ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ’ਚ ਭਲਕੇ 25 ਦਸੰਬਰ ਤੋਂ ਸਾਲਾਨਾ ਸ਼ਹੀਦੀ ਸਭਾ ਸ਼ੁਰੂ ਹੈ। ਕੜਾਕੇ ਦੀ ਠੰਢ ’ਚ ਵੱਡੀ ਗਿਣਤੀ ਸੰਗਤ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਿਜਦਾ ਕਰਨ ਲਈ ਇਥੇ ਪੁੱਜ ਰਹੀ ਹੈ। ਸ਼ਰਧਾਲੂਆਂ ਵੱਲੋਂ ਥਾਂ-ਥਾਂ ’ਤੇ ਲੰਗਰ ਲਗਾਏ ਗਏ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਨਹੀਂ ਆਉਂਣ ਦਿੱਤੀ ਜਾਵੇਗੀ। ਗੁਰਦੁਆਰੇ ਦੇ ਮੈਨੇਜਰ ਗੁਰਦੀਪ ਸਿੰਘ ਨੇ ਦੱਸਿਆ ਕਿ 25 ਦਸੰਬਰ ਨੂੰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ’ਚ ਅਖੰਡ ਪਾਠ ਆਰੰਭ ਹੋਏ, ਜਿਸ ਦੇ ਭੋਗ 27 ਦਸੰਬਰ ਨੂੰ ਭੋਗ ਪਾਏ ਜਾਣਗੇ।
ਦਿਨ-ਰਾਤ ਧਾਰਮਿਕ ਦੀਵਾਨ ਸਜ ਰਹੇ ਹਨ। ਜਿਨ੍ਹਾਂ ਵਿਚ ਪੰਥਕ ਸ਼ਖ਼ਸੀਅਤਾਂ ਤੋਂ ਇਲਾਵਾ ਪ੍ਰਸਿੱਧ ਵਿਦਵਾਨ, ਰਾਗੀ, ਢਾਡੀ, ਕਵੀਸ਼ਰ ਅਤੇ ਪ੍ਰਚਾਰਕ ਸੰਗਤ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਨ। 26 ਦਸੰਬਰ ਦੀ ਰਾਤ ਨੂੰ 9 ਵਜੇ ਵਿਸ਼ੇਸ਼ ਕਵੀ ਸਮਾਗਮ ਹੋਵੇਗਾ ਅਤੇ 27 ਦਸੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਦੀ ਦੁਪਹਿਰ 12 ਵਜੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ’ਚ ਸਮਾਪਤੀ ਹੋਵੇਗੀ।
ਇਸੇ ਤਰ੍ਹਾਂ 27 ਦਸੰਬਰ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ’ਚ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਸਾਹਿਬਜ਼ਾਦਿਆਂ ਦੇ ਲਾਸਾਨੀ ਜੀਵਨ ਤੇ ਸ਼ਹੀਦੀ ਸਫ਼ਰ ਦੀ ਅਦੁੱਤੀ ਕਥਾ 28 ਦਸੰਬਰ ਤੱਕ ਅੰਮ੍ਰਿਤ ਵੇਲੇ ਮੁੱਖ ਦਰਬਾਰ ਹਾਲ ਵਿਚ ਭਾਈ ਹਰਪਾਲ ਸਿੰਘ ਹੈੱਡ ਗ੍ਰੰਥੀ ਵਲੋਂ ਕੀਤੀ ਜਾਵੇਗੀ। ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਜ਼ਿਲਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਵੱਲੋਂ ਸਾਰੇ ਪ੍ਰਬੰਧਾਂ ਦੀ ਖੁਦ ਦੇਖ-ਰੇਖ ਕੀਤੀ ਜਾ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਬਲਵਿੰਦਰ ਸਿੰਘ ਭੂੰਦੜ ਗੁਰਦੁਆਰੇ ’ਚ ਨਤਮਸਤਕ ਹੋਏ।
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਗਦੀਪ ਸਿੰਘ ਚੀਮਾ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
'ਮੇਰੀ ਦਸਤਾਰ ਮੇਰੀ ਸ਼ਾਨ’ ਪ੍ਰੋਗਰਾਮ ਤਹਿਤ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਲਈ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਹੈ। ਇਸਦੇ ਨਾਲ ਹੀ ਗੁਰਮਤਿ ਸਾਹਿਤ ਮੇਲਾ ਵੀ ਆਯੋਜਿਤ ਕੀਤਾ ਗਿਆ ਹੈ, ਜਿਸ ਵਿੱਚ ਗੁਰਮਤਿ ਨਾਲ ਸਬੰਧਿਤ ਕਿਤਾਬਾਂ ਦੇ ਸਟਾਲ ਲੱਗੇ ਹੋਏ ਹਨ।
Comments
Start the conversation
Become a member of New India Abroad to start commenting.
Sign Up Now
Already have an account? Login