਤ ਦੇਣ ਦਾ ਫੈਸਲਾ ਕੀਤਾ ਹੈ। ਅਦਾਲਤ ਨੇ ਕਿਹਾ ਕਿ ਕਿਉਂਕਿ ਇਸ ਮਾਮਲੇ ਵਿੱਚ ਜਾਂਚ ਲਗਭਗ ਪੂਰੀ ਹੋ ਚੁੱਕੀ ਹੈ ਇਸ ਲਈ ਚੌੜਾ ਨੂੰ ਹੋਰ ਸਮਾਂ ਜੇਲ੍ਹ ਵਿੱਚ ਰੱਖਣਾ ਜ਼ਰੂਰੀ ਨਹੀਂ ਹੈ। ਚੌੜਾ ਦੀ ਜ਼ਮਾਨਤ ਦਾ ਕੇਸ ਐਡੀਸ਼ਨਲ ਸੈਸ਼ਨ ਜੱਜ ਸੁਮਿਤ ਘਈ ਦੇ ਅਦਾਲਤ ਵਿੱਚ ਲੱਗਾ ਸੀ। ਚੌੜਾ ਵੱਲੋਂ ਵਕੀਲ ਦੇ ਤੌਰ ’ਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਬਲਜਿੰਦਰ ਸਿੰਘ ਬਾਜਵਾ, ਜੇ ਐੱਸ ਰੰਧਾਵਾ ਸ਼ਾਮਲ ਹੋਏ ਜਦੋਂਕਿ ਪੰਜਾਬ ਸਰਕਾਰ ਦੀ ਤਰਫ਼ੋਂ ਐਡਵੋਕੇਟ ਸੀਮਾ ਸੰਧੂ ਵਧੀਕ ਪਬਲਿਕ ਪ੍ਰੌਸਿਕਿਊਟਰ ਵਜੋਂ ਪੇਸ਼ ਹੋਏ।
ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਬੰਧ ਵਿੱਚੇ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ 4 ਦਸੰਬਰ 2024 ਨੂੰ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪ੍ਰਵੇਸ਼ ਦੁਆਰ ਉੱਤੇ ਬਰਛਾ ਫੜ ਕੇ ਸੇਵਾਦਾਰ ਵਜੋਂ ਆਪਣੀ ਤਨਖਾਹ ਪੂਰੀ ਕਰ ਰਹੇ ਸਨ। ਅਚਾਨਕ ਹੀ ਨਰਾਇਣ ਸਿੰਘ ਚੌੜਾ ਨੇ ਬਾਦਲ ਉੱਤੇ ਗੋਲੀ ਚਲਾ ਦਿੱਤੀ ਸੀ। ਹਾਲਾਂਕਿ ਗੋਲੀ ਸੁਖਬੀਰ ਦੇ ਨਹੀਂ ਲੱਗੀ ਅਤੇ ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਕਰਮੀ ਮੁਸ਼ਤੈਦੀ ਨਾਲ ਚੌੜਾ ਨੂੰ ਰੋਕਣ ਵਿੱਚ ਸਫ਼ਲ ਹੋਏ ਸਨ। ਸੁਰੱਖਿਆ ਕਰਮੀ ਨੇ ਚੌੜਾ ਨੂੰ ਪਿਸਤੋਲ ਕੱਢਦੇ ਅਤੇ ਗੋਲੀ ਚਲਾਉਂਦੇ ਦੇਖ ਲਿਆ ਸੀ ਅਤੇ ਉਸ ਉੱਤੇ ਝਪਟ ਕੇ ਉਸ ਨੂੰ ਕਾਬੂ ਕਰ ਲਿਆ ਸੀ। ਇਸ ਦੌਰਾਨ ਹਵਾ ਵਿੱਚ ਇੱਕ ਗੋਲੀ ਚੱਲੀ ਜੋ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਪ੍ਰਵੇਸ਼ ਦੁਆਰ ਦੀ ਕੰਧ ਵਿੱਚ ਜਾ ਕੇ ਲੱਗੀ।
ਚੌੜਾ ਪਿਛਲੇ 4 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਇਸ ਸਮੇਂ ਉਹ ਰੂਪਨਗਰ ਦੀ ਜੇਲ੍ਹ ਵਿੱਚ ਹੈ।
ਚੌੜਾ ਦੇ ਵਕੀਲਾਂ ਨੇ ਅਦਾਲਤ ਵਿੱਚ ਇਹ ਪੱਖ ਰੱਖਿਆ ਕਿ ਪੁਲਿਸ ਵੱਲੋਂ ਹਾਲੇ ਤੱਕ ਇਸ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਬਿਆਨ ਦਰਜ ਨਹੀਂ ਕੀਤੇ ਗਏ ਹਨ ਅਤੇ ਇਸ ਮਾਮਲੇ ਵਿੱਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ। ਇਸ ਦੇ ਨਾਲ ਹੀ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਆਰਮਜ਼ ਐਕਟ ਦੇ ਅਧੀਨ ਕਾਰਵਾਈ ਕਰਨ ਲਈ ਵੀ ਕੋਈ ਪ੍ਰਵਾਨਗੀ ਨਹੀਂ ਲਈ ਗਈ। ਚੌੜਾ ਦੇ ਵਕੀਲਾਂ ਨੇ ਇਹ ਵੀ ਕਿਹਾ ਕਿ ਮਾਮਲੇ ਨਾਲ ਸਬੰਧਤ ਸੀਸੀਟੀਵੀ ਫੁਟੇਜ ਵੀ ਹਾਲੇ ਤੱਕ ਉਨ੍ਹਾਂ ਨੂੰ ਮੁਹੱਈਆ ਨਹੀਂ ਕਰਵਾਈ ਗਈ ਹੈ ਕਿਉਂਕਿ ਵੀਡੀਓ ਫੁਟੇਜ ਦੀ ਜਾਂਚ ਰਿਪੋਰਟ ਹਾਲੇ ਤੱਕ ਕੇਂਦਰੀ ਫੋਰੈਂਸਿਕ ਲੈਬ ਪਾਸੋਂ ਉਡੀਕੀਆਂ ਜਾ ਰਹੀਆਂ ਹਨ। ਇਸ ਲਈ ਚੌੜਾ ਨੂੰ ਹੋਰ ਜੇਲ੍ਹ ਅੰਦਰ ਰੱਖਣ ਦੀ ਕੋਈ ਤੁਕ ਨਹੀਂ ਬਣਦੀ ਅਤੇ ਉਸ ਨੂੰ ਜ਼ਮਾਨਤ ਦੇਣੀ ਚਾਹੀਦੀ ਹੈ।
ਇਸ ਉੱਤੇ ਸਰਕਾਰੀ ਵਕੀਲ ਨੇ ਇਹ ਕਹਿੰਦਿਆਂ ਚੌੜਾ ਨੂੰ ਜ਼ਮਾਨਤ ਦਾ ਵਿਰੋਧ ਕੀਤਾ ਕਿ ਉਸ ਖਿਲਾਫ਼ ਲੱਗੇ ਦੋਸ਼ ਗੰਭੀਰ ਹੈ। ਸਰਕਾਰੀ ਵਕੀਲ ਨੇ ਅਦਾਲਤ ਵਿੱਚ ਇਹ ਵੀ ਮੰਨਿਆ ਕਿ ਇਸ ਘਟਨਾ ਵਿੱਚ ਮੁੱਖ ਪੀੜਤ ਸੁਖਬੀਰ ਸਿੰਘ ਬਾਦਲ ਦੇ ਬਿਆਨ ਹੁਣ ਤੱਕ ਦਰਜ ਨਹੀਂ ਕੀਤੇ ਗਏ ਹਨ, ਜਿਸ ਉੱਤੇ ਅਦਾਲਤ ਨੇ ਹੈਰਾਨੀ ਪ੍ਰਗਟ ਕੀਤੀ। ਅਦਾਲਤ ਨੇ ਪੁਲਿਸ ਦੀ ਜਾਂਚ ਉੱਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਕਿਉਂਕਿ ਦੋਸ਼ੀ ਚੌੜਾ ਖਿਲਾਫ਼ ਦੋਸ਼ ਲਗਾਏ ਜਾ ਚੁੱਕੇ ਹਨ ਅਤੇ ਇਸ ਮਾਮਲੇ ਦੀ ਸੁਣਵਾਈ ਪੂਰੀ ਹੋਣ ਵਿੱਚ ਅਜੇ ਕਾਫੀ ਸਮਾਂ ਲੱਗ ਸਕਦਾ ਹੈ। ਇਸ ਲਈ ਅਦਾਲਤ ਨੇ ਚੌੜਾ ਨੂੰ ਇੱਕ ਲੱਖ ਰੁਪਏ ਦੇ ਮੁਚਲਕੇ ਉੱਤੇ ਜ਼ਮਾਨਤ ਦੇਣ ਦਾ ਫੈਸਲਾ ਕੀਤਾ।
ਅਦਾਲਤ ਵੱਲੋਂ ਚੌੜਾ ਉੱਤੇ ਇਹ ਸ਼ਰਤਾਂ ਲਗਾਈਆਂ ਗਈਆਂ ਹਨ ਕਿ ਉਹ ਇਸ ਮਾਮਲੇ ਦੇ ਤੱਥਾਂ ਦੀ ਜਾਣਕਾਰੀ ਰੱਖਦੇ ਕਿਸੇ ਵੀ ਵਿਅਕਤੀ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੋਈ ਲਾਲਚ, ਧਮਕੀ ਜਾਂ ਵਾਅਦਾ ਨਹੀਂ ਕਰੇਗਾ ਕਿ ਉਹ ਇਨ੍ਹਾਂ ਤੱਥਾਂ ਨੂੰ ਅਦਾਲਤ ਜਾਂ ਕਿਸੇ ਪੁਲਿਸ ਅਫ਼ਸਰ ਨੂੰ ਨਸ਼ਰ ਨਾ ਕਰੇ; ਬਿਨਾਂ ਅਦਾਲਤ ਦੀ ਪ੍ਰਵਾਨਗੀ ਦੇ ਦੇਸ਼ ਨਹੀਂ ਛੱਡੇਗਾ ਅਤੇ ਹਰ ਤਰੀਕ ਉੱਤੇ ਅਦਾਲਤ ਵਿੱਚ ਪੇਸ਼ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਨਰਾਇਣ ਸਿੰਘ ਚੌੜਾ ਨੂੰ ਜ਼ਮਾਨਤ ਮਿਲਣ ’ਤੇ ਪੰਜਾਬ ਸਰਕਾਰ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਉਸ ਨੂੰ ਬਚਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜ਼ਿਲ੍ਹਾ ਅਦਾਲਤ ਵੱਲੋਂ ਨਰਾਇਣ ਚੌੜਾ ਨੂੰ ਮਿਲੀ ਜ਼ਮਾਨਤ ਸਪੱਸ਼ਟ ਕਰਦੀ ਹੈ ਕਿ ਕਿਵੇਂ ਸੂਬਾ ਸਰਕਾਰ ਤੇ ਪੰਜਾਬ ਪੁਲਿਸ ਇਸ ਸੰਗੀਨ ਅਪਰਾਧੀ ਨੂੰ ਬਚਾਉਣਾ ਚਾਹੁੰਦੀ ਹੈ। ਅਨੇਕਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨਰਾਇਣ ਚੌੜਾ ਨੂੰ ਬਚਾ ਕਿ ਸਰਕਾਰਾਂ ਪੰਜਾਬ ਨੂੰ ਮੁੜ ਕਾਲੇ ਦੌਰ ’ਚ ਧੱਕਣਾ ਚਾਹੁੰਦੀਆਂ ਹਨ।
Comments
Start the conversation
Become a member of New India Abroad to start commenting.
Sign Up Now
Already have an account? Login