ਪੰਜਾਬ ਦੇ ਹਵਾਈ ਸੰਪਰਕ ਨੂੰ ਸਾਲ 2025 ਦੀ ਆਮਦ ‘ਤੇ ਇੱਕ ਵੱਡਾ ਹੁਲਾਰਾ ਮਿਲਨ ਜਾ ਰਿਹਾ ਹੈ। ਏਅਰ ਇੰਡੀਆ ਐਕਸਪ੍ਰੈਸ 27 ਦਸੰਬਰ, 2024 ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਤੋਂ ਦੋ ਨਵੀਆਂ ਉਡਾਣਾਂ (ਅੰਤਰਰਾਸ਼ਟਰੀ ਅਤੇ ਘਰੇਲੂ) ਸ਼ੁਰੂ ਕਰ ਰਹੀ ਹੈ ਜੋ ਕਿ ਅੰਮ੍ਰਿਤਸਰ ਨੂੰ ਸਿੱਧਾ ਬੈਂਕਾਕ ਅਤੇ ਬੈਂਗਾਲੁਰੂ ਨਾਲ ਜੋੜਨਗੀਆਂ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਕਨਵੀਨਰ (ਭਾਰਤ) ਯੋਗੇਸ਼ ਕਾਮਰਾ ਨੇ ਸਾਂਝੇ ਬਿਆਨ ‘ਚ ਇਸ ਸੰਬੰਧੀ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਨਵੀਆਂ ਉਡਾਣਾਂ ਪੰਜਾਬ ਦੇ ਹਵਾਈ ਸੰਪਰਕ ਅਤੇ ਪੰਜਾਬੀਆਂ ਲਈ ਨਵੇਂ ਸਾਲ ਦਾ ਤੋਹਫਾ ਹਨ ਅਤੇ ਇਹ ਹੋਰ ਵਧੇਰੇ ਅੰਤਰਰਾਸ਼ਟਰੀ ਅਤੇ ਘਰੇਲੂ ਸੈਲਾਨੀਆਂ ਨੂੰ ਆਕਰਸ਼ਿਤ ਕਰਨਗੀਆਂ।
ਉਹਨਾਂ ਦੱਸਿਆ ਕਿ ਏਅਰਲਾਈਨ ਵੱਲੋਂ ਜਾਰੀ ਸਮਾਂ ਸੂਚੀ ਅਨੁਸਾਰ ਬੈਂਗਾਲੁਰੂ ਤੋਂ ਉਡਾਣ ਸਵੇਰੇ 5:55 ਵਜੇ ਰਵਾਨਾ ਹੋਵੇਗੀ ਅਤੇ 9:20 ਵਜੇ ਅੰਮ੍ਰਿਤਸਰ ਪਹੁੰਚੇਗੀ। ਇੱਥੋਂ ਵਾਪਸੀ ਦੀ ਉਡਾਣ ਰਾਤ 11:30 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 2:45 ਵਜੇ ਬੈਂਗਲੂਰੂ ਪਹੁੰਚੇਗੀ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਉਡਾਣ ਸਵੇਰੇ 10:40 ਵਜੇ ਰਵਾਨਾ ਹੋ ਕੇ ਬੈਂਕਾਕ ਦੇ ਸਵਰਣਭੂਮੀ ਹਵਾਈ ਅੱਡੇ ‘ਤੇ ਸ਼ਾਮ 5:00 ਵਜੇ ਪਹੁੰਚੇਗੀ। ਵਾਪਸੀ ਦੀ ਉਡਾਣ ਸ਼ਾਮ 6:00 ਵਜੇ ਬੈਂਕਾਕ ਤੋਂ ਰਵਾਨਾ ਹੋਵੇਗੀ ਅਤੇ 9:30 ਵਜੇ ਅੰਮ੍ਰਿਤਸਰ ਪਹੁੰਚੇਗੀ। ਬੈਂਕਾਕ ਅਤੇ ਬੈਂਗਾਲੁਰੂ ਲਈ ਉਡਾਣ ਸੇਵਾ ਹਫ਼ਤੇ ਵਿੱਚ ਚਾਰ ਦਿਨ - ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਬੋਇੰਗ 737 ਮੈਕਸ 8 ਜਹਾਜ਼ ਰਾਹੀਂ ਚੱਲੇਗੀ।
ਇਹਨਾਂ ਆਗੂਆਂ ਨੇ ਦੱਸਿਆ ਕਿ ਬੀਤੇ 27 ਅਕਤੂਬਰ ਤੋਂ ਥਾਈ ਲਾਇਨ ਏਅਰ ਵੱਲੋਂ ਬੈਂਕਾਂਕ ਦੇ ਡੌਨ ਮੁਏਂਗ ਹਵਾਈ ਅੱਡੇ ਤੋ ਸਿੱਧਾ ਅੰਮ੍ਰਿਤਸਰ ਲਈ ਹਫਤੇ ‘ਚ ਚਾਰ ਦਿਨ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਐਕਸਪ੍ਰੈੱਸ ਦੀਆਂ ਨਵੀਆਂ ਉਡਾਣਾਂ ਸ਼ੁਰੂ ਹੋਣ ਨਾਲ ਹੁਣ ਅੰਮ੍ਰਿਤਸਰ - ਬੈਂਕਾਕ ਦਰਮਿਆਨ ਹਫ਼ਤੇ ਵਿੱਚ ਕੁੱਲ 8 ਉਡਾਣਾਂ ਹੋ ਜਾਣਗੀਆਂ, ਜਿਸ ਨਾਲ ਯਾਤਰੀਆਂ ਨੂੰ ਵਧੇਰੇ ਵਿਕਲਪ ਮਿਲਣਗੇ ਅਤੇ ਵਧੇਰੇ ਮੁਕਾਬਲੇ ਦੇ ਨਾਲ ਕਿਰਾਏ ਵਿੱਚ ਵੀ ਸੰਭਾਵੀ ਤੌਰ ਤੇ ਕਮੀ ਆਵੇਗੀ।
ਗੁਮਟਾਲਾ ਅਨੁਸਾਰ ਇੰਡੀਗੋ ਏਅਰਲਾਈਨਜ਼ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ - ਬੈਂਗਲੁਰੂ ਦਰਮਿਆਨ ਰੋਜ਼ਾਨਾ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ। ਹੁਣ 31 ਜਨਵਰੀ, 2025 ਤੱਕ ਇਸ ਰੂਟ ਤੇ ਹੀ ਏਅਰਲਾਈਨ ਨੇ ਦੂਜੀ ਰੋਜ਼ਾਨਾ ਉਡਾਣ ਸ਼ਾਮਲ ਕੀਤੀ ਹੈ। ਅੰਮ੍ਰਿਤਸਰ ਪਹਿਲਾਂ ਹੀ ਮਲੇਸ਼ੀਆ ਏਅਰਲਾਈਨ, ਏਅਰ ਏਸ਼ੀਆ, ਬੈਟਿਕ ਏਅਰ ਦੁਆਰਾ ਕੁਆਲਾਲੰਪੁਰ ਅਤੇ ਸਕੂਟ ਰਾਹੀਂ ਸਿੰਘਾਪੁਰ ਨਾਲ ਜੁੜਿਆ ਹੈ। ਇਹ ਏਅਰਲਾਈਨ ਵੀ ਬੈਂਕਾਕ, ਆਸਟ੍ਰੇਲੀਆ ਅਤੇ ਹੋਰ ਕਈ ਦੱਖਣ- ਪੂਰਬੀ ਮੁਲਕਾਂ ਨੂੰ ਆਪਣੇ ਮੁਲਕ ਦੇ ਏਅਰਪੋਰਟ ਰਾਹੀਂ ਅੰਮ੍ਰਿਤਸਰ ਨਾਲ ਜੋੜਦੇ ਹਨ।
ਅੰਮ੍ਰਿਤਸਰ ਹਵਾਈ ਅੱਡੇ ਲਈ ਲੰਮੇ ਸਮੇਂ ਤੋਂ ਬੱਸ ਸੇਵਾ ਸ਼ੁਰੂ ਕੀਤੇ ਜਾਣ ਦੀ ਮੰਗ ਨੂੰ ਮੁੜ ਦੁਹਰਾਂਦਿਆਂ ਕਨਵੀਨਰ ਕਾਮਰਾ ਨੇ ਕਿਹਾ, “ਸੂਬਾ ਸਰਕਾਰ ਨੂੰ ਪਨਬੱਸ ਅਤੇ ਪੀਆਰਟੀਸੀ ਦੀਆਂ ਬੱਸਾਂ ਰਾਹੀਂ ਹਵਾਈ ਅੱਡੇ ਨੂੰ ਪੰਜਾਬ ਭਰ ਦੇ ਸ਼ਹਿਰਾਂ ਨਾਲ ਜੋੜਣ ਅਤੇ ਹੋਰ ਜਨਤੱਕ ਸਹੂਲਤਾਂ ਨੂੰ ਵਧਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਅਜਿਹੇ ਯਤਨ ਏਅਰਪੋਰਟ ਨੂੰ ਅੰਤਰਰਾਸ਼ਟਰੀ ਸੰਪਰਕ ਅਤੇ ਵਪਾਰਕ ਕੇਂਦਰ ਵਜੋਂ ਉਭਾਰਨ ਅਤੇ ਹੋਰ ਵਿਕਸਤ ਕਰਨ ਵਿੱਚ ਸਹਾਇਕ ਸਾਬਤ ਹੋਣਗੇ।”
Comments
Start the conversation
Become a member of New India Abroad to start commenting.
Sign Up Now
Already have an account? Login