ਚੰਡੀਗੜ੍ਹ - ਦੋ ਦਸੰਬਰ ਦੇ ਅਕਾਲ ਤਖ਼ਤ ਦੇ ਫੈਸਲੇ ਦੇ ਸੂਤਰ ਧਾਰ ਤਿੰਨੇ ਜਥੇਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪਮਾਨਤ ਤਰੀਕੇ ਨਾਲ ਅਹੁਦਿਆਂ ਤੋਂ ਲਾਂਭੇ ਕਰ ਦੇਣਾ, ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਾਲੀ ਬੇਇਜ਼ਤੀ/ਬੇਹੁਰਮਤੀ ਦੀਆਂ ਘਟਨਾਵਾਂ ਦਾ ਹੀ ਦੁਹਰਾਉ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਜਾਰੀ ਬਿਆਨ ਵਿੱਚ ਸੰਸਥਾ ਦੇ ਆਗੂਆਂ ਵੱਲੋਂ ਕੀਤਾ ਗਿਆ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਬਰਗਾੜੀ ਦੇ ਦੁਖਦਾਇਕ ਵਰਤਾਰਿਆਂ ਨੇ “ਸ਼ਬਦ-ਗੁਰੂ” ਦੇ ਸਿਧਾਂਤ ਨੂੰ ਠੇਸ ਪਹੁੰਚਾਈ ਸੀ, ਜਦੋਂ ਕਿ ਜਥੇਦਾਰਾਂ ਨੂੰ ਛੋਟੇ ਮੁਲਾਜ਼ਮਾਂ ਦੀ ਤਰਜ਼ ਉੱਤੇ ਬਾਹਰ ਦਾ ਦਰਵਾਜਾ ਦਿਖਾ ਦੇਣਾ ਸਿੱਖਾਂ ਦੇ ਮੀਰੀ-ਪੀਰੀ ਅਤੇ ਸਿੱਖ ਪ੍ਰਭੂਸੱਤਾ ਦੇ ਕੇਂਦਰ ਅਕਾਲ ਤਖ਼ਤ ਸਾਹਿਬ ਨੂੰ ਵੱਡੀ ਸੱਟ ਮਾਰੀ ਹੈ। ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਫੌਜੀ ਹਮਲੇ/ਟੈਕਾਂ ਰਾਹੀਂ ਢਹਿ ਢੇਰੀ ਕਰ ਦੇਣ ਤੋਂ ਬਾਅਦ ਸਿੱਖ ਪ੍ਰਭੂਸੱਤਾ/ਸਿਧਾਂਤ ਮੁੜ ਮਜ਼ਬੂਤ ਹੋ ਕੇ ਉਭਰਿਆ ਸੀ। ਉਸ ਵਿਚਾਰਧਾਰਾ ਨੂੰ ਅਕਾਲੀ ਦਲ ਬਾਦਲ ਦੇ ਕਬਜ਼ੇ ਹੇਠਲੀ ਗੁਰਦੁਆਰਾ ਕਮੇਟੀ ਨੇ ਡੂੰਘੀ ਸੱਟ ਮਾਰੀ ਹੈ।
ਅਕਾਲੀ ਦਲ ਬਾਦਲ ਨੇ ਨਵੀਂ ਮੈਂਬਰਸ਼ਿਪ ਆਪਣੀ ਮਰਜ਼ੀ ਅਨੁਸਾਰ ਕਰਨ ਅਤੇ ਪਾਰਟੀ ਉਤੇ ਕਬਜ਼ਾ ਰੱਖਣ ਲਈ ਚੁੱਕੇ ਹੁਕਮਰਾਨੀ/ਮਨਮਾਨੀ ਕਦਮਾਂ ਰਾਹੀਂ ਸਿੱਖਾਂ ਦੇ ਵਿਲੱਖਣ ਸਿਧਾਂਤ ਨੂੰ ਕੁਰਬਾਨ ਕਰ ਦਿੱਤਾ ਹੈ। ਸ਼ਪਸਟ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖ਼ਤ ਦੇ ਮੀਰੀ-ਪੀਰੀ ਦੇ ਸਿਧਾਂਤ ਉੱਤੇ ਪਹਿਰਾ ਦੇਣ ਦੀ ਥਾਂ, ਸੰਸਥਾ ਉੱਤੇ ਕਾਬਜ਼ ਇਕ ਪਰਿਵਾਰ ਪ੍ਰਤੀ ਆਪਣੀ ਵਫਾਦਾਰੀ ਦਿਖਾਉਣ ਨੂੰ ਤਰਜ਼ੀਹ ਦਿੱਤੀ ਹੈ। ਪਿਛਲੇ ਚਾਰ-ਪੰਜ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ਦੀ ਅਜਿਹੀ ਗੈਰ-ਪੰਥਕ/ਜਾਤੀ ਵਫਾਦਾਰੀ ਵਾਲੇ ਕਿਰਦਾਰ ਕਰਕੇ ਹੀ, ਆਲ ਇੰਡੀਆਂ ਗੁਰਦੁਆਰਾ ਐਕਟ ਨਹੀਂ ਬਣ ਸਕਿਆ ਅਤੇ ਸਿੱਖਾਂ ਦੀ ਧਾਰਮਿਕ ਹਸਤੀ ਵੱਖ-ਵੱਖ ਸੂਬਿਆਂ ਵਿੱਚ ਖੇਰੂੰ-ਖੇਰੂੰ ਹੋ ਗਈ ਹੈ।
ਕੇਂਦਰੀ ਸਿੰਘ ਸਭਾ ਨਾਲ ਜੁੜੇ ਚਿੰਤਕਾਂ/ਬੁਧੀਜੀਵੀਆਂ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਅਤੇ ਆਜ਼ਾਦ ਹਸਤੀ ਨੂੰ ਬਚਾਉਣ/ਮਜ਼ਬੂਤ ਕਰਨ ਲਈ ਅੱਗੇ ਆਉਣ ਅਤੇ ਮੀਰੀ-ਪੀਰੀ ਦੇ ਅਸਥਾਨ ਨੂੰ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਵਿਚੋਂ ਮੁਕਤ ਕਰਾਉਣ। ਦਰਅਸਲ ਹੁਕਮਰਾਨ ਭਾਜਪਾ ਨਾਲ ਜੁੜੇ ਅਕਾਲੀ ਦਲ ਬਾਦਲ ਨੇ ਅਕਾਲ ਤਖ਼ਤ ਨੂੰ ਹਿੰਦੂਤਵੀ ਤਾਕਤਾਂ ਦਾ ਹੱਥ ਠੋਕਾ ਬਣਾਉਣ ਦੀਆਂ ਕੋਸ਼ਿਸ਼ਾਂ ਰਾਹੀਂ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਸਿਆਸੀ ਲੋੜਾਂ ਲਈ ਜ਼ਾਹਰਾ ਤੌਰ ਤੇ ਵਰਤਦਿਆਂ ਉਸਦੀ ਆਜ਼ਾਦ ਹਸਤੀ ਖੜ੍ਹੀ ਨਹੀਂ ਹੋਣ ਦਿੱਤੀ।
Comments
Start the conversation
Become a member of New India Abroad to start commenting.
Sign Up Now
Already have an account? Login