ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਡਾ. ਮਨਮੋਹਨ ਸਿੰਘ ਨਮਿਤ ਸ਼ੋਕ ਸਭਾ ਕਰ ਕੇ ਉਨ੍ਹਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ ਅਤੇ ਇਸ ਮਗਰੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਤੇ ਇਸ ਨਾਲ ਸਬੰਧਤ ਅਦਾਰੇ ਇਕ ਦਿਨ ਲਈ ਬੰਦ ਰੱਖੇ ਗਏ। ਸ਼ੋਕ ਸਭਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੇ ਮੂਲਮੰਤਰ ਅਤੇ ਗੁਰਮੰਤਰ ਦੇ ਜਾਪ ਕਰਕੇ ਅਰਦਾਸ ਕੀਤੀ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਡਾ. ਮਨਮੋਹਨ ਸਿੰਘ ਦੀਆਂ ਦੇਸ਼ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਇਕ ਆਮ ਪਰਿਵਾਰ ਵਿੱਚੋਂ ਉਠ ਕੇ ਆਪਣੀ ਮਿਹਨਤ ਅਤੇ ਲਿਆਕਤ ਨਾਲ ਉੱਚ ਸਥਾਨ ਪ੍ਰਾਪਤ ਕੀਤਾ। ਉਹ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਣੇ, ਜਿਸ ਨਾਲ ਪੰਜਾਬੀਆਂ ਅਤੇ ਖਾਸਕਰ ਸਿੱਖ ਦਸਤਾਰ ਦੀ ਪਛਾਣ ਨੂੰ ਪੂਰੀ ਦੁਨੀਆਂ ਵਿੱਚ ਉੱਭਰੀ। ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ ਡਾ. ਮਨਮੋਹਨ ਸਿੰਘ ’ਤੇ ਮਾਣ ਹੈ ਅਤੇ ਉਨ੍ਹਾਂ ਦੇ ਸਤਿਕਾਰ ਵਜੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਤੇ ਅਦਾਰਿਆਂ ’ਚ ਇਕ ਦਿਨ ਦੀ ਛੁੱਟੀ ਕੀਤੀ ਗਈ ਹੈ।
ਸ਼ੋਕ ਸਭਾ ਮੌਕੇ ਓਐਸਡੀ ਸ. ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਸ. ਪ੍ਰੀਤਪਾਲ ਸਿੰਘ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਮੀਤ ਸਕੱਤਰ ਸ. ਗੁਰਚਰਨ ਸਿੰਘ ਕੋਹਾਲਾ, ਸ. ਜਸਵਿੰਦਰ ਸਿੰਘ ਜੱਸੀ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਹਰਭਜਨ ਸਿੰਘ ਵਕਤਾ, ਸੁਪ੍ਰਡੰਟ ਸ. ਨਿਸ਼ਾਨ ਸਿੰਘ, ਸ. ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਸ. ਸਤਨਾਮ ਸਿੰਘ ਰਿਆੜ ਸਮੇਤ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦਾ ਸਮੂਹ ਸਟਾਫ਼ ਮੌਜੂਦ ਸੀ।
ਕੇਂਦਰ ਸਰਕਾਰ ਡਾ. ਮਨਮੋਹਨ ਸਿੰਘ ਦੀ ਬਣਾਏ ਢੁੱਕਵੀਂ ਯਾਦਗਾਰ-ਐਡਵੋਕੇਟ ਧਾਮੀ
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਉਨ੍ਹਾਂ ਦੇ ਪਰਿਵਾਰ ਦੀ ਮੰਗ ਅਨੁਸਾਰ ਢੁੱਕਵੀਂ ਯਾਦਗਾਰ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਡਾ. ਮਨਮੋਹਨ ਸਿੰਘ ਦੀ ਬਦੌਲਤ ਹੀ ਅੱਜ ਦੇਸ਼ ਸਥਿਰ ਹੈ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਮੁੱਖ ਰੱਖਦਿਆਂ ਪਰਿਵਾਰ ਦੀ ਭਾਵਨਾ ਅਨੁਸਾਰ ਢੁੱਕਵਾਂ ਮਾਣ-ਸਨਮਾਨ ਦੇਣਾ ਸਰਕਾਰ ਦਾ ਫ਼ਰਜ਼ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਜਦੋਂ ਵਿਸ਼ਵ ਵਿੱਤੀ ਮੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਸੀ ਤਾਂ ਡਾ. ਮਨਮੋਹਨ ਸਿੰਘ ਨੇ ਆਪਣੀ ਲਿਆਕਤ ਨਾਲ ਜਿਥੇ ਭਾਰਤ ਦੇਸ਼ ਨੂੰ ਆਰਥਿਕ ਤੌਰ ’ਤੇ ਸਥਿਰ ਕੀਤਾ, ਉਥੇ ਹੀ ਪੂਰੀ ਦੁਨੀਆ ਨੂੰ ਵੀ ਮਾਰਗ-ਦਰਸ਼ਨ ਦਿੱਤਾ ਸੀ। ਅਜਿਹੀ ਸ਼ਖ਼ਸੀਅਤ ਨਾਲ ਚਲਾਣੇ ਬਾਅਦ ਉਨ੍ਹਾਂ ਦਾ ਸੰਸਕਾਰ ਰਾਜਘਾਟ ਵਿਖੇ ਨਾ ਕਰਨਾ ਨਿਰਾਦਰ ਵਾਂਗ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਦਾ ਨੋਟਿਸ ਲੈਣ ਅਤੇ ਦੁਨੀਆ ਵਿਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਸਿੱਖ ਸ਼ਖ਼ਸੀਅਤ ਡਾ. ਮਨਮੋਹਨ ਸਿੰਘ ਦੇ ਸਤਿਕਾਰ ਵਜੋਂ ਉਨ੍ਹਾਂ ਦੀ ਢੁੱਕਵੀਂ ਯਾਦਗਾਰ ਉਸਾਰਨ।
Comments
Start the conversation
Become a member of New India Abroad to start commenting.
Sign Up Now
Already have an account? Login