ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਦੀ ਬੈਸਰਨ ਘਾਟੀ ਵਿਖੇ ਮੰਗਲਵਾਰ 22 ਅਪ੍ਰੈਲ ਨੂੰ ਸ਼ਾਮ ਦੇ ਸਮੇਂ ਅੱਤਵਾਦੀ ਹਮਲੇ ਵਿੱਚ ਕਰੀਬ 20 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਬਹੁਤੇ ਬਾਹਰੋਂ ਆਏ ਸੈਲਾਨੀ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਅਧਾਰਿਤ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸਮੂਹ ਦ ਰਜਿਸਟੈਂਸ ਫਰੰਟ ਨੇ ਲਈ ਹੈ। ਮ੍ਰਿਤਕਾਂ ਦੀ ਸਹੀ ਗਿਣਤੀ ਬਾਰੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੂੰ ਅਧਿਕਾਰਤ ਰੂਪ ਵਿੱਚ ਜਾਰੀ ਕੀਤਾ ਜਾਵੇਗਾ। ਘਟਨਾ ਦੇ ਰੋਸ ਵਜੋਂ ਪਹਿਲਗਾਮ ਦੇ ਸਥਾਨਕ ਲੋਕਾਂ ਵੱਲੋਂ ਸ਼ਹਿਰ ਅੰਦਰ ਕੈਂਡਲ ਮਾਰਚ ਕੱਢਿਆ ਗਿਆ ਅਤੇ ਪਹਿਲਾਂ ਹਿੰਦੁਸਤਾਨੀ ਤੇ ਫਿਰ ਕਸ਼ਮੀਰੀ ਹੋਣ ਦੀ ਗੱਲ ਆਖੀ। ਉਨ੍ਹਾਂ ਇਹ ਨਾਅਰੇ ਲਗਾਏ ਕੇ ਇਸ ਘਟਨਾ ਦਾ ਇਨਸਾਫ਼ ਹੋਣਾ ਚਾਹੀਦਾ ਹੈ ਅਤੇ ਬੇਗੁਨਾਹ ਲੋਕਾਂ ਦਾ ਕਤਲੇਆਮ ਬੰਦ ਹੋਣਾ ਚਾਹੀਦਾ ਹੈ।
ਅਧਿਕਾਰੀਆਂ ਨੂੰ ਕਹਿਣਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਇਹ ਹੋ ਸਕਦਾ ਹੈ ਕਿ ਅੱਤਵਾਦੀ ਸਮੂਹ ਜੰਮੂ ਦੇ ਕਿਸ਼ਤਵਾੜ ਤੋਂ ਪਾਰ ਹੋ ਕੇ ਦੱਖਣੀ ਕਸ਼ਮੀਰ ਦੇ ਕੋਕਰਨਾਗ ਰਾਹੀਂ ਬੈਸਰਨ ਪੁੱਜਿਆ ਹੋਵੇ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਰੀਆਂ ਏਜੰਸੀਆਂ ਨਾਲ ਸੁਰੱਖਿਆ ਦੀ ਸਮੀਖਿਆ ਸਬੰਧੀ ਇਕੱਤਰਤਾ ਕਰਨ ਲਈ ਖੁਦ ਸ਼੍ਰੀਨਗਰ ਲਈ ਰਵਾਨਾ ਹੋਏ। ਸ਼ਾਹ ਨੇ ਵੀਡੀਓ ਕਾਨਫ਼ਰੰਸ ਰਾਹੀਂ ਅਧਿਕਾਰੀਆਂ ਨਾਲ ਇਕੱਤਰਤਾ ਕਰਦੇ ਘਟਨਾ ਬਾਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਾਣਕਾਰੀ ਦਿੱਤੀ ਹੈ।
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਕਿਹਾ, “ਮੈਂ ਵਿਸ਼ਵਾਸ ਤੋਂ ਪਰੇ ਹੈਰਾਨ ਹਾਂ। ਸਾਡੇ ਮਹਿਮਾਨਾਂ 'ਤੇ ਇਹ ਹਮਲਾ ਘਿਣਾਉਣਾ ਹੈ। ਇਸ ਹਮਲੇ ਦੇ ਦੋਸ਼ੀ ਜਾਨਵਰ, ਅਣਮਨੁੱਖੀ ਅਤੇ ਸਜ਼ਾ ਦੇ ਯੋਗ ਹਨ। ਨਿੰਦਾ ਲਈ ਕੋਈ ਸ਼ਬਦ ਕਾਫ਼ੀ ਨਹੀਂ ਹਨ। ਮੈਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ। ਮੈਂ ਆਪਣੀ ਸਾਥੀ ਸਕੀਨਾ ਇੱਟੂ (ਕੈਬਨਿਟ ਮੰਤਰੀ) ਨਾਲ ਗੱਲ ਕੀਤੀ ਹੈ ਅਤੇ ਉਹ ਜ਼ਖਮੀਆਂ ਲਈ ਪ੍ਰਬੰਧਾਂ ਦੀ ਨਿਗਰਾਨੀ ਕਰਨ ਲਈ ਹਸਪਤਾਲ ਪਹੁੰਚ ਗਈ ਹੈ। ਮੈਂ ਤੁਰੰਤ ਸ਼੍ਰੀਨਗਰ ਵਾਪਸ ਰਵਾਨਾ ਹੋ ਰਿਹਾ ਹਾਂ। #ਪਹਿਲਗਾਮ”
ਆਪਣੇ ਦੂਜੇ ਪੋਸਟ ਵਿੱਚ ਅਬਦੁੱਲਾ ਨੇ ਕਿਹਾ, “ਮਰਨ ਵਾਲਿਆਂ ਦੀ ਗਿਣਤੀ ਦਾ ਅਜੇ ਵੀ ਪਤਾ ਲਗਾਇਆ ਜਾ ਰਿਹਾ ਹੈ ਇਸ ਲਈ ਮੈਂ ਉਨ੍ਹਾਂ ਵੇਰਵਿਆਂ ਵਿੱਚ ਨਹੀਂ ਜਾਣਾ ਚਾਹੁੰਦਾ। ਸਥਿਤੀ ਸਪੱਸ਼ਟ ਹੋਣ 'ਤੇ ਉਨ੍ਹਾਂ ਨੂੰ ਅਧਿਕਾਰਤ ਤੌਰ 'ਤੇ ਜਾਣੂ ਕਰਵਾਇਆ ਜਾਵੇਗਾ। ਇਹ ਹਾਲ ਹੀ ਦੇ ਸਾਲਾਂ ਵਿੱਚ ਆਮ ਨਾਗਰਿਕਾਂ ਉੱਤੇ ਹੋਰ ਵਾਲਾ ਬਹੁਤ ਵੱਡਾ ਹਮਲਾ ਹੈ।”
ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਆਪਣਾ ਅੱਤਵਾਦ ਦੇ ਵਿਰੁੱਧ ਸੰਕਲਪ ਦਹੁਰਾਇਆ। ਆਪਣੇ ਐਕਸ ਪੋਸਟ ਵਿੱਚ ਨਰੇਂਦਰ ਮੋਦੀ ਨੇ ਲਿਖਿਆ, “ਮੈਂ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਜਿੰਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਅਰਦਾਸ ਕਰਦਾ ਹਾਂ ਕਿ ਜ਼ਖਮੀ ਜਲਦੀ ਤੋਂ ਜਲਦੀ ਠੀਕ ਹੋ ਜਾਣ। ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਘਿਨਾਉਣੇ ਕਾਰੇ ਦੇ ਪਿੱਛੇ ਜੋ ਵੀ ਹਨ, ਉਨ੍ਹਾਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾਵੇਗਾ... ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ! ਉਨ੍ਹਾਂ ਦਾ ਮਾੜਾ ਏਜੰਡਾ ਕਦੇ ਵੀ ਕਾਮਯਾਬ ਨਹੀਂ ਹੋਵੇਗਾ। ਅੱਤਵਾਦ ਨਾਲ ਲੜਨ ਦਾ ਸਾਡਾ ਸੰਕਲਪ ਅਟੁੱਟ ਹੈ ਅਤੇ ਇਹ ਹੋਰ ਵੀ ਮਜ਼ਬੂਤ ਹੋਵੇਗਾ।”
ਅਮਿਤ ਸ਼ਾਹ ਨੇ ਐਕਸ ’ਤੇ ਲਿਖਿਆ, “ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਸੈਲਾਨੀਆਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਦੁਖੀ ਹਾਂ। ਮੇਰੇ ਵਿਚਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਹਨ। ਇਸ ਘਿਨਾਉਣੀ ਕਾਰਵਾਈ ਵਿੱਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਅਸੀਂ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਵਾਂਗੇ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਸਾਰੀਆਂ ਏਜੰਸੀਆਂ ਨਾਲ ਇੱਕ ਜ਼ਰੂਰੀ ਸੁਰੱਖਿਆ ਸਮੀਖਿਆ ਮੀਟਿੰਗ ਕਰਨ ਲਈ ਜਲਦੀ ਹੀ ਸ਼੍ਰੀਨਗਰ ਲਈ ਰਵਾਨਾ ਹੋਵਾਂਗਾ।”
Comments
Start the conversation
Become a member of New India Abroad to start commenting.
Sign Up Now
Already have an account? Login