ADVERTISEMENTs

ਫਿਲਮਾਂ, ਸੀਰੀਅਲਾਂ 'ਚ ਨਹੀਂ ਦਿਖਾਈ ਦੇਣਗੇ ਸਿੱਖ ਵਿਆਹ ਦੇ ਦ੍ਰਿਸ਼, ਅਕਾਲ ਤਖਤ ਤੋਂ ਆ ਸਕਦੈ ਵੱਡਾ ਫੈਸਲਾ

ਮੋਹਾਲੀ ਵਿੱਚ ਸੀਰੀਅਲ ਦੀ ਸ਼ੂਟਿੰਗ ਦੌਰਾਨ ਉੱਥੇ ਸ਼ੂਟ ਕੀਤੇ ਜਾ ਰਹੇ ਸਿੱਖ ਵਿਆਹ (ਆਨੰਦ ਕਾਰਜ) ਦੇ ਸੀਨ ਨੂੰ ਨਿਹੰਗਾਂ ਨੇ ਰੋਕ ਦਿੱਤਾ ਸੀ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਵੀ ਇਸ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।

ਪ੍ਰਤੀਕ ਤਸਵੀਰ / Courtesy Photo

ਟੀਵੀ ਅਤੇ ਫਿਲਮ ਜਗਤ ਦੀ ਨਕਲੀ ਦੁਨੀਆਂ ਨੇ ਸਾਡੇ ਜੀਵਨ 'ਤੇ ਬਹੁਤ ਪ੍ਰਭਾਵ ਪਾਇਆ ਹੈ। ਸਾਨੂੰ ਇਸ ਨਕਲੀ ਖੇਡ ਦਾ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਇਸ ਝੂਠੀ ਦੁਨੀਆਂ 'ਚ ਗਵਾਚ ਜਾਂਦੇ ਹਾਂ। ਪਰ ਜਦੋਂ ਚਲਚਿਤਰਾਂ ਦੀ ਇਸ ਦੁਨੀਆਂ 'ਚ ਧਰਮ ਨੂੰ ਸ਼ਾਮਿਲ ਕਰਨ ਦਾ ਯਤਨ ਕੀਤਾ ਜਾਂਦਾ ਹੈ ਤਾਂ ਕਈ ਵਾਰ ਨਤੀਜੇ ਬੁਰੇ ਨਿਕਲਦੇ ਹਨ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਦੋਂ ਚੰਡੀਗੜ੍ਹ ਨੇੜੇ ਘੜੂਆਂ ਵਿਖੇ ਇੱਕ ਨਕਲੀ ਗੁਰੂਦੁਆਰਾ ਸਾਹਿਬ ਵਿੱਚ ਸਿੱਖ ਆਨੰਦ ਕਾਰਜ ਦਾ ਸੀਨ ਸ਼ੂਟ ਕੀਤਾ ਜਾ ਰਿਹਾ ਸੀ। ਇਸ ਦੀ ਖਬਰ ਮਿਲਦੇ ਹੀ ਨਿਹੰਗ ਸਿੰਘ ਮੌਕੇ 'ਤੇ ਪਹੁੰਚੇ 'ਤੇ ਸ਼ੂਟਿੰਗ ਬੰਦ ਕਰਵਾਈ। ਘਟਨਾ ਤੋਂ ਬਾਅਦ ਕੁਝ ਵੱਡੇ ਫੈਸਲੇ ਆਉਣ ਦੀ ਸੰਭਾਵਨਾ ਹੈ।


ਜੀ ਹਾਂ ਹੁਣ ਤੁਸੀਂ ਪੰਜਾਬੀ, ਹਿੰਦੀ, ਟੀਵੀ ਸੀਰੀਅਲਾਂ ਸਮੇਤ ਸਾਰੇ ਛੋਟੇ-ਵੱਡੇ ਪਰਦੇ 'ਤੇ ਸਿੱਖ ਧਰਮ ਵਿੱਚ ਵਿਆਹ (ਆਨੰਦ ਕਾਰਜ) ਦਾ ਦ੍ਰਿਸ਼ ਨਹੀਂ ਦੇਖ ਸਕੋਗੇ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦੀ ਹੀ ਫੈਸਲਾ ਲੈਣ ਜਾ ਰਹੀ ਹੈ। ਇਹ ਫੈਸਲਾ ਕੱਲ੍ਹ ਮੋਹਾਲੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਲਿਆ ਜਾ ਸਕਦਾ ਹੈ। ਚੰਡੀਗੜ੍ਹ ਨੇੜੇ ਘੜੂਆਂ ਵਿਖੇ ਇੱਕ ਨਕਲੀ ਗੁਰੂਦੁਆਰਾ ਸਾਹਿਬ ਵਿੱਚ ਇੱਕ ਸਿੱਖ ਦੇ ਵਿਆਹ ਦਾ ਸੀਨ ਸ਼ੂਟ ਕੀਤਾ ਜਾ ਰਿਹਾ ਸੀ, ਉੱਥੇ ਪਹੁੰਚੇ ਨਿਹੰਗ ਸਿੰਘਾਂ ਨੇ ਇਤਰਾਜ ਪ੍ਰਗਟ ਕੀਤਾ। 

 

ਇਸ ਘਟਨਾ ਤੋਂ ਬਾਅਦ ਸ਼ੂਟਿੰਗ ਵੀ ਰੋਕ ਦਿੱਤੀ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੱਖ-ਵੱਖ ਪ੍ਰਤੀਕਰਮ ਸਾਹਮਣੇ ਆਏ, ਜਿਨ੍ਹਾਂ 'ਚ ਪੁਲਿਸ ਤੋਂ ਮੰਗ ਕੀਤੀ ਗਈ ਕਿ ਨਕਲੀ ਗੁਰਦੁਆਰਾ ਬਣਾ ਕੇ ਆਨੰਦ ਕਾਰਜ ਦਾ ਸੀਨ ਸ਼ੂਟ ਕਰਨ ਵਾਲਿਆਂ ਖਿਲਾਫ ਬੇਅਦਬੀ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ  ਸ਼ੂਟਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ।

 

ਇਸ ਦੇ ਨਾਲ ਹੀ ਸੀਰੀਅਲ ਦੀ ਸ਼ੂਟਿੰਗ ਕਰ ਰਹੀ ਪ੍ਰੋਡਕਸ਼ਨ ਯੂਨਿਟ ਨੇ ਨਿਹੰਗਾਂ 'ਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਨਿਹੰਗਾਂ ਨੇ ਕੈਮਰੇ ਅਤੇ ਹੋਰ ਸਮਾਨ ਦੀ ਭੰਨਤੋੜ ਕੀਤੀ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਤੋਂ ਰਿਪੋਰਟ ਮੰਗੀ ਹੈ। ਜਿਸ ਤੋਂ ਬਾਅਦ ਇਸ ਸਬੰਧੀ ਅਕਾਲ ਤਖ਼ਤ ਤੋਂ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮੁਹਾਲੀ ਦੇ ਨਕਲੀ ਗੁਰਦੁਆਰਾ ਸਾਹਿਬ ਵਿਖੇ ਹੋਏ ਨਕਲੀ ਅਨੰਦ ਕਾਰਜ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਲਮ ਅਤੇ ਡਰਾਮਾ ਨਿਰਦੇਸ਼ਕ ਆਪਣੇ ਕਾਰੋਬਾਰ ਲਈ ਸਿੱਖ ਰਵਾਇਤਾਂ ਨਾਲ ਖਿਲਵਾੜ ਕਰ ਰਹੇ ਹਨ। ਜੇਕਰ ਉਹ ਇਨ੍ਹਾਂ ਗਤੀਵਿਧੀਆਂ ਤੋਂ ਗੁਰੇਜ਼ ਨਹੀਂ ਕਰਦੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਖ਼ਤ ਕਾਰਵਾਈ ਕਰਨੀ ਪਵੇਗੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਫਿਲਮਾਂ ਅਤੇ ਸੀਰੀਅਲਾਂ ਵਿਚ ਪੈਸਿਆਂ ਖ਼ਾਤਰ ਪਾਵਨ ਗੁਰਬਾਣੀ ਦੇ ਅਦਬ ਸਤਿਕਾਰ ਅਤੇ ਸਿੱਖ ਪ੍ਰੰਪਰਾਵਾਂ ਨੂੰ ਸੱਟ ਮਾਰਨ ਵਾਲੀਆਂ ਕੋਝੀਆਂ ਹਰਕਤਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡੋਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

 

ਐਡਵੋਕੇਟ ਧਾਮੀ ਨੇ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਧਿਆਨ ਵਿਚ ਆਇਆ ਹੈ ਕਿ ਘੜੂਆਂ ਵਿਖੇ ਸੀਰੀਅਲ ਦੀ ਸ਼ੂਟਿੰਗ ਲਈ ਤਿਆਰ ਕੀਤੇ ਸੈੱਟ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਨਕਲ ਕਰਕੇ ਆਨੰਦ ਕਾਰਜ ਦਾ ਸੀਨ ਫਿਲਮਾਇਆ ਗਿਆ, ਜੋ ਸਿੱਖ ਰਵਾਇਤਾਂ ਅਤੇ ਮਰਯਾਦਾ ਦੀ ਘੋਰ ਉਲੰਘਣਾ ਹੈ। ਭਾਵੇਂ ਸੰਗਤ ਨੇ ਇਸ ਨੂੰ ਬੰਦ ਕਰਵਾਉਣ ਦਾ ਉੱਦਮ ਕੀਤਾ ਹੈ ਪਰ ਦੋਸ਼ੀਆਂ ਖਿਲਾਫ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

 

ਉਨ੍ਹਾਂ ਕਿਹਾ ਕਿ ਫ਼ਿਲਮਾਂ ਦੀ ਸ਼ੂਟਿੰਗ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਣਾ ਜ਼ਰੂਰੀ ਹੈ ਕਿ ਸਿੱਖ ਪ੍ਰੰਪਰਾਵਾਂ ਅਤੇ ਸਿਧਾਂਤਾਂ ਨਾਲ ਕਿਸੇ ਤਰ੍ਹਾਂ ਦੀ ਛੇੜ-ਛਾੜ ਨਾ ਹੋਵੇ। ਦੁੱਖ ਦੀ ਗੱਲ ਹੈ ਕਿ ਕੁਝ ਲੋਕ ਕੇਵਲ ਪੈਸਾ ਕਮਾਉਣ ਖਾਤਰ ਵਪਾਰਕ ਹਿੱਤਾਂ ਤਹਿਤ ਧਰਮ ਦੀਆਂ ਪ੍ਰੰਪਰਾਵਾਂ ਦੀ ਉਲੰਘਣਾ ਕਰਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਜਿਹੇ ਲੋਕਾਂ ਨੂੰ ਬਾਜ ਆਉਣ ਦੀ ਤਾੜਨਾ ਕੀਤੀ।


ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਘਟਨਾ ਬਾਰੇ ਰਿਪੋਰਟ ਲਈ ਜਾਵੇਗੀ ਤਾਂ ਜੋ ਦੋਸ਼ੀਆਂ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।

Comments

ADVERTISEMENT

 

 

 

ADVERTISEMENT

 

 

E Paper

 

 

 

Video

 

Related