ਸਿੱਖਸ ਆਫ਼ ਅਮਰੀਕਾ ਵੱਲੋਂ ਲਹਿੰਦੇ ਪੰਜਾਬ ਦੇ ਮਨੁੱਖੀ ਅਧਿਕਾਰਾਂ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਅਤੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ "ਅੰਬੈਸਡਰ ਐਟ ਲਾਰਜ਼" ਰਮੇਸ਼ ਸਿੰਘ ਅਰੋੜਾ ਦੇ ਅਮਰੀਕਾ ਦੌਰੇ ’ਤੇ ਮੈਰੀਲੈਂਡ ਵਿੱਚ ਇੱਕ ਵਿਸ਼ੇਸ਼ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਮੁਸਲਿਮ, ਸਿੱਖ, ਹਿੰਦੂ ਅਤੇ ਕ੍ਰਿਸਚਨ ਭਾਈਚਾਰਿਆਂ ਨਾਲ ਸਬੰਧਤ ਵੱਖ-ਵੱਖ ਸਖ਼ਸ਼ੀਅਤਾਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਸਮਾਗਮ ਵਿੱਚ ਲਹਿੰਦੇ ਅਤੇ ਚੜ੍ਹਦੇ ਪੰਜਾਬਾਂ ਸਣੇ ਵਿਦੇਸ਼ਾਂ ਵਿੱਚ ਸਿੱਖਾਂ ਅਤੇ ਹੋਰ ਭਾਈਚਾਰਿਆਂ ਦੇ ਆਪਸੀ ਰਿਸ਼ਤੇ ਮਜ਼ਬੂਤ ਕਰਨ ਅਤੇ ਪਾਕਿਸਤਾਨ ਵਿੱਚ ਸਥਿਤ ਸਿੱਖ ਵਿਰਾਸਤ ਤੇ ਗੁਰਧਾਮਾਂ ਦੀ ਸਾਂਭ-ਸੰਭਾਲ ਸਬੰਧੀ ਗੰਭੀਰ ਵਿਚਾਰਾਂ ਹੋਈਆਂ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰਾਂ ਰਾਹੀਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਿੱਖਸ ਆਫ਼ ਅਮਰੀਕਾ ਵੱਲੋਂ ਰਮੇਸ਼ ਸਿੰਘ ਅਰੋੜਾ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਹਰ ਪੱਧਰ ਉੱਤੇ ਸਹਿਯੋਗ ਦੇਣ ਦੀ ਵਚਨਬੱਧਤਾ ਵੀ ਪ੍ਰਗਟਾਈ ਗਈ। ਸਮਾਗਮ ਦੀ ਸਟੇਜ ਦਾ ਸਮੁੱਚਾ ਸੰਚਾਲਨ ਸੀਨੀਅਰ ਪੱਤਰਕਾਰ ਡਾ. ਸੁਖਪਾਲ ਸਿੰਘ ਧਨੋਆ ਵੱਲੋਂ ਕੀਤਾ ਗਿਆ।
ਸਮਾਗਮ ਦੌਰਾਨ ਆਪਣੇ ਸੰਬਧੋਨ ਵਿੱਚ ਰਮੇਸ਼ ਸਿੰਘ ਅਰੋੜਾ ਨੇ ਸਿੱਖਸ ਆਫ਼ ਅਮਰੀਕਾ ਦੇ ਆਗੂ ਜਸਦੀਪ ਸਿੰਘ ਜੱਸੀ ਤੇ ਸਾਜਿਦ ਤਾਰੜ ਦਾ ਇਸ ਸ਼ਾਨਦਾਰ ਸਵਾਗਤ ਲਈ ਧੰਨਵਾਦ ਕਰਦਿਆਂ ਕਿਹਾ ਕਿ, "ਅੱਜ ਦੇ ਇਸ ਸਮਾਗਮ ਵਿੱਚ ਸਾਰੇ ਭਾਈਚਾਰਿਆਂ ਨੂੰ ਇਕੱਠਾ ਦੇਖ ਕੇ ਬਹੁਤ ਹੀ ਖੁਸ਼ੀ ਮਿਲੀ। ਇੱਥੇ ਅਮਰੀਕਾ, ਕੈਨੇਡਾ, ਪਾਕਿਸਤਾਨ ਤੇ ਭਾਰਤ ਇਕੱਠੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਹਿੰਦੂ, ਮੁਸਲਿਮ, ਸਿੱਖ ਤੇ ਕ੍ਰਿਸ਼ਚਨ ਵੀ ਇਕੱਠੇ ਹਨ।"ਮੇਰਾ ਮਾਨ ਸਨਮਾਨ ਕਰਨ ਲਈ ਬਹੁਤ ਧੰਨਵਾਦ।"
ਰਮੇਸ਼ ਸਿੰਘ ਅਰੋੜਾ ਨੇ ਕਿਹਾ, "ਸਭ ਤੋਂ ਪਹਿਲਾਂ ਮੈਂ ਸੰਨ 1947 ਵਿੱਚ ਲਏ ਫੈਸਲੇ ਵਾਸਤੇ ਮੈਂ ਆਪਣੇ ਪੁਰਖਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਸ ਕਰਕੇ ਅਸੀਂ ਅੱਜ ਵੀ ਪਾਕਿਸਤਾਨ ਵਿੱਚ ਮੌਜੂਦ ਹਾਂ। "ਦੇਸ਼ ਵੰਡ ਸਮੇਂ ਮੇਰੇ ਦਾਦਾ ਜੀ ਦੇ ਦੋਸਤ ਬਲੋਚ ਸਾਹਿਬ ਨੇ ਉਨ੍ਹਾਂ ਦੇ ਦਾਦਾ ਜੀ ਨੂੰ ਕਿਹਾ ਸੀ ਕਿ "ਤੁਹਾਡੇ ਕੋਲ ਤਿੰਨ ਵਿਕਲਪ ਹਨ - ਜਾਂ ਸਾਨੂੰ ਨਾਲ ਲੈ ਜਾਓ, ਜਾਂ ਇੱਥੇ ਰਹਿ ਜਾਓ। ਅਤੇ ਜੇਕਰ ਦੋਵੇਂ ਵਿਕਲਪ ਨਹੀਂ ਚੁਣਨੇ ਦਾ ਮੇਰਾ ਸਿਰ ਲਾਹ ਦਿਓ ਤਾਂ ਕਿ ਕੋਈ ਕੱਲ੍ਹ ਨੂੰ ਇਹ ਨਾ ਕਹੇ ਕਿ ਔਖਾ ਵੇਲਾ ਆਇਆ ਤਾਂ ਪਾਕਿਸਤਾਨ ਨੂੰ ਪਿੱਠ ਦਿਖਾ ਗਿਆ"। "ਸਾਡਾ ਬਾਕੀ ਸਾਰਾ ਪਰਿਵਾਰ ਉਸ ਵੇਲੇ ਛੱਡ ਕੇ ਚਲਾ ਗਿਆ ਸੀ ਪਰ ਮੇਰੇ ਦਾਦਾ ਜੀ ਡਟੇ ਰਹੇ ਅਤੇ ਮੇਰੇ ਪੁਰਖਿਆਂ ਦੇ ਪਾਕਿਸਤਾਨ ਰਹਿਣ ਦੇ ਉਸੇ ਫੈਸਲੇ ਕਾਰਨ ਮੈਨੂੰ ਅੱਜ ਅਮਰੀਕਾ ਦੀ ਧਰਤੀ ਉੱਤੇ ਮਾਨ ਸਨਮਾਨ ਮਿਲ ਰਿਹਾ ਹੈ।"
ਸਰਦਾਰ ਅਰੋੜਾ ਨੇ ਅੱਗੇ ਕਿਹਾ ਕਿ ਅੱਜ ਸਾਨੂੰ ਸਿੱਖ-ਮੁਸਲਿਮ ਸਾਂਝ ਤੇ ਦੋਸਤੀ ਲੋਈ ਕੋਸ਼ਿਸ਼ ਕਰਨ ਦੀ ਲੋੜ ਹੈ।
ਸਰਦਾਰ ਅਰੋੜਾ ਨੇ ਅਮਰੀਕਾ ਦੇ ਸਿੱਖਾਂ ਅਤੇ ਪੰਜਾਬੀ ਭਾਈਚਾਰੇ ਨੂੰ ਪਾਕਿਸਤਾਨ ਅੰਦਰ ਸਥਿਤ ਗੁਰਧਾਮਾਂ ਅਤੇ ਵਿਰਾਸਤ ਨੂੰ ਸੰਭਾਲਣ ਲਈ ਸਹਿਯੋਗ ਦੇਣ ਦੀ ਬੇਨਤੀ ਕੀਤੀ।
ਸਿੱਖਸ ਆਫ਼ ਅਮਰੀਕਾ ਦੇ ਆਗੂ ਜਸਦੀਪ ਸਿੰਘ ਜੈੱਸੀ ਨੇ ਕਿਹਾ, “ਇਹ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਦਾਰ ਰਮੇਸ਼ ਸਿੰਘ ਅਰੋੜਾ ਦਾ ਸਨਮਾਨ ਕਰਨ ਲਈ ਮੁਸਲਿਮ, ਸਿੱਖ, ਹਿੰਦੂ ਅਤੇ ਕ੍ਰਿਸਚਨ ਸਾਰੇ ਇਕੱਠੇ ਹੋ ਕੇ ਬੈਠੇ ਹਨ। ਸਾਲ 1947 ਵਿੱਚ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ ਤਾਂ ਬਹੁਤੇ ਸਾਰੇ ਸਿੱਖ ਪਰਿਵਾਰ ਲਹਿੰਦਾ ਪੰਜਾਬ ਛੱਡ ਕੇ ਚਲੇ ਗਏ ਸਨ। ਮੇਰਾ ਪਰਿਵਾਰ ਵੀ ਉਨ੍ਹਾਂ ਵਿੱਚੋਂ ਇੱਕ ਸੀ ਜਿਸਨੇ ਆਪਣਾ ਸਭ ਕੁਝ ਪਿੱਛੇ ਛੱਡਿਆ ਸੀ। ਪਰ ਸਾਨੂੰ ਉਨ੍ਹਾਂ ਸਿੱਖਾਂ ਉੱਤੇ ਬਹੁਤ ਫਖ਼ਰ ਹੈ ਜਿਨ੍ਹਾਂ ਨੇ ਉਸ ਕਾਲੇ ਦੌਰ ਵਿੱਚ ਜਦੋਂ ਕਤਲੇਆਮ ਹੋ ਰਿਹਾ ਸੀ ਉਦੋਂ ਵੀ ਆਪਣੀ ਜ਼ਮੀਨ ਨੂੰ ਨਹੀਂ ਛੱਡਿਆ ਅਤੇ ਉੱਥੇ ਡਟੇ ਰਹੇ। ਉਹ ਪਰਿਵਾਰ ਅੱਜ ਵੀ ਉੱਥੇ ਹਨ ਅਤੇ ਉਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ।”
ਜੈੱਸੀ ਸਿੰਘ ਨੇ ਸਰਦਾਰ ਅਰੋੜਾ ਦੇ ਪਰਿਵਾਰ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਨਾਰੋਵਾਲ ਨੂੰ ਵੰਡ ਤੋਂ ਬਾਅਦ ਹੋਈ ਖੰਡਰ ਹਾਲਤ ਤੋਂ ਅੱਜ ਦੀ ਵਧੀਆ ਸਥਿਤੀ ਵਿੱਚ ਲਿਆਉਣ ਲਈ ਕੀਤੀ ਸੇਵਾ ਦੀ ਵੀ ਸ਼ਲਾਘਾ ਕੀਤੀ।
ਜੈੱਸੀ ਸਿੰਘ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਮੋਦੀ ਸਰਕਾਰ ਦੇ ਦੇਲਾਰਾਨਾ ਫ਼ੈਸਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ, "ਇੱਕ ਪਾਸੇ ਜਿੱਥੇ ਸੰਸਾਰ ਅੰਦਰ ਨਫ਼ਰਤ ਦਾ ਮਹੌਲ ਹੈ ਤਾਂ ਭਾਰਤ ਅਤੇ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕੌਰੀਡੋਰ ਬਣਾ ਕੇ ਪਿਆਰ ਦਾ ਪੈਗ਼ਾਮ ਦਿੱਤਾ ਹੈ।" ਜੈੱਸੀ ਸਿੰਘ ਨੇ ਸਮਾਗਮ ਵਿੱਚ ਪੁੱਜਣ ਵਾਲੀਆਂ ਸਮੂਹ ਸਖ਼ਸ਼ੀਅਤਾਂ ਦਾ ਵੀ ਧੰਨਵਾਦ ਕੀਤਾ।
ਆਪਣੇ ਸੰਬੋਧਨ ਵਿੱਚ ਉੱਘੇ ਪਾਕਿਸਤਾਨੀ ਅਮਰੀਕੀ ਸਾਜਿਦ ਤਾਰੜ ਨੇ ਰਮੇਸ਼ ਸਿੰਘ ਅਰੋੜਾ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। “ਮੇਰਾ ਸਰਦਾਰ ਰਮੇਸ਼ ਸਿੰਘ ਅਰੋੜਾ ਨਾਲ ਬਹੁਤ ਪੁਰਾਣਾ ਪਰਿਵਾਰਕ ਰਿਸ਼ਤਾ ਹੈ। ਇਨ੍ਹਾਂ ਦੇ ਪਰਿਵਾਰ ਦੀ ਸਿੱਖੀ ਪ੍ਰਤੀ ਸੇਵਾ ਖਾਸਕਰ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਸਤੇ ਕੀਤੀ ਗਈ ਸੇਵਾ ਬਹੁਤ ਹੀ ਸ਼ਲਾਘਾਯੋਗ ਹੈ। ਰਮੇਸ਼ ਸਿੰਘ ਅਰੋੜਾ ਨੇ ਸਖ਼ਤ ਮਿਹਨਤ ਅਤੇ ਆਪਣੇ ਮੈਰਿਟ ਦੇ ਅਧਾਰ ’ਤੇ ਪਾਕਿਸਤਾਨ ਪੰਜਾਬ ਅੰਦਰ ਵੱਡੀ ਪਦਵੀ ਹਾਸਲ ਕੀਤੀ ਹੈ।”
ਸਮੁੱਚੇ ਰੂਪ ਵਿਚ ਇਸ ਸਮਾਗਮ ਦੌਰਾਨ ਇਹ ਸਾਂਝੀ ਰਾਏ ਪਾਈ ਗਈ ਕਿ ਸਮੁੱਚੇ ਭਾਈਚਾਰੇ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਹੋਰ ਸੰਜੀਦਾ ਯਤਨ ਕਰਨ ਅਤੇ ਪਾਕਿਸਤਾਨ ਵਿੱਚ ਰਹਿ ਗਈ ਸਿੱਖ ਵਿਰਾਸਤ ਅਤੇ ਗੁਰੂਘਰਾਂ ਦੀ ਸਾਂਭ-ਸੰਭਾਲ ਲਈ ਵੱਡੇ ਉਪਰਾਲੇ ਜਾਰੀ ਰੱਖੇ ਜਾਣ, ਤਾਂ ਜੋ ਨਾ ਸਿਰਫ਼ ਦੋਵਾਂ ਪੰਜਾਬਾਂ ਨੂੰ ਹੀ ਬਲਕਿ ਦੋਵਾਂ ਦੇਸ਼ਾਂ ਦੇ ਅਵਾਮ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।
ਇਸ ਸਮਾਗਮ ਵਿੱਚ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ, ਸੰਗਠਨਾਂ ਅਤੇ ਗੁਰੂ ਘਰਾਂ ਦੇ ਨੁਮਾਇੰਦਿਆਂ ਸਣੇ ਕਮਲਜੀਤ ਸੋਨੀ, ਬਲਜਿੰਦਰ ਸ਼ੰਮੀ, ਮਨਿੰਦਰ ਸੇਠੀ, ਗੁਰਵਿੰਦਰ ਸੇਠੀ, ਮਿਸਜ਼ ਸੁਰਜੀਤ ਕੌਰ, ਮਿਸਜ਼ ਮਨਜੋਤ ਕੌਰ, ਇੰਦਰਜੀਤ ਗੁਜਰਾਲ, ਹਰਬੀਰ ਬੱਤਰਾ, ਪ੍ਰਿਤਪਾਲ ਲੱਕੀ, ਵਰਿੰਦਰ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ ਸਨੀ, ਚੈਅਰਮੈਨ ਚਰਨਜੀਤ ਸਿੰਘ ਸਰਪੰਚ, ਗੁਰਦੇਵ ਸਿੰਘ ਘੋਤੜਾ, ਰਤਨ ਸਿੰਘ, ਗੁਰਦਿਆਲ ਭੁੱਲਾ, ਸੁਖਵਿੰਦਰ ਘੋਗਾ, ਅਰਜਿੰਦਰ ਲਾਡੀ, ਜਸਵੰਤ ਸਿੰਘ ਧਾਲੀਵਾਲ, ਸੁਰਜੀਤ ਗੋਲਡੀ, ਟੀਟੂ ਜੀ, ਹੈਪੀ ਸਿੰਘ, ਗੁਰਚਰਨ ਸਿੰਘ, ਬਿੱਟੂ ਸਿੰਘ, ਮੋਹਿੰਦਰ ਭੋਗਲ, ਨਰਿਪ ਸਿੰਘ, ਚਤਰ ਸਿੰਘ ਸੈਣੀ, ਰਾਜ ਸੈਣੀ, ਕੁਲਵਿੰਦਰ ਸਿੰਘ ਫਲੋਰਾ, ਸਰਤਾਜ ਰੰਧਾਵਾ, ਦਵਿੰਦਰ ਚਿੱਬ, ਸਰਬਜੀਤ ਢਿੱਲੋਂ, ਰਜਿੰਦਰ ਗੋਗੀ, ਧਰਮਪਾਲ ਸਿੰਘ, ਨਿਰਮਲ ਸਿੰਘ, ਜੋਗਿੰਦਰ ਸਮਰਾ, ਗੁਰਿੰਦਰ ਸੋਨੀ, ਹਰੀਰਾਜ ਸਿੰਘ, ਕਰਮਜੀਤ ਸਿੰਘ, ਨਿਹਾਲ ਸਿੰਘ, ਗੁਰਦੀਪ ਸਿੰਘ, ਇਰਫਾਨ ਯਕੂਬ, ਅਹਿਮਦ ਰਾਣਾ, ਹਾਫਿਜ਼ ਸਾਹਿਬ, ਇਲੀਯਾਸ ਮਸੀਹ, ਅਰਸ਼ਦ ਰਾਂਝਾ, ਜੈਮੋਦ ਸਿੰਘ ਨਿੱਬਰ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।
Comments
Start the conversation
Become a member of New India Abroad to start commenting.
Sign Up Now
Already have an account? Login