l
ਅਮਰੀਕਾ ਦੀ ਜਾਂਚ ਏਜੰਸੀ ਐੱਫਬੀਆਈ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਅੰਦਰ ਮੋਸਟ ਵਾਂਟਡ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਨੂੰ ਉਨ੍ਹਾਂ ਨੇ ਸੈਕਰਾਮੈਂਟੋ ਤੋਂ ਗ੍ਰਿਫ਼ਤਾਰ ਕੀਤਾ ਹੈ। ਐੱਫਬੀਆਈ ਸੈਕਰਾਮੈਂਟੋ ਨੇ ਇਹ ਜਾਣਕਾਰੀ ਆਪਣੇ ਇੱਕ ਐਕਸ ਪੋਸਟ ਰਾਹੀਂ 18 ਅਪ੍ਰੈਲ ਨੂੰ ਸਾਂਝੀ ਕੀਤੀ।
ਐੱਫਬੀਆਈ ਨੇ ਕਿਹਾ ਕਿ, “ਅੱਜ, ਪੰਜਾਬ, ਭਾਰਤ ਵਿੱਚ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਇੱਕ ਕਥਿਤ ਅੱਤਵਾਦੀ ਹਰਪ੍ਰੀਤ ਸਿੰਘ ਨੂੰ ਐੱਫਬੀਆਈ ਅਤੇ ਈਆਰਓ ਨੇ ਸੈਕਰਾਮੈਂਟੋ ਤੋਂ ਗ੍ਰਿਫ਼ਤਾਰ ਕੀਤਾ। ਦੋ ਅੰਤਰਰਾਸ਼ਟਰੀ ਅੱਤਵਾਦੀ ਸਮੂਹਾਂ ਨਾਲ ਜੁੜਿਆ ਇਹ ਵਿਅਕਤੀ, ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖਲ ਹੋਇਆ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਬਰਨਰ ਫੋਨਾਂ ਦੀ ਵਰਤੋਂ ਕਰਦਾ ਸੀ।”
ਦੂਜੇ ਪਾਸੇ ਭਾਰਤ ਅੰਦਰ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਇਸ ਨੂੰ ਆਈਐੱਸਆਈ-ਸਮਰਥਿਤ ਅੱਤਵਾਦ ਨੈੱਟਵਰਕ ਦੇ ਖ਼ਿਲਾਫ਼ ਵੱਡੀ ਕਾਮਯਾਬੀ ਦੱਸਿਆ ਹੈ।
ਆਪਣੇ ਐਕਸ ਪੋਸਟ ਵਿੱਚ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਲਿਖਿਆ, “ਆਈਐੱਸਆਈ-ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਯੂਐੱਸਏ-ਅਧਾਰਤ ਮੁੱਖ ਸੰਚਾਲਕ ਅਤੇ ਪਾਕਿਸਤਾਨ-ਅਧਾਰਤ ਅੱਤਵਾਦੀ ਰਿੰਦਾ ਦੇ ਨਜ਼ਦੀਕੀ ਸਹਿਯੋਗੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ, ਆਈਐੱਸਆਈ-ਸਮਰਥਿਤ ਅੱਤਵਾਦੀ ਨੈੱਟਵਰਕਾਂ 'ਤੇ ਨਿਰੰਤਰ ਕਾਰਵਾਈ ਵਿੱਚ ਇੱਕ ਵੱਡਾ ਮੀਲ ਪੱਥਰ ਹੈ।”
ਯਾਦਵ ਨੇ ਕਿਹਾ ਕਿ 2023-2025 ਦੇ ਵਿਚਕਾਰ, ਹੈਪੀ ਪਾਸੀਆ ਨੇ ਪੰਜਾਬ ਅਤੇ ਹੋਰ ਰਾਜਾਂ ਵਿੱਚ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਕਤਲਾਂ, ਪੁਲਿਸ ਅਦਾਰਿਆਂ 'ਤੇ ਗ੍ਰਨੇਡ ਹਮਲੇ ਅਤੇ ਜਬਰੀ ਵਸੂਲੀ ਨੂੰ ਅੰਜਾਮ ਦੇਣ ਵਿੱਚ ਕੇਂਦਰੀ ਭੂਮਿਕਾ ਨਿਭਾਈ। 17 ਅਪ੍ਰੈਲ 2025 ਨੂੰ ਐੱਫਬੀਆਈ ਅਤੇ ਆਈਸੀਈ ਦੁਆਰਾ ਸੈਕਰਾਮੈਂਟੋ, ਯੂਐੱਸਏਵਿੱਚ ਉਸਦੀ ਗ੍ਰਿਫ਼ਤਾਰੀ, ਅਮਰੀਕਾ ਅਤੇ ਭਾਰਤ ਵਿਚਕਾਰ ਸ਼ਾਨਦਾਰ ਅੰਤਰਰਾਸ਼ਟਰੀ ਸਹਿਯੋਗ ਅਤੇ ਜਾਣਕਾਰੀ ਦੇ ਆਦਾਨ-ਪ੍ਰਦਾਨ ਦਾ ਨਤੀਜਾ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਲਗਾਤਾਰ ਖੁਫੀਆ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦੇ ਹਰ ਨਾਗਰਿਕ ਦੀ ਰੱਖਿਆ ਕਰਨ, ਅੱਤਵਾਦੀ ਵਾਤਾਵਰਣ ਪ੍ਰਣਾਲੀ ਨੂੰ ਖਤਮ ਕਰਨ ਅਤੇ ਸਰਹੱਦ ਪਾਰ ਖਤਰਿਆਂ ਦੇ ਮੱਦੇਨਜ਼ਰ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਪੁਲਿਸ ਦਾ ਇਰਾਦਾ ਦ੍ਰਿੜ੍ਹ ਹੈ।”
ਯਾਦਵ ਨੇ ਦੱਸਿਆ ਕਿ ਹੈਪੀ ਪਾਸੀਆ ਨੇ ਅਪਰਾਧ ਦੀ ਸ਼ੁਰੂਆਤ ਜੱਗੂ ਭਗਵਾਨਪੁਰੀਆ ਗੈਂਗਸਟਰ ਦੇ ਨਾਲ ਕੀਤੀ ਸੀ ਅਤੇ ਉਸ ਦੇ ਯੂਐੱਸਏ-ਅਧਾਰਿਤ ਸਾਥੀ – ਦਰਮਨ ਕਾਹਲੋਂ ਅਤੇ ਅੰਮ੍ਰਿਤ ਬਲ ਦੇ ਨਾਲ ਉਸ ਨੇ ਅਪਰਾਧਿਕ ਗਤੀਵਿਧੀ ਸ਼ੁਰੂ ਕੀਤੀ। ਬਾਅਦ ਵਿੱਚ ਹੈਪੀ ਪਾਕਿਸਤਾਨ-ਅਧਾਰਿਤ ਹਰਵਿੰਦਰ ਰਿੰਦਾ ਦੇ ਸੰਪਰਕ ਵਿੱਚ ਆ ਕੇ ਇੱਕ ਪ੍ਰਮੁੱਖ ਮੋਹਰਾ ਬਣ ਗਿਆ ਸੀ ਜਿਸ ਦੇ ਰਾਹੀਂ ਆਈਐੱਸਆਈ ਦੇ ਇਸ਼ਾਰੇ ਉੱਤੇ ਵੱਖ-ਵੱਖ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸੰਤਬਰ 2024 ਤੋਂ ਬਾਅਦ ਜਿਹੜੀਆਂ (ਗ੍ਰੇਨੇਡ ਸੁੱਟਣ ਦੀਆਂ) ਵਾਰਦਾਤਾਂ ਹੋਈਆਂ ਉਨ੍ਹਾਂ ਵਿੱਚੋਂ ਕਾਫੀਆਂ ਦੇ ਹੈਪੀ ਪਾਸੀਆ ਦੀ ਸਿੱਧੀ ਸ਼ਮੂਲੀਅਤ ਸੀ। ਉਹ ਯੂਐੱਸਏ ਵਿੱਚ ਬੈਠ ਕੇ ਅੱਤਵਾਦੀ ਗਤੀਵਿਧੀਆਂ ਦੇ ਮੁੱਖ ਸਾਜ਼ਸ਼ਘਾੜੇ ਵਜੋਂ ਕੰਮ ਕਰ ਰਿਹਾ ਸੀ। ਪਰ ਪੰਜਾਬ ਪੁਲਿਸ ਨੇ ਇਸ ਨੂੰ ਬਹੁਤ ਹੀ ਸੂਝਵਾਨ ਢੰਗ ਨਾਲ ਟਰੇਸ ਕੀਤਾ ਅਤੇ ਕੇਂਦਰੀ ਜਾਂਚ ਏਸੰਸੀਆਂ ਦੀ ਮਦਦ ਨਾਲ ਸਹੀ ਚੈਨਲ ਰਾਹੀਂ ਇਸ ਦੀ ਯੂਐੱਸਏ ਵਿੱਚ ਗ੍ਰਿਫ਼ਤਾਰੀ ਯਕੀਨਾ ਬਣਾਈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇਹ ਮਾਮਲਾ ਕੇਂਦਰ ਸਰਕਾਰ ਪਾਸ ਉਠਾਇਆ ਹੈ ਕਿ ਹੈਪੀ ਪਾਸੀਆ ਦੇ ਖਿਲਾਫ਼ ਐੱਲਓਸੀ (ਲੁੱਟ ਆਊਟ ਨਟਿਸ) ਜਾਰੀ ਕੀਤਾ ਗਿਆ ਹੈ ਅਤੇ ਇਸ ਖਿਲ਼ਾਫ਼ ਬਲੂ ਕਾਰਨਰ ਤੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੈ। ਯਾਦਵ ਨੇ ਕਿਹਾ ਕਿ ਕਾਨੂੰਨੀ ਵਿਧੀ ਅਨੁਸਾਰ ਹੈਪੀ ਪਾਸੀਆ ਨੂੰ ਭਾਰਤ ਲੈ ਕੇ ਆਉਣ ਦੇ ਯਤਨ ਕੀਤੇ ਜਾਣਗੇ।
Comments
Start the conversation
Become a member of New India Abroad to start commenting.
Sign Up Now
Already have an account? Login