ਪਿਛਲੇ 25 ਸਾਲਾਂ ਤੋਂ ਸੱਚ ਸਾਹਮਣੇ ਆਉਣ ਦੀ ਉਡੀਕ ਕਰਦੇ ਹੋਏ, ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਚਿੱਟੀਸਿੰਘਪੋਰਾ ਪਿੰਡ ਦੇ ਸਿੱਖ ਅਜੇ ਵੀ 20 ਮਾਰਚ, 2000 ਨੂੰ 35 ਬੇਗੁਨਾ ਸਿੱਖਾਂ ਦੇ ਬੇਰਹਿਮੀ ਨਾਲ ਕੀਤੇ ਗਏ ਕਤਲੇਆਮ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।
ਆਪਣੀ ਕਸ਼ਮੀਰੀ ਪਛਾਣ ’ਤੇ ਮਾਣ ਕਰਦੇ ਹੋਏ, ਕਸ਼ਮੀਰ ਦੇ ਸਿੱਖ ਭਾਈਚਾਰੇ ਨੇ ਕਤਲੇਆਮ ਵਾਲੀ ਥਾਂ ’ਤੇ “ਸ਼ਹੀਦੀ ਸਮਾਰਕ” ਬਣਾਇਆ ਹੈ, ਜੋ ਪੂਰੀ ਤਰ੍ਹਾਂ ਸਿੱਖ ਸੰਗਤ ਦੇ ਸਹਿਯੋਗ ਨਾਲ ਹੀ ਤਿਆਰ ਕੀਤਾ ਗਿਆ ਹੈ। ਇਸ ਸਮਾਰਕ ’ਤੇ ਪੀੜਤਾਂ ਦੀਆਂ ਤਸਵੀਰਾਂ ਅਤੇ ਨਾਂ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਲਿਖੇ ਹੋਏ ਹਨ। ਉਥੇ ਹੀ ਉਨ੍ਹਾਂ ਨੇ ਉਹ ਕੰਧ ਨੂੰ ਵੀ ਸੰਭਾਲਿਆ ਹੈ, ਜਿਸ ਨਾਲ ਲਗਾ ਕੇ ਸਿੱਖਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ।
ਹਰ ਸਾਲ 20 ਮਾਰਚ ਨੂੰ ਸਥਾਨਕ ਸਿੱਖ ਇੱਥੇ ਇਕੱਠਾ ਹੁੰਦੇ ਹਨ, ਗੁਰਬਾਣੀ ਦਾ ਪਾਠ ਕਰਦੇ ਹਨ, ਸ਼ਹੀਦਾਂ ਲਈ ਅਰਦਾਸ ਕਰਦੇ ਹਨ ਅਤੇ ਇਨਸਾਫ਼ ਲਈ ਲਗਾਤਾਰ ਮੰਗ ਉਠਾਉਂਦੇ ਆ ਰਹੇ ਹਨ।
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਸਰਦਾਰਾਂ ਦਾ ਜ਼ਿਕਰ ਕੀਤਾ, ਜਿਸ ਵਿੱਚੋਂ ਵੀ ਕਸ਼ਮੀਰੀ ਸਿੱਖਾਂ ਨੇ ਉਮੀਦ ਦੀ ਰੋਸ਼ਨੀ ਦੇਖੀ ਹੈ। ਓਮਰ ਨੇ ਕਿਹਾ, “ਅਸੀਂ… ਅਮਰਨਾਥ ਯਾਤਰਾ ਦੇ ਕੈਂਪ ’ਤੇ, ਡੋਡਾ ਦੇ ਪਿੰਡਾਂ ’ਤੇ, ਕਸ਼ਮੀਰੀ ਪੰਡਤਾਂ ਦੀਆਂ ਬਸਤੀਆਂ ’ਤੇ, ਤੇ ਸਰਦਾਰਾਂ ਦੀਆਂ ਬਸਤੀਆਂ ’ਤੇ ਹਮਲੇ ਹੁੰਦੇ ਦੇਖੇ ਹਨ।”
ਹਿੰਸਾ ਦੇ ਲਗਾਤਾਰ ਚੱਲਦੇ ਮਾਮਲਿਆਂ ਬਾਰੇ ਗੱਲ ਕਰਦਿਆਂ ਓਮਰ ਅਬਦੁੱਲਾ ਨੇ ਅੱਗੇ ਕਿਹਾ, “ਕੁਝ ਸਮਾਂ ਸ਼ਾਂਤੀ ਰਹੀ ਸੀ। ਪਰ 21 ਸਾਲ ਬਾਅਦ ਬੈਸਰਨ (ਪਹਿਲਗਾਮ) ਵਿੱਚ ਨਾਗਰਿਕਾਂ ’ਤੇ ਬਹੁਤ ਵੱਡਾ ਹਮਲਾ ਹੋਇਆ। ਅਸੀਂ ਸੋਚਿਆ ਸੀ ਕਿ ਇਹ ਹਮਲੇ ਹੁਣ ਪਿੱਛਲੇ ਸਮੇਂ ਦੀ ਗੱਲ ਹੋ ਚੁੱਕੇ ਹਨ, ਪਰ ਬੈਸਰਨ ਦੀ ਘਟਨਾ ਨੇ ਉਹ ਕਾਲੀਆਂ ਯਾਦਾਂ ਮੁੜ ਤਾਜ਼ਾ ਕਰ ਦਿੱਤੀਆਂ।”
ਮੁੱਖ ਮੰਤਰੀ ਦੇ ਜ਼ਿਕਰ ਉੱਤੇ “ਦ ਕਸ਼ਮੀਰੀ ਸਿੱਖ ਪ੍ਰਾਜੈਕਟ” ਨਾਮਕ ਇੰਸਟਾਗ੍ਰਾਮ ਹੈਂਡਲ ਨੇ ਲਿਖਿਆ, “ਓਮਰ ਅਬਦੁੱਲਾ ਸਾਹਿਬ ਦਾ ਧੰਨਵਾਦ। ਘੱਟੋ ਘੱਟ ਕਿਸੇ ਨੇ ਤਾਂ ਕਸ਼ਮੀਰੀ ਸਿੱਖਾਂ ਦੀ ਪੀੜ੍ਹਾ ਨੂੰ ਯਾਦ ਕੀਤਾ। ਚਾਹੇ ਸਾਡੀਆਂ ਬਸਤੀਆਂ ਉੱਤੇ ਹਮਲੇ ਹੋਏ ਹੋਣ, ਮਹਜੂਰ ਨਗਰ ਦੀ ਘਟਨਾ ਹੋਈ ਹੋਵੇ, ਚਿੱਟੀਸਿੰਘਪੋਰਾ ਕਤਲੇਆਮ ਹੋਵੇ ਜਾਂ ਅਣਗਿਣਤ ਹੋਰ ਮੁਸ਼ਕਲਾਂ ਹੋਣ - ਅਸੀਂ ਡੂੰਘੇ ਦੁੱਖ ਝੱਲੇ ਹਨ। ਫਿਰ ਵੀ, ਜਦੋਂ ਭਾਰਤੀ ਮੀਡੀਆ ਗੱਲ ਕਰਦਾ ਹੈ, ਤਾਂ ਇਹ ਸਿਰਫ਼ ਸਾਡੇ ਪੰਡਤ ਭਰਾਵਾਂ ਦੇ ਦਰਦ ਨੂੰ ਉਜਾਗਰ ਕਰਦਾ ਹੈ। ਸ਼ਾਇਦ ਹੀ ਕੋਈ ਕਸ਼ਮੀਰ ਦੇ ਸਿੱਖਾਂ ਬਾਰੇ, ਉਨ੍ਹਾਂ ਤੂਫਾਨਾਂ ਬਾਰੇ ਗੱਲ ਕਰਦਾ ਹੈ ਜਿਨ੍ਹਾਂ ਦਾ ਅਸੀਂ ਸਾਹਮਣਾ ਕੀਤਾ ਹੈ ਅਤੇ ਬਚੇ ਹਾਂ।"
ਪੋਸਟ ਵਿੱਚ ਅੱਗੇ ਕਿਹਾ ਗਿਆ ਹੈ, "ਇੰਨੇ ਕਾਲੇ ਸਮੇਂ ਨੂੰ ਦੇਖਣ ਦੇ ਬਾਵਜੂਦ, ਅਸੀਂ ਸਿੱਖ ਦ੍ਰਿੜ੍ਹ ਰਹੇ। ਅਸੀਂ ਆਪਣੇ ਪਿਆਰੇ ਕਸ਼ਮੀਰ ਨੂੰ ਨਹੀਂ ਛੱਡਿਆ। ਅੱਜ, ਅਸੀਂ ਕਸ਼ਮੀਰ ਵਿੱਚ ਇੱਕ ਸੂਖਮ-ਘੱਟ ਗਿਣਤੀ ਦੇ ਰੂਪ ਵਿੱਚ ਰਹਿੰਦੇ ਹਾਂ ਪਰ ਆਪਣੇ ਦਿਲਾਂ ਵਿੱਚ ਹਿੰਮਤ ਅਤੇ ਇੱਕ ਅਟੁੱਟ ਭਾਵਨਾ ਨਾਲ ਰਹਿੰਦੇ ਹਾਂ। ਮੁਸੀਬਤਾਂ ਦੇ ਬਾਵਜੂਦ, ਕਸ਼ਮੀਰ ਲਈ ਸਾਡਾ ਪਿਆਰ ਸਾਡੇ ਅੰਦਰ ਉੱਕਰਿਆ ਹੋਇਆ ਹੈ।"
ਇਸ ਦੌਰਾਨ, ਚਿੱਟੀਸਿੰਘਪੋਰਾ ਦੇ ਪੀੜਤਾਂ ਲਈ ਇਨਸਾਫ਼ ਦਾ ਸੰਘਰਸ਼ ਜ਼ਮੀਨੀ ਪੱਧਰ ’ਤੇ ਮੁੱਖ ਤੌਰ ’ਤੇ ਇੱਥੋਂ ਦੇ ਨਿਵਾਸੀ ਗਿਆਨੀ ਰਜਿੰਦਰ ਸਿੰਘ ਅਤੇ ਕਸ਼ਮੀਰੀ ਸਿੱਖ ਸੰਗਤ ਵਲੋਂ ਜਾਰੀ ਰੱਖਿਆ ਗਿਆ ਹੈ। ਗਿਆਨੀ ਰਜਿੰਦਰ ਸਿੰਘ ਇੱਕ ਸਰਕਾਰੀ ਸਕੂਲ ’ਚ ਅਧਿਆਪਕ ਹਨ ਅਤੇ ਸਿੱਖੀ ਦੇ ਪ੍ਰਚਾਰ ਦਾ ਕੰਮ ਵੀ ਕਰਦੇ ਹਨ। ਉਹ ਇਲਾਕੇ ਵਿੱਚ ਗੁਰਮੁਖੀ ਪੰਜਾਬੀ ਵੀ ਪੜ੍ਹਾਉਂਦੇ ਹਨ।
ਖ਼ਾਲਸਾ ਯੂਥ ਫੈਡਰੇਸ਼ਨ, ਜੋ ਕਿ ਇਲਾਕੇ ਦੇ ਸਿੱਖ ਨੌਜਵਾਨਾਂ ਦੀ ਸੰਸਥਾ ਹੈ, ਵੀ ਇਨਸਾਫ਼ ਦੀ ਅਵਾਜ਼ ਉਠਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ। ਨੌਜਵਾਨ ਹਰ ਸਾਲ ਆਪਣੇ ਹੱਥਾਂ ਵਿੱਚ ਬੈਨਰ ਤੇ ਪੋਸਟਰ ਫੜ ਕੇ ਪ੍ਰਦਰਸ਼ਨ ਕਰਦੇ ਹਨ, ਜਿੰਨ੍ਹਾਂ ’ਤੇ ਲਿਖਿਆ ਹੁੰਦਾ ਹੈ: “20 ਮਾਰਚ 2000 ਨੂੰ ਕਦੇ ਨਾ ਭੁੱਲੀਏ”, “ਮਰੇ ਹੋਏ ਇਨਸਾਫ਼ ਲਈ ਨਹੀਂ ਚੀਖ ਸਕਦੇ, ਇਹ ਜੀਉਂਦਿਆਂ ਦੀ ਜ਼ਿੰਮੇਵਾਰੀ ਹੈ”, “ਦੇਰ ਕਰਨਾ ਇਨਸਾਫ਼ ਨਾ ਦੇਣ ਦੇ ਬਰਾਬਰ ਹੈ”, “ਅਸੀਂ ਇਨਸਾਫ਼ ਚਾਹੁੰਦੇ ਹਾਂ”, “ਪਿਛਲੇ 25 ਸਾਲਾਂ ਤੋਂ ਘੱਟ ਗਿਣਤੀ ਭਾਈਚਾਰੇ ਨੂੰ ਇਨਸਾਫ਼ ਨਹੀਂ ਮਿਲਿਆ”।
ਲੇਖਕ ਨਾਲ ਗੱਲ ਕਰਦਿਆਂ ਗਿਆਨੀ ਰਜਿੰਦਰ ਸਿੰਘ ਨੇ ਕਿਹਾ, “25 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਪਰ ਚਿੱਟੀਸਿੰਘਪੋਰਾ ਦੇ ਸਿੱਖ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਸਰਕਾਰਾਂ ਨੇ ਅਜੇ ਤਕ ਕੁਝ ਨਹੀਂ ਕੀਤਾ। 20 ਮਾਰਚ, 2025 ਨੂੰ ਅਸੀਂ ਉਨ੍ਹਾਂ 35 ਸਿੱਖ ਸ਼ਹੀਦਾਂ ਦੀ 25ਵੀਂ ਬਰਸੀ ਮਨਾਈ, ਜਿਨ੍ਹਾਂ ਨੂੰ ਹਥਿਆਰਬੰਦ ਅੱਤਵਾਦੀਆਂ ਨੇ ਫੌਜੀ ਵਰਦੀਆਂ ਪਹਿਨ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।”
ਉਨ੍ਹਾਂ ਅੱਗੇ ਕਿਹਾ, “ਸਿੱਖ ਗੁਰਬਾਣੀ ਦੇ ਅਸੂਲਾਂ ’ਤੇ ਚੱਲਦੇ ਹਨ — ਨਾ ਕਿਸੇ ਨੂੰ ਡਰਾਉਂਦੇ ਹਨ, ਨਾ ਆਪ ਡਰਦੇ ਹਨ। ਇਸੇ ਕਰਕੇ ਅਸੀਂ ਅੱਜ ਵੀ ਅਟੱਲ ਖੜ੍ਹੇ ਹਾਂ। ਮਾਸੂਮ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਅਤੇ ਇੱਕ ਵਾਰ ਫਿਰ, ਅਸੀਂ ਮੌਜੂਦਾ ਰਾਜ ਅਤੇ ਕੇਂਦਰ ਸਰਕਾਰਾਂ, ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਜੀ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਜੀ ਤੋਂ ਇਨਸਾਫ਼ ਦੀ ਮੰਗ ਕਰਦੇ ਹਾਂ। ਜੇਕਰ ਉਨ੍ਹਾਂ ਦੇ ਦਿਲਾਂ ਵਿੱਚ ਮਨੁੱਖਤਾ ਹੈ, ਤਾਂ ਉਹ ਸੱਚਾਈ ਨੂੰ ਸਾਹਮਣੇ ਲਿਆਉਣ।"
ਗਿਆਨੀ ਰਜਿੰਦਰ ਸਿੰਘ ਨੇ ਕਿਹਾ ਕਿ, “ਉਸ ਸਮੇਂ ਵੀ, ਜੰਮੂ-ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ ਦੀ ਸਰਕਾਰ ਸੀ ਅਤੇ ਕੇਂਦਰ ਵਿੱਚ ਭਾਜਪਾ ਦੀ - ਅਤੇ ਹੁਣ ਫਿਰ, ਉਹੀ ਸਰਕਾਰਾਂ ਰਾਜ ਕਰ ਰਹੀਆਂ ਹਨ। ਅਸੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਚਿੱਟੀਸਿੰਘਪੁਰਾ ਦੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕਰਦੇ ਹਾਂ।"
Comments
Start the conversation
Become a member of New India Abroad to start commenting.
Sign Up Now
Already have an account? Login