l ਸਾਬਕਾ ਜਥੇਦਾਰਾਂ ਤੇ ਮੌਜੂਦਾ ਗ੍ਰੰਥੀਆਂ ਖ਼ਿਲਾਫ਼ ਟਿੱਪਣੀਆਂ ਕਾਰਨ ਸੁਖਬੀਰ ਬਾਦਲ ਵਿਰੁੱਧ ਅਕਾਲ ਤਖ਼ਤ ਪਹੁੰਚੀ ਸ਼ਿਕਾਇਤ

ADVERTISEMENTs

ਸਾਬਕਾ ਜਥੇਦਾਰਾਂ ਤੇ ਮੌਜੂਦਾ ਗ੍ਰੰਥੀਆਂ ਖ਼ਿਲਾਫ਼ ਟਿੱਪਣੀਆਂ ਕਾਰਨ ਸੁਖਬੀਰ ਬਾਦਲ ਵਿਰੁੱਧ ਅਕਾਲ ਤਖ਼ਤ ਪਹੁੰਚੀ ਸ਼ਿਕਾਇਤ

ਮਿਸਲ ਸਤਲੁਜ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ / Courtesy Photo

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਮੌਜੂਦਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ, ਗ੍ਰੰਥੀ ਗਿਆਨੀ ਸੁਲਤਾਨ ਸਿੰਘ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਕੀਤੀਆਂ ਟਿੱਪਣੀਆਂ ਕਾਰਨ ਅਕਾਲ ਤਖ਼ਤ ਸਾਹਿਬ ’ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ‘ਮਿਸਲ ਸਤਲੁਜ’ ਨਾਮੀ ਜਥੇਬੰਦੀ ਵੱਲੋਂ ਦਿੱਤੀ ਗਈ ਹੈ, ਜਿਸ ਦੀ ਅਗਵਾਈ ਅਜੇਪਾਲ ਸਿੰਘ ਬਰਾੜ ਕਰ ਰਹੇ ਹਨ।


ਮਿਸਲ ਸਤਲੁਜ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਦੱਸਿਆ ਕਿ 12 ਅਪ੍ਰੈਲ ਨੂੰ ਨਵੇਂ ਪ੍ਰਧਾਨ ਵਜੋਂ ਚੁਣੇ ਜਾਣ ਤੋਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਤੇ 13 ਅਪ੍ਰੈਲ ਵਿਸਾਖੀ ਵਾਲੇ ਦਿਨ ਦਮਦਮਾ ਸਾਹਿਬ ਵਿਖੇ ਸਿਆਸੀ ਕਾਨਫ਼ਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਭਾਸ਼ਣਾਂ ਰਾਹੀਂ ਜਥੇਦਾਰਾਂ ਤੇ ਤਖ਼ਤਾਂ ਖ਼ਿਲਾਫ਼ ਗੰਭੀਰ ਇਲਜ਼ਾਮ ਲਾਏ।

 

ਉਨ੍ਹਾਂ ਕਿਹਾ ਕਿ ਸੁਖਬੀਰ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਤਖ਼ਤ ਸਾਹਿਬਾਨ ਤੇ ਜਥੇਦਾਰ ਕੇਂਦਰ ਸਰਕਾਰ ਦੇ ਕਾਬੂ ’ਚ ਹਨ ਅਤੇ ਇਨ੍ਹਾਂ ਨੇ ਕੌਮ ਨੂੰ ਕਮਜ਼ੋਰ ਕੀਤਾ ਹੈ।
ਇਸ ਮਾਮਲੇ ਵਿੱਚ ਅਕਾਲ ਤਖ਼ਤ ਦੇ ਆਦੇਸ਼ਾਂ ਉੱਤੇ 2 ਦਸੰਬਰ 2024 ਨੂੰ ਬਣੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਨੇ ਵੀ ਸੁਖਬੀਰ ਦੀ ਬਿਆਨਾਂ ਦੀ ਨਿੰਦਾ ਕਰਦਿਆਂ ਉਨ੍ਹਾਂ ਨੂੰ ਜਨਤਕ ਮਾਫ਼ੀ ਮੰਗਣ ਲਈ ਕਿਹਾ ਹੈ। ਕਮੇਟੀ ਮੈਂਬਰਾਂ ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ ਤੇ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਤਖ਼ਤਾਂ ਨੂੰ “ਦਿੱਲੀ ਦੇ ਕਬਜ਼ੇ ਹੇਠ” ਦੱਸਣਾ ਇਕ ਸਾਜ਼ਸ਼ੀ ਬਿਆਨ ਹੈ ਜੋ ਸਿੱਖ ਰਵਾਇਤ ਅਤੇ ਇਤਿਹਾਸ ਦੇ ਖ਼ਿਲਾਫ਼ ਹੈ।

 

ਕਮੇਟੀ ਨੇ ਯਾਦ ਦਿਵਾਇਆ ਕਿ ਸੁਖਬੀਰ ਨੇ ਆਪਣੇ ਸੱਤਾ ਸਮੇਂ ਸਿੰਘ ਸਾਹਿਬਾਨ ਦੀ ਵਰਤੋਂ ਕਰਕੇ ਇਕ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ ਕਰਵਾਇਆ, ਜਿਸ ਦਾ ਨੁਕਸਾਨ ਪੂਰੀ ਕੌਮ ਅਤੇ ਪੰਥਕ ਸਿਆਸੀ ਜਮਾਤ ਨੂੰ ਭੁਗਤਣਾ ਪਿਆ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਮਾਮਲੇ ਵਿੱਚ ਮੂਕ ਦਰਸ਼ਕ ਨਾ ਬਣਨ, ਸਗੋਂ ਤੁਰੰਤ ਸਖ਼ਤ ਕਾਰਵਾਈ ਕਰਕੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰਵਾਉਣ।

 

ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਦਾ ਇਖਲਾਕੀ ਫਰਜ਼ ਅਤੇ ਜ਼ਿੰਮੇਵਾਰੀ ਹੈ ਕਿ ਓਹ ਖੁਦ ਅੱਗੇ ਆਕੇ ਪੰਥ ਨੂੰ ਢਾਅ ਲਗਾਏ ਜਾਣ ਵਾਲੇ ਮਾਮਲਿਆਂ ਵਿੱਚ ਅਗਵਾਈ ਕਰਨ। ਇਸ ਦੇ ਨਾਲ ਹੀ ਮੈਬਰਾਂ ਨੇ ਕਿਹਾ ਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਆਪਣੇ ਧੜੇ ਦੇ ਮੁਖੀ ਬਣਦੇ ਹੀ ਆਪਣੀ ਬਦਲਾ ਲਊ ਭਾਵਨਾ ਹੇਠ ਤਖਤਾਂ ਸਾਹਿਬਾਨ ਨੂੰ ਦਿੱਲੀ ਦੇ ਤਖ਼ਤ ਸਾਹਮਣੇ ਗੁਲਾਮ ਕਰਾਰ ਦੇਣਾ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related