ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਨੂੰ ਦੁਖਦਾਈ ਕਰਾਰ ਦਿੰਦਿਆਂ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰਾਂ ਨੇ ਪੰਥ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਜਥੇਦਾਰ ਅਵਤਾਰ ਸਿੰਘ ਸੁਰਸਿੰਘ ,ਜਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਤਰਨਾਂ ਦਲ ਸ਼ਹੀਦਾਂ ਹਰੀਆਂ ਵੇਲਾਂ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਜਥੇਦਾਰ ਬਾਬਾ ਜੋਗਾ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਐਡਵੋਕੇਟ ਧਾਮੀ ਦੇ ਅਸਤੀਫ਼ੇ ਨੂੰ ਪੰਥਕ ਹਿੱਤਾਂ ਵਿਰੁੱਧ ਕਰਾਰ ਦਿੰਦਿਆਂ ਕਿਹਾ ਕਿ ਇੱਕ ਬੇਦਾਗ, ਇਮਾਨਦਾਰ ਅਤੇ ਪੰਥ ਪ੍ਰਸਤ ਸ਼ਖ਼ਸੀਅਤ ਨੂੰ ਇਸ ਤਰ੍ਹਾਂ ਪੰਥਕ ਸੇਵਾਵਾਂ ਤੋਂ ਲਾਂਭੇ ਨਹੀਂ ਹੋਣਾ ਚਾਹੀਦਾ। ਅਜੋਕੇ ਪੰਥਕ ਹਾਲਾਤਾਂ ਦੌਰਾਨ ਅਜਿਹੀ ਸ਼ਖ਼ਸੀਅਤ ਦਾ ਸਿੱਖ ਪੰਥ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਬਣੇ ਰਹਿਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇੱਕ ਸਮਰਪਿਤ ਪੰਥਕ ਸ਼ਖ਼ਸੀਅਤ ਦੀ ਉਸਾਰੀ ਲਈ ਦਹਾਕੇ ਲੱਗਦੇ ਹਨ ਅਤੇ ਇਸ ਪ੍ਰਸੰਗ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਿਰਦਾਰ ਢੁਕਵਾਂ ਅਤੇ ਸਤਿਕਾਰਯੋਗ ਹੈ। ਜੇਕਰ ਉਹ ਪੰਥ ਦੀ ਵੱਡੀ ਸਿੱਖ ਸੰਸਥਾ ਦੀ ਜ਼ਿੰਮੇਵਾਰੀ ਤੋਂ ਲਾਂਭੇ ਹੁੰਦੇ ਹਨ ਤਾਂ ਨਿਰਸੰਦੇਹ ਇਸਦਾ ਭਵਿੱਖ ਵਿੱਚ ਸਿੱਖ ਸੰਸਥਾਵਾਂ ਦੀ ਕਾਰਜਸ਼ੀਲਤਾ ਉੱਤੇ ਜ਼ਰੂਰ ਅਸਰ ਪਵੇਗਾ।
ਨਿਹੰਗ ਸਿੰਘ ਦਲਾਂ ਦੇ ਜਥੇਦਾਰਾਂ ਨੇ ਕਿਹਾ ਕਿ ਐਡਵੋਕੇਟ ਧਾਮੀ ਦੇ ਅਸਤੀਫ਼ੇ ਤੋਂ ਬਾਅਦ ਬਣੇ ਗੰਭੀਰ ਸੰਕਟ ਨੂੰ ਟਾਲਣਾ ਹਰ ਪੰਥਕ ਆਗੂ ਦੀ ਜ਼ਿੰਮੇਵਾਰੀ ਹੈ ਜਿਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹਰੇਕ ਪੰਥਕ ਜਥੇਬੰਦੀ ਅਤੇ ਆਗੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਪੰਥਕ ਕਾਰਜ ਕਰਨੇ ਚਾਹੀਦੇ ਹਨ। ਅਤੇ ਤਖ਼ਤ ਸਾਹਿਬਾਨਾਂ ਦੀ ਸਰਵਉੱਚਤਾ ਨੂੰ ਬਹਾਲ ਰੱਖਣਾ ਚਾਹੀਦਾ ਹੈ ।
ਉਨ੍ਹਾਂ ਨਿਹੰਗ ਸਿੰਘ ਦਲਾਂ ਦੇ ਜ਼ਿੰਮੇਵਾਰ ਆਗੂ ਹੁੰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿਹਾ ਕਿ ਉਹ ਆਪਣਾ ਅਸਤੀਫ਼ਾ ਤੁਰੰਤ ਵਾਪਸ ਲੈਣ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਪਹਿਲਾਂ ਦੀ ਤਰ੍ਹਾਂ ਕਾਰਜ ਕਰਨ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਨੂੰ ਵੀ ਕਾਹਲੀ ਕਰਨ ਤੋਂ ਗੁਰੇਜ਼ ਕਰਨ ਲਈ ਆਖਦਿਆਂ ਪੰਥ ਦੀ ਭਲਾਈ ਲਈ ਐਡਵੋਕੇਟ ਧਾਮੀ ਦੇ ਅਸਤੀਫ਼ੇ ਨੂੰ ਅਪ੍ਰਵਾਨ ਕਰਨ ਲਈ ਕਿਹਾ।
Comments
Start the conversation
Become a member of New India Abroad to start commenting.
Sign Up Now
Already have an account? Login