ਮਨੁੱਖੀ ਅਧਿਕਾਰ ਕਾਰਕੁਨ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਬਣੀ ਫ਼ਿਲਮ 'ਪੰਜਾਬ 95' ਕਾਫੀ ਲੰਮੇ ਸਮੇਂ ਤੋਂ ਜਾਰੀ ਹੋਣ ਦੀ ਉਡੀਕ ਕਰ ਰਹੀ ਹੈ। ਫ਼ਿਲਮ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਹੈ।
ਖਾਲੜਾ ਪਰਿਵਾਰ ਵੱਲੋਂ ਪਿਛਲੇ ਸਾਲ ਅਕਤੂਬਰ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕਰ ਕੇ ਅਫ਼ਸੋਸ ਜਤਾਇਆ ਗਿਆ ਸੀ ਕਿ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ (ਸੀਬੀਐੱਫਸੀ) ਨੇ ਫ਼ਿਲਮ ਦੇ ਕੁਝ ਦ੍ਰਿਸ਼ਾਂ ਤੇ ਇਤਰਾਜ਼ ਜਤਾਉਂਦਿਆਂ ਫਿਲਮ ’ਚ 120 ਕੱਟ ਲਾਉਣ ਦੀ ਮੰਗ ਕੀਤੀ ਹੈ।
ਇਸ ਸਾਲ 7 ਫ਼ਰਵਰੀ ਨੂੰ ਇਹ ਫਿਲਮ ਕੌਮਾਂਤਰੀ ਪੱਧਰ ʼਤੇ ਜਾਰੀ ਕਰਨ ਦਾ ਐਲਾਨ ਹੋਇਆ ਸੀ ਤੇ ਇਸ ਸਬੰਧੀ ਦਿਲਜੀਤ ਦੋਸਾਂਝ ਨੇ ਇੱਕ ਟੀਜ਼ਰ ਵੀ ਜਾਰੀ ਕੀਤਾ ਸੀ ਪਰ ਇਸ ਦੀ ਰਿਲੀਜ਼ ਫਿਰ ਟਾਲ ਦਿੱਤੀ ਗਈ।
ਫਿਲਮ ਦੇ ਜਾਰੀ ਹੋਣ ’ਤੇ ਵਾਰ ਵਾਰ ਰੋਕ ਲੱਗਣ ਬਾਰੇ ਬੀਬੀਸੀ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ ਇਸ ਫਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਵੱਲੋਂ ਗੱਲਬਾਤ ਕੀਤੀ ਗਈ ਹੈ। ਯੂਟਿਊਬ ’ਤੇ ਪ੍ਰਸਾਰਿਤ ਇਸ ਗੱਲਬਾਤ ਦੌਰਾਨ ਨਿਰਦੇਸ਼ਕ ਹਨੀ ਤ੍ਰੇਹਨ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਕਾ ਤਰਨ ਤਾਰਨ ਹੋਣ ਕਾਰਨ, ਉਹ ਸ਼ਿਵ ਕੁਮਾਰ ਬਟਾਲਵੀ, ਜਸਵੰਤ ਸਿੰਘ ਖਾਲੜਾ, ਬਾਰੇ ਸੁਣ-ਸੁਣ ਕੇ ਜਵਾਨ ਹੋਏ ਹਨ। ਇਸ ਲਈ ਉਨ੍ਹਾਂ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਫਿਲਮ ਬਣਾਉਣ ਦਾ ਸੋਚਿਆ ਸੀ। ਉਹ ਨਵੀਂ ਪੀੜ੍ਹੀ ਨੂੰ ਖਾਲੜਾ ਬਾਰੇ ਇਹ ਦੱਸਣਾ ਚਾਹੁੰਦੇ ਸਨ ਕਿ ਉਹ ਕਿੰਨੀ ਮਹਾਨ ਹਸਤੀ ਸਨ।
ਹਨੀ ਤ੍ਰੇਹਨ ਨੇ ਕਿਹਾ, "ਉਨ੍ਹਾਂ ਦੀ ਸ਼ਹਾਦਤ ਬਹੁਤ ਵੱਡੀ ਹੈ। ਉਨ੍ਹਾਂ ਬਾਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ। ਉਨ੍ਹਾਂ ਬਾਰੇ ਤਾਂ ਸਕੂਲ ਤੇ ਕਾਲਜਾਂ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਉੱਤੇ ਫਿਲਮ ਬਣਾਈ ਜਾਣੀ ਚਾਹੀਦੀ ਹੈ ਇਸ ਲਈ ਮੈਂ ਫਿਲਮ ਬਣਾਈ।"
ਫਿਲਮ ਦੇ ਰਿਲੀਜ਼ ਬਾਰੇ ਗੱਲ ਕਰਦਿਆਂ ਹਨੀ ਨੇ ਕਿਹਾ, "ਮੈਨੂੰ ਆਪ ਨਹੀਂ ਪਤਾ ਕਿ ਫਿਲਮ ਕਿਉਂ ਨਹੀਂ ਜਾਰੀ ਹੋ ਰਹੀ ਕਿਉਂਕਿ ਸਾਰੀ ਫਿਲਮ ਕਾਨੂੰਨੀ ਕਾਗ਼ਜ਼ਾਂ ਨੂੰ ਅਧਾਰ ਬਣਾ ਕਿ ਹੀ ਬਣੀ ਹੈ। ਹਰ ਇੱਕ ਸੀਨ ਦੇ ਸਪੋਰਟਿੰਗ ਦਸਤਾਵੇਜ਼ ਹਨ ਜੋ ਵਿਕੀਪੀਡੀਆ ਤੋਂ ਨਹੀਂ ਹਨ। ਇਹ ਸੈਸ਼ਨ ਕੋਰਟ, ਸੀਬੀਆਈ ਸਪੈਸ਼ਲ ਕੋਰਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜਿਹੜੇ ਫ਼ੈਸਲੇ ਹਨ, ਉਨ੍ਹਾਂ ਉੱਤੇ ਬਣਾਈ ਗਈ ਫਿਲਮ ਹੈ।"
"ਫ਼ਿਲਮ ਦਾ ਪੂਰਾ ਖੋਜ ਕਾਰਜ ਇੱਕ ਕਾਨੂੰਨੀ ਪ੍ਰਕਿਰਿਆ ਤਹਿਤ ਹੋਇਆ ਹੈ। ਇਸ ਲਈ ਮੈਂ ਵਕੀਲ ਨਾਲ ਬਹੁਤ ਸਮਾਂ ਬਿਤਾਇਆ, ਸਾਰੇ ਦਸਤਾਵੇਜ਼ ਇਕੱਠੇ ਕੀਤੇ, ਪਰਿਵਾਰਾਂ ਨਾਲ ਬਹੁਤ ਸਮਾਂ ਬਿਤਾਇਆ ਹੈ। ਇਹ ਅਸਲੀਅਤ ʼਤੇ ਬਣਾਈ ਗਈ ਫਿਲਮ ਹੈ। ਮੈਨੂੰ ਆਪ ਨਹੀਂ ਸਮਝ ਆ ਰਿਹਾ ਹੈ ਇਸ ʼਤੇ ਇੰਨਾ ਵਿਵਾਦ ਕਿਉਂ ਹੈ।"
ਉਨ੍ਹਾਂ ਕਿਹਾ ਕਿ ਜਸਵੰਤ ਖਾਲੜਾ ʼਤੇ ਬਣੀ ਫਿਲਮ ਪੰਜਾਬ ʼ95 ਦਾ ਪਹਿਲਾਂ ਨਾਮ ʻਘੱਲੂਘਾਰਾʼ ਸੀ। ਫਿਰ ਇਸ ਦਾ ਨਾਮ ਵੀ ʻਪੰਜਾਬ 95ʼ ਕਰਵਾਇਆ ਗਿਆ। ਸੀਬੀਐੱਫਸੀ ਨੇ ਉਨ੍ਹਾਂ ਨੂੰ ਪਹਿਲਾਂ 21 ਕੱਟਾਂ ਲਈ ਕਿਹਾ ਸੀ ਕਿ ਇਹ ਠੀਕ ਕਰ ਦਿਓ। ਪਰ ਜਿਵੇਂ-ਜਿਵੇਂ ਗੱਲ ਅੱਗੇ ਵਧਦੀ ਗਈ ਉਹ ਕੱਟ ਹੁਣ 120 ਤੋਂ ਉੱਪਰ ਪਹੁੰਚ ਗਏ ਹਨ।"
ਉਨ੍ਹਾਂ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਇਸ ਫਿਲਮ ਵਿੱਚੋਂ ਸਾਨੂੰ ਖਾਲੜਾ ਦਾ ਨਾਮ ਹੀ ਕੱਢਣ ਨੂੰ ਕਿਹਾ ਜਾ ਰਿਹਾ ਹੈ। ਜੋ ਇੱਕ ਅਪਰਾਧ ਲੱਗ ਰਿਹਾ ਹੈ। ਸੋ ਇਹ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾ ਸਕਦੀਆਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਜਾਇਜ਼ ਦਿੱਕਤ ਫਿਲਮ ਵਿੱਚ ਕਿਸੇ ਨੂੰ ਲੱਗਦੀ ਹੈ ਤਾਂ ਸਾਹਮਣੇ ਆ ਕੇ ਕਿਹਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਨਿਆਂਪਾਲਿਕਾ ਵਿੱਚ ਲੜਨ ਲਈ ਤਿਆਰ ਹਨ। ਪਰ ਅਦਾਲਤ ਵਿੱਚ ਵੀ ਨਹੀਂ ਜਾਣ ਦਿੱਤਾ ਜਾ ਰਿਹਾ।"
ਹਨੀ ਤ੍ਰੇਹਨ ਨੇ ਦੱਸਿਆ ਕਿ ਫਿਲਮ 7 ਫ਼ਰਵਰੀ ਨੂੰ ਭਾਰਤ ਛੱਡ ਕੇ ਕੌਮਾਂਤਰੀ ਪੱਧਰ ʼਤੇ ਰਿਲੀਜ਼ ਹੋਣ ਵਾਲੀ ਸੀ। ਫ਼ਿਲਮ ਦੇ ਮੁੱਖ ਅਦਾਕਾਰ ਦਿਲਜੀਤ ਦੁਸਾਂਝ ਨੇ ਇੱਕ ਟੀਜ਼ਰ ਵੀ ਸ਼ੇਅਰ ਕਰ ਦਿੱਤਾ ਸੀ। ਪਰ ਫਿਰ ਪ੍ਰੋਡਿਊਸਰ ਨੂੰ ਫੋਨ ਆਇਆ ਕਿ ਫਿਲਮ ਜਾਰੀ ਨਹੀਂ ਹੋ ਸਕਦੀ। ਪਰ ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ʼਤੇ ਫਿਲਮ ਜਾਰੀ ਕਰਨ ਲਈ ਕਿਸੇ ਸਰਟੀਫਿਕੇਟ ਦੀ ਵੀ ਲੋੜ ਨਹੀਂ ਹੁੰਦੀ।"
ਨਿਰਦੇਸ਼ਕ ਨੇ ਆਪਣਾ ਰੋਸ ਜਾਹਿਰ ਕਰਦਿਆਂ ਕਿਹਾ ਕਿ ਹੁਣ ਇਹ ਸਭ ਕੁਝ ਇੱਕ ਧੱਕਾ ਲੱਗ ਰਿਹਾ ਹੈ। ਪਰ ਇਹ ਧੱਕਾ ਕੌਣ ਕਰ ਰਿਹਾ ਹੈ, ਇਹ ਵੀ ਸਮਝ ਨਹੀਂ ਆ ਰਹੀ। ਨਿਰਦੇਸ਼ਕ ਨੇ ਇਹ ਵੀ ਦੱਸਿਆ ਕਿ ਸੀਬੀਐੱਫਸੀ ਦੇ ਮੈਂਬਰਾਂ ਦਾ ਕਾਫੀ ਸਹਿਯੋਗ ਵੀ ਹੈ। ਰਿਵਾਈਜ਼ਿੰਗ ਕਮੇਟੀ ਦੇ ਕਈ ਲੋਕਾਂ ਨੇ ਇਸ ਫਿਲਮ ਦੀ ਬਹੁਤ ਤਾਰੀਫ਼ ਕੀਤੀ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਹੱਥ ਬਹੁਤ ਬੰਨ੍ਹੇ ਹੋਏ ਹਨ।
ਹਨੀ ਤ੍ਰੇਹਨ ਨੇ ਦੱਸਿਆ ਕਿ ਇਹ ਫਿਲਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦੇਖੀ ਹੈ, ਪਰ ਉਨ੍ਹਾਂ ਨੂੰ ਫਿਲਮ ਉੱਤੇ ਕੋਈ ਇਤਰਾਜ਼ ਨਹੀਂ ਹੈ।
ਉਨ੍ਹਾਂ ਨੇ ਕਿਹਾ, "ਜਦੋਂ ਐੱਸਜੀਪੀਸੀ ਨੇ ਕਿਹਾ ਕਿ ਅਸੀਂ ਫਿਲਮ ਦੇਖਣੀ ਹੈ ਤਾਂ ਮੈਂ ਰਾਜ਼ੀ ਹੋ ਗਿਆ ਜੇ ਕਿਤੇ ਕੁਝ ਗ਼ਲਤ ਹੋਵੇ ਤਾਂ ਮੈਨੂੰ ਮੰਨ ਲੈਣਾ ਚਾਹੀਦਾ ਹੈ ਤੇ ਸੁਧਾਰ ਲਿਆਉਣਾ ਚਾਹੀਦਾ ਹੈ। ਪਰ ਜਦੋਂ ਉਨ੍ਹਾਂ ਨੇ ਫਿਲਮ ਦੇਖੀ ਤਾਂ ਕਿਹਾ ਕਿ ਅਜਿਹੀ ਫਿਲਮ ਤਾਂ ਪੰਜਾਬ ਵਿੱਚ ਅੱਜ ਤੱਕ ਬਣੀ ਵੀ ਨਹੀਂ ਹੈ।"
ਉਹ ਅਜਿਹੇ ਵਿੱਚ ਆਪਣੇ ਆਪ ਨੂੰ ਦੁਚਿੱਤੀ ਵਿੱਚ ਮਹਿਸੂਸ ਕਰਦੇ ਹਨ ਕਿ ਇੱਕ ਪਾਸੇ ਤਾਂ ਚੰਗੇ ਰਿਵੀਊ ਮਿਲਦੇ ਹਨ ਅਤੇ ਦੂਜੇ ਪਾਸੇ ਸੀਬੀਐੱਫਸੀ ਵੱਲੋਂ ਕੱਟ ਦੱਸੇ ਜਾਂਦੇ ਹਨ।
Comments
Start the conversation
Become a member of New India Abroad to start commenting.
Sign Up Now
Already have an account? Login