ਸਿਨਸਿਨੈਟੀ, ਓਹਾਇਓ: ਖਾਲਸਾ ਸਾਜਨਾ ਦਿਵਸ ਮੌਕੇ ਅਮਰੀਕਾ ਦੇ ਓਹਾਇਓ ਸੂਬੇ ਦੇ ਸ਼ਹਿਰ ਸਿਨਸਿਨੈਟੀ ਵਿਖੇ ਖਾਲਸਾ ਸਾਜਨਾ ਦਿਵਸ ਹਰ ਸਾਲ ਵਾਂਗ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਗੁਰੂ ਨਾਨਕ ਸੁਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਸੰਬੰਧੀ ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਪੰਜ ਪਿਆਰਿਆ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਏ ਗਏ। ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਨਾਲ ਲਗਦੀਆਂ ਕਈ ਰਿਹਾਸ਼ੀ ਅਬਾਦੀਆਂ ਵਿੱਚੋਂ ਦੀ ਲੰਗਿਆਂ।
ਸਿਨਸਿਨੈਟੀ ਤੋਂ ਬਾਬਾ ਜਵੰਦ ਸਿੰਘ ਮਿਸ਼ਲ ਸ਼ਹੀਦਾ ਗੱਤਕਾ ਅਤੇ ਇੰਡਿਆਣਾ ਤੋਂ ਪੁੱਜੇ ਬਾਬਾ ਫਤਹਿ ਸਿੰਘ ਜੀ ਗੱਤਕਾ ਅਖਾੜਾ ਜੱਥੇ ਦੇ 4 ਸਾਲ ਦੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਸਿੰਘ ਅਤੇ ਸਿੰਘਣੀਆਂ ਨੇ ਨਗਰ ਕੀਰਤਨ ਦੌਰਾਨ ਗਤਕੇ ਦੇ ਜੋਹਰ ਦਿਖਾਏ।
ਸੰਗਤ ਦੀ ਗਿਣਤੀ ਹਰ ਸਾਲ ਵੱਧ ਰਹੀ ਹੈ, ਜਿਸ ਵਿੱਚ ਡੇਟਨ, ਗੁਆਂਢੀ ਰਾਜਾਂ ਦੇ ਸ਼ਹਿਰਾਂ ਜਿਵੇਂ ਕਿ ਇੰਡੀਆਨਾਪੋਲਿਸ (ਇੰਡੀਆਨਾ) ਅਤੇ ਕੈਂਟਕੀ ਦੇ ਕਈ ਸ਼ਹਿਰਾਂ ਤੋਂ ਸੰਗਤਾਂ ਨੇ ਨਗਰ ਕੀਰਤਨ ‘ਚ ਹਾਜ਼ਰੀ ਭਰੀ। ਅਮਰੀਕਨਾਂ ਨੇ ਵੀ ਆਪਣੇ ਘਰਾਂ ਦੇ ਬਾਹਰ ਆ ਕੇ ਸਿੱਖ ਸੰਗਤ ਨੂੰ ਵਧਾਈ ਦਿੱਤੀ। ਇਸ ਨਾਲ ਉਹਨਾਂ ਨੂੰ ਵੀ ਸਿੱਖਾਂ ਬਾਰੇ ਹੋਰ ਜਾਣਕਾਰੀ ਮਿਲੀ।
ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥੇ ਭਾਈ ਪਰਮਜੀਤ ਸਿੰਘ ਲੁਧਿਆਣੇ ਵਾਲੇ, ਭਾਈ ਜੀਤ ਸਿੰਘ, ਭਾਈ ਅੰਗਦਦੀਪ ਸਿੰਘ ਨੇ ਰੱਸ ਭਿੰਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਵਿਸਾਖੀ ਦੇ ਇਹਨਾਂ ਸਮਾਗਮਾਂ ਦੌਰਾਨ ਪੂਰਾ ਹਫਤਾ ਢਾਡੀ ਜੱਥੇ ਭਾਈ ਕੁਲਵੰਤ ਸਿੰਘ ਪੰਡੋਰੀ ਵਾਲੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ ਅਤੇ ਭਾਈ ਜਗਬੀਰ ਸਿੰਘ ਨੇ ਕਥਾ ਦੁਆਰਾ ਗਿਆਨ ਸਾਂਝਾ ਕੀਤਾ। ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮੁਫਤ ਮੈਡੀਕਲ ਕੈੰਪ ਵੀ ਲਗਾਇਆ ਗਿਆ ਜਿਸ ਵਿੱਚ ਬਲੱਡ ਪਰੈਸ਼ਰ, ਡਾਕਟਰੀ ਚੈੱਕ ਅਤੇ ਸਲਾਹ ਮਸ਼ਵਰਾ ਆਦਿ ਵੀ ਦਿੱਤਾ ਗਿਆ। ਸਿੱਖ ਭਾਈਚਾਰੇ ਦੇ ਡਾਕਟਰੀ ਖਿੱਤੇ ਨਾਲ ਜੁੜੇ ਮੈਂਬਰਾਂ ਨੇ ਇਹ ਸੇਵਾ ਕੀਤੀ।
ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ, ਸੇਵਾਦਾਰਾਂ ਅਤੇ ਸ਼ਹਿਰ ਵਿੱਚ ਕੱਢੇ ਗਏ ਨਗਰ ਕੀਰਤਨ ’ਚ ਆਪਣੀਆਂ ਸੇਵਾਵਾਂ ਦੇਣ ਲਈ ਵੈਸਟ ਚੈਸਟਰ ਪੁਲਿਸ ਦਾ ਧੰਨਵਾਦ ਕੀਤਾ।
Comments
Start the conversation
Become a member of New India Abroad to start commenting.
Sign Up Now
Already have an account? Login