ਅਮਰੀਕੀ ਹਵਾਈ ਸੈਨਾ ਦਾ ਤੀਜਾ ਸੀ-17 ਗਲੋਬਮਾਸਟਰ ਜਹਾਜ਼ ਐਤਵਾਰ ਰਾਤ ਲਗਭਗ 10:05 ਵਜੇ 112 ਭਾਰਤੀ ਡਿਪੋਰਟੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ’ਤੇ ਪੁੱਜਿਆ। ਅਧਿਕਾਰਤ ਸਰੋਤਾਂ ਨੇ ਇਸ ਦੀ ਪੁਸ਼ਟੀ ਕੀਤੀ। ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ਼ ਜਨਵਰੀ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਸਖ਼ਤ ਕਾਰਵਾਈ ਸ਼ੁਰੂ ਹੋਈ।
ਅੱਜ ਅੰਮ੍ਰਿਤਸਰ ਪਹੁੰਚੇ 112 ਭਾਰਤੀ ਡਿਪੋਰਟੀਆਂ ਵਿੱਚੋਂ ਹਰਿਆਣਾ ਤੋਂ 44, ਗੁਜਰਾਤ ਤੋਂ 33, ਪੰਜਾਬ ਤੋਂ 31, ਉੱਤਰ ਪ੍ਰਦੇਸ਼ ਤੋਂ ਦੋ ਅਤੇ ਇੱਕ-ਇੱਕ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਹਨ। ਡਿਪੋਰਟੀਆਂ ਨੂੰ ਉਤਾਰ ਕੇ ਅਮਰੀਕੀ ਜਹਾਜ਼ ਰਾਤ ਨੂੰ ਹੀ 12:20 ਵਜੇ (ਤੜਕੇ ਸੋਮਵਾਰ) ਵਾਪਸ ਉਡਾਣ ਭਰ ਗਿਆ।
ਨਿਊ ਇੰਡੀਆ ਅਬਰੋਡ ਨੇ ਦੇਖਿਆ ਕਿ ਡਿਪੋਰਟੀਆਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ, ਜੋ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਜਾਂਚ ਖੇਤਰ ਵੱਲ ਸੀਆਈਐੱਸਐੱਫ ਸੁਰੱਖਿਆ ਹੇਠ ਜਾ ਰਹੇ ਸਨ।
ਇਸ ਦੌਰਾਨ ਯੂਐੱਸ ਤੋਂ ਡਿਪੋਰਟ ਹੋਏ ਆਪਣੇ ਪੁੱਤਰ ਬੂਟਾ ਸਿੰਘ ਨੂੰ ਲੈਣ ਅੰਮ੍ਰਿਤਸਰ ਪੁੱਜੇ ਜਲੰਧਰ ਜ਼ਿਲ੍ਹੇ ਦੇ ਪਿੱਪਲੀ ਪਿੰਡ ਦੇ ਨਿਵਾਸੀ ਦਲੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਲਗਭਗ ਪੰਜ ਮਹੀਨੇ ਪਹਿਲਾਂ ਘਰੋਂ ਨਰਾਜ਼ ਹੋ ਕੇ ਵਿਦੇਸ਼ ਚਲਾ ਗਿਆ ਸੀ, ਜਿਸ ਬਾਰੇ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਬੂਟਾ ਸਿੰਘ ਬਾਰੇ ਖ਼ਬਰਾਂ ਤੋਂ ਪਤਾ ਲੱਗਾ ਤੇ ਉਹ ਇਸ ਲਈ ਅੰਮ੍ਰਿਤਸਰ ਪੁੱਜੇ। “ਪਹਿਲਾਂ ਕਈ ਮਹੀਨੇ ਸਾਨੂੰ ਪਤਾ ਨਹੀਂ ਲੱਗਿਆ ਕਿ ਸਾਡਾ ਲੜਕਾ ਕਿੱਥੇ ਚਲਾ ਗਿਆ ਹੈ। ਕਰੀਬ 15 ਦਿਨ ਪਹਿਲਾਂ ਜਦੋਂ ਉਹ ਮੈਕਸਿਕੋ ਰਾਹੀਂ ਅਮਰੀਕਾ ਦਾਖਲ ਹੋਇਆ ਤਾਂ ਉਸ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਉਸ ਬਾਰੇ ਸਾਨੂੰ ਪਤਾ ਲੱਗਾ ਕਿ ਉਹ ਵਿਦੇਸ਼ ਚਲਾ ਗਿਆ ਹੈ। ਪ੍ਰੰਤੂ ਉਸ ਨੂੰ ਕੁਝ ਦਿਨ ਉੱਥੇ ਰੱਖ ਕੇ ਅਮਰੀਕਾ ਸਰਕਾਰ ਨੇ ਵਾਪਸ ਭੇਜ ਦਿੱਤਾ। ਪਿਛਲੇ 15 ਦਿਨਾਂ ਤੋਂ ਸਾਡੀ ਉਸ ਨਾਲ ਕੋਈ ਗੱਲਬਾਤ ਨਹੀਂ ਹੋਈ। ਜਦੋਂ ਸਾਡੇ ਲੜਕੇ ਨੇ ਬਾਰਡਰ ਲੰਘਿਆ ਤਾਂ ਉਸ ਨੇ ਸਾਨੂੰ ਆਪਣੀ ਵੀਡੀਓ ਪਾਈ”, ਦਲੀਪ ਸਿੰਘ ਨੇ ਕਿਹਾ।
ਦਲੀਪ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਲੜਕਾ ਬਹੁਤ ਘੱਟ ਪੜ੍ਹਿਆ ਲਿਖਿਆ ਹੈ ਅਤੇ ਉਹ ਨਹੀਂ ਸਨ ਚਾਹੁੰਦੇ ਕਿ ਉਹ ਵਿਦੇਸ਼ ਜਾਵੇ। “ਮੈਂ ਆਪਣੇ ਲੜਕੇ ਨੂੰ ਵਿਦੇਸ਼ ਜਾਣ ਤੋਂ ਰੋਕਦਾ ਸੀ ਅਤੇ ਉਸ ਨੂੰ ਕਿਹਾ ਸੀ ਕਿ ਇੱਥੇ ਹੀ ਸਾਡੀ ਖੇਤੀਬਾੜੀ ਚੰਗੀ ਹੈ, ਇੱਥੇ ਪਰਿਵਾਰ ਚੰਗਾ ਹੈ ਤੇ ਇੱਥੇ ਹੀ ਕੰਮ ਕਰੋ। ਪਰ ਉਹ ਬਾਹਰ ਜਾਣ ਲਈ ਬਜ਼ਿਦ ਸੀ, ਜਿਸ ਕਰਕੇ ਉਹ ਸਾਡੇ ਨਾਲ ਨਰਾਜ਼ ਹੋਇਆ ਤੇ ਚੋਰੀ ਚਲਾ ਗਿਆ। ਏਜੰਟ ਨਾਲ ਉਸ ਨੇ ਆਪ ਹੀ ਗੱਲ ਕੀਤੀ ਤੇ ਆਪਣੀ ਜ਼ਮੀਨ ਗਹਿਣੇ ਰੱਖ ਕੇ ਪੈਸਿਆਂ ਦਾ ਇੰਤਜ਼ਾਮ ਕਰਕੇ ਵਿਦੇਸ਼ ਗਿਆ। ਉਸ ਨੇ ਕਰੀਬ ਢਾਈ ਸਾਲ ਪਹਿਲਾਂ ਵੀ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਉਸ ਨੂੰ ਰੋਕਿਆ ਸੀ। ਪਰ ਉਸ ਨੇ ਨਹੀਂ ਸੋਚਿਆ ਤੇ ਵਿਦੇਸ਼ ਜਾਣ ਲਈ ਕਿਸੇ ਨਾ ਕਿਸੇ ਨਾਲ ਸੰਪਰਕ ਕਰਦਾ ਰਿਹਾ”, ਦਲੀਪ ਸਿੰਘ ਨੇ ਕਿਹਾ, ਜੋ ਕਿ ਇੱਕ ਕਿਸਾਨ ਹੈ।
ਪਿਛਲੀਆਂ ਦੋ ਉਡਾਣਾਂ ਵਾਂਗ ਜੋ 5 ਫ਼ਰਵਰੀ ਅਤੇ 15 ਫ਼ਰਵਰੀ ਨੂੰ ਆਈਆਂ ਸਨ, ਤੀਜੀ ਉਡਾਣ ਦੇ ਆਉਣ ਦੌਰਾਨ ਅੰਮ੍ਰਿਤਸਰ ਹਵਾਈ ਅੱਡੇ ’ਤੇ ਕੋਈ ਵੀ ਵੀਆਈਪੀ ਗਤੀਵਿਧੀ ਦੇਖਣ ਨੂੰ ਨਹੀਂ ਮਿਲੀ। ਪੰਜਾਬ ਜਾਂ ਕੇਂਦਰ ਸਰਕਾਰ ਵਲੋਂ ਕੋਈ ਵੀ ਮੰਤਰੀ ਡਿਪੋਰਟੀਆਂ ਦੀ ਆਮਦ ਦੇ ਪ੍ਰਬੰਧ ਦੇਖਣ ਨਹੀਂ ਆਇਆ।
ਜਿੱਥੋਂ ਡਿਪੋਰਟੀਆਂ ਨੇ ਬਾਹਰ ਆਉਣਾ ਸੀ ਅੰਮ੍ਰਿਤਸਰ ਹਵਾਈ ਅੱਡੇ ਦੇ ਏਵੀਏਸ਼ਨ ਕਲੱਬ ਦੇ ਗੇਟ ’ਤੇ ਪੰਜਾਬ ਪੁਲਿਸ ਤਾਇਨਾਤ ਰਹੀ। ਡਿਪੋਰਟੀਆਂ ਦੇ ਆਪਣੇ ਸੂਬਿਆਂ ਦੀ ਪੁਲਿਸ ਵੀ ਉਨ੍ਹਾਂ ਨੂੰ ਲੈਣ ਲਈ ਅੰਮ੍ਰਿਤਸਰ ਪਹੁੰਚੀ। ਪੰਜਾਬ ਸਰਕਾਰ ਪੰਜਾਬ ਨਾਲ ਸਬੰਧਤ ਡਿਪੋਰਟੀਆਂ ਨੂੰ ਪੁਲਿਸ ਵਾਹਨਾਂ ਰਾਹੀਂ ਉਨ੍ਹਾਂ ਦੇ ਘਰਾਂ ਤਕ ਛੱਡ ਰਹੀ ਹੈ।
ਹਰਿਆਣਾ ਨੇ ਬਦਲਿਆ ਅਪਣੇ ਲੋਕਾਂ ਲਈ ਬੱਸ ਦਾ ਪ੍ਰਬੰਧ
ਪਿਛਲੇ ਦਿਨੀਂ ਪੰਜਾਬ ਦੇ ਮੰਤਰੀਆਂ ਨੇ ਹਰਿਆਣਾ ਸਰਕਾਰ ਦੀ ਆਲੋਚਨਾ ਕੀਤੀ ਕਿ ਉਹ ਯੂਐੱਸ ਤੋਂ ਡਿਪੋਰਟ ਕੀਤੇ ਆਪਣੇ ਨਾਗਰਿਕਾਂ ਨੂੰ ਲਿਜਾਣ ਲਈ ਕੈਦੀਆਂ ਵਾਲੀ ਬੱਸ ਭੇਜ ਰਹੀ ਹੈ। ਇਸ ਕਰਕੇ, ਐਤਵਾਰ ਨੂੰ ਹਰਿਆਣਾ ਸਰਕਾਰ ਨੇ ਡਿਪੋਰਟੀਆਂ ਨੂੰ ਲੈ ਕੇ ਜਾਣ ਲਈ ਵਿਸ਼ੇਸ਼ ਵੋਲਵੋ ਬੱਸ ਭੇਜੀ।
ਬਿਨਾਂ ਦਸਤਾਰਾਂ ਦੇ ਪੁੱਜੇ ਸਿੱਖ ਡਿਪੋਰਟੀਆਂ ਨੂੰ ਸ਼੍ਰੋਮਣੀ ਕਮੇਟੀ ਨੇ ਦਿੱਤੀਆਂ ਦਸਤਾਰਾਂ
ਪਿਛਲੀ ਉਡਾਣ ਦੌਰਾਨ ਇਹ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਕਿ ਕੁਝ ਸਿੱਖ ਡਿਪੋਰਟੀਆਂ ਨੂੰ ਬਿਨਾਂ ਦਸਤਾਰਾਂ ਦੇ ਤੇ ਨੰਗੇ ਸਿਰ ਹਵਾਈ ਅੱਡੇ ’ਤੇ ਉਤਾਰਿਆ ਗਿਆ। ਇਸ ਨਾਜ਼ੁਕ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਤਵਾਰ ਨੂੰ ਬਿਨਾਂ ਦਸਤਾਰ ਦੇ ਪੁੱਜੇ ਸਿੱਖ ਡਿਪੋਰਟੀਆਂ ਲਈ ਦਸਤਾਰਾਂ ਦਾ ਪ੍ਰਬੰਧ ਕੀਤਾ।
ਸ਼੍ਰੋਮਣੀ ਕਮੇਟੀ ਸਰੋਤਾਂ ਮੁਤਾਬਕ ਏਅਰਪੋਰਟ ਅਥਾਰਟੀ ਨੂੰ ਲਗਭਗ 50 ਦਸਤਾਰਾਂ ਸਿੱਖ ਸੰਸਥਾ ਵੱਲੋਂ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚੋਂ 25 ਸਿੱਖ ਡਿਪੋਰਟੀਆਂ ਨੇ ਇਹ ਦਸਤਾਰਾਂ ਸਜਾ ਕੇ ਆਪਣੇ ਨੰਗੇ ਸਿਰ ਢੱਕੇ।
ਇਸ ਮਾਮਲੇ ’ਤੇ ਸਿੱਖ ਆਗੂਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ, “ਇਹ ਧਾਰਮਿਕ ਵਿਸ਼ਵਾਸਾਂ ਨਾਲ ਖਿਲਵਾੜ ਹੈ। ਅਸੀਂ ਇਹ ਮਾਮਲਾ ਭਾਰਤ ਸਰਕਾਰ ਅਤੇ ਅਮਰੀਕਾ ਸਰਕਾਰ ਕੋਲ ਉਠਾਵਾਂਗੇ ਕਰਾਂਗੇ।”
ਅਕਾਲੀ ਦਲ ਨੇ ਭਗਵੰਤ ਮਾਨ ਨੂੰ ਘੇਰਿਆ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਿੱਖ ਡਿਪੋਰਟੀਆਂ ਨੂੰ ਬਿਨਾਂ ਪੱਗਾਂ ਦੇ ਲਿਆਉਣ ’ਤੇ ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨਾ ਬਣਾਇਆ।
ਮਜੀਠੀਆ ਨੇ ਕਿਹਾ, “ਭਗਵੰਤ ਮਾਨ ਅਤੇ ਉਨ੍ਹਾਂ ਦੀ ਕੈਬਿਨੇਟ ਨੌਜਵਾਨਾਂ ਦੀ ਡਿਪੋਰਟੇਸ਼ਨ ’ਤੇ ਸਿਰਫ਼ ਲੋਕਾਂ ਨੂੰ ਖੁਸ਼ ਕਰਨ ਲਈ ਰਾਜਨੀਤੀ ਕਰ ਰਹੀ ਹੈ, ਪਰ ਜਦੋਂ ਗੱਲ ਸਿੱਖ ਨੌਜਵਾਨਾਂ ਨੂੰ ਨੰਗੇ ਸਿਰ, ਬਿਨਾ ਪੱਗ ਦੇ ਵਾਪਸ ਭੇਜਣ ਦੀ ਆਉਂਦੀ ਹੈ, ਤਾਂ ਉਹ ਪੂਰੀ ਤਰ੍ਹਾਂ ਚੁੱਪ ਹਨ। ਪੰਜਾਬ ਸਰਕਾਰ ਨੂੰ ਨੌਜਵਾਨਾਂ ਦੀ ਧਾਰਮਿਕ ਪਛਾਣ ਦੀ ਬੇਇਜ਼ਤੀ ਦੀ ਕੋਈ ਫ਼ਿਕਰ ਨਹੀਂ? ਕਿਉਂਕਿ ਪਹਿਲਾਂ ਵੀ ਭਗਵੰਤ ਮਾਨ ਦਸਤਾਰ ਦੀ ਬੇਅਦਬੀ ਕਰਦਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਭਗਵੰਤ ਮਾਨ ਨੂੰ ਕਕਾਰਾਂ ਦੀ ਅਹਿਮੀਅਤ ਨਹੀਂ ਪਤਾ। ਮਾਨ ਸਾਬ, ਤੁਹਾਡੀ ਇਹ ਚੁੱਪ ਕਈ ਸਵਾਲ ਖੜ੍ਹੇ ਕਰਦੀ ਹੈ। ਕੀ ਇਹ ਤੁਹਾਡੀ ਰਾਜਨੀਤੀ। ਹੈ ? ਕੀ ਇਹ ਇਸ ਕਰਕੇ ਹੈ ਕਿ ਤੁਸੀਂ ਆਪਣੇ ਨਾਮ ‘ਚ ‘ਸਿੰਘ’ ਸ਼ਬਦ ਨਹੀਂ ਵਰਤਦੇ? ਮੈਂ ਅਮਰੀਕੀ ਅਧਿਕਾਰੀਆਂ ਵੱਲੋਂ ਸਿੱਖ ਨੌਜਵਾਨਾਂ ਨੂੰ ਨੰਗੇ ਸਿਰ ਭੇਜਣ ਦੀ ਕੜੀ ਨਿੰਦਾ ਕਰਦਾ ਹਾਂ। ਇਹ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਾਰੇ ਸਿੱਖ ਸਮਾਜ ਦਾ ਅਪਮਾਨ ਹੈ। ਸਾਡੀ ਮੰਗ ਹੈ ਕਿ ਵਿਦੇਸ਼ ਮੰਤਰਾਲਾ ਤੁਰੰਤ ਇਹ ਮਾਮਲਾ ਅਮਰੀਕਾ ਨਾਲ ਉਠਾਏ, ਤਾਂ ਜੋ ਭਵਿੱਖ ‘ਚ ਐਹੋ ਜਿਹੀ ਸ਼ਰਮਨਾਕ ਘਟਨਾ ਕਦੇ ਵੀ ਨਾ ਦੁਹਰਾਈ ਜਾਵੇ!”
ਇਸ ਦੌਰਾਨ ਸ਼੍ਰੋਮਣੀ ਕਮੇਟੀ ਨੇ ਬੀਤੇ ਕੱਲ੍ਹ ਦੀ ਤਰ੍ਹਾਂ ਹੀ ਅੱਜ ਵੀ ਡਿਪੋਰਟ ਕੀਤੇ ਗਏ ਭਾਰਤੀਆਂ ਦੇ ਪਰਿਵਾਰਾਂ, ਮੀਡੀਆ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਲਈ ਹਰਿਮੰਦਰ ਸਾਹਿਬ ਤੋਂ ਲੰਗਰ ਤੇ ਚਾਹ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ।
Comments
Start the conversation
Become a member of New India Abroad to start commenting.
Sign Up Now
Already have an account? Login