ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ਼ ਸਖ਼ਤ ਕਾਰਵਾਈ ਨਜ਼ਰ ਆਉਣ ਲੱਗੀ ਹੈ। ਇੱਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕੀ ਸੈਨਾ ਦਾ ਸੀ-17 ਮਿਲਟਰੀ ਜਹਾਜ਼ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ 5 ਫ਼ਰਵਰੀ ਨੂੰ ਅੰਮ੍ਰਿਤਸਰ ਪੁੱਜਣ ਦੀ ਸੰਭਾਵਨਾ ਹੈ।
ਇਸ ਸਬੰਧੀ ਵਾਲ ਸਟ੍ਰੀਟ ਜਰਨਲ ਦੀ ਵਾਸ਼ਿੰਗਟਨ ਡੀਸੀ ਵਿੱਚ ਰਿਪੋਰਟਰ ਨੈਂਸੀ ਯੂਸਫ ਨੇ ਐਕਸ ਉੱਤੇ ਇੱਕ ਪੋਸਟ ਕੀਤਾ। ਅਮਰੀਕੀ ਫੌਜ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਯੂਸਫ ਨੇ ਲਿਖਿਆ, “ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਅਮਰੀਕੀ ਜਹਾਜ਼ ਸੀ-17, ਜੋ ਕਿ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ 'ਤੇ ਦਾਖਲ ਹੋਏ ਦਰਜਨਾਂ ਪ੍ਰਵਾਸੀਆਂ ਨੂੰ ਲੈ ਕੇ ਅੱਜ ਸਵੇਰੇ ਅੰਮ੍ਰਿਤਸਰਭਾਰਤ ਲਈ ਰਵਾਨਾ ਹੋਇਆ।ਇਹ ਪਹਿਲੀ ਅਜਿਹੀ ਉਡਾਣ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਜਹਾਜ਼ 5 ਫ਼ਰਵਰੀ ਨੂੰ ਸਥਾਨਕ ਸਮੇਂ ਅਨੁਸਾਰ ਪਹੁੰਚਣ ਤੋਂ ਪਹਿਲਾਂ ਗੁਆਮ ਵਿੱਚ ਰੁਕੇਗਾ।”
ਟਰੰਪ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਆਪਣੇ ਏਜੰਡੇ ਨੂੰ ਸਿਰੇ ਚਾੜ੍ਹਣ ਲਈ ਫੌਜ ਦੀ ਮਦਦ ਲਈ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਭਾਰਤੀ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾਵੇਗਾ। ਅਮਰੀਕਾ ਵੱਲੋਂ ਭਾਰਤ ਤੋਂ ਇਲਾਵਾ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀਆਂ ਉਡਾਣਾਂ ਗੁਆਟੇਮਾਲਾ, ਪੇਰੂ ਅਤੇ ਹੋਂਡੂਰਸ ਵੱਲ ਵੀ ਭੇਜੀਆਂ ਗਈਆਂ ਹਨ।
ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਪਹਿਲਾਂ ਹੀ ਕਿਹਾ ਹੈ ਕਿ ਉਹ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਵੀ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਨੂੰ ਵਾਪਸ ਲੈਣ ਲਈ ਤਿਆਰ ਹੈ। ਭਾਰਤ ਦੇ ਪੰਜਾਬ, ਹਰਿਆਣਾ, ਗੁਜਰਾਤ ਅਤੇ ਹੋਰ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਭਾਰਤੀ ਮੈਕਸਿਕੋ, ਗੁਆਟੇਮਾਲਾ, ਹੋਂਡੂਰਸ ਆਦਿ ਦੇਸ਼ਾਂ ਰਾਹੀਂ ਡੰਕੀ ਰੂਟ ਦੀ ਵਰਤੋਂ ਕਰਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੁੰਦੇ ਰਹੇ ਹਨ, ਪਰ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੁਣ ਇਸ ਪ੍ਰਕਿਰਿਆ ਨੂੰ ਕਾਫ਼ੀ ਠੱਲ੍ਹ ਪਈ ਹੈ।
ਟਰੰਪ ਸਰਕਾਰ ਵੱਲੋਂ ਲਗਾਤਾਰ ਗ਼ੈਰ-ਕਾਨੂੰਨੀ ਪ੍ਰਵਾਸੀਆਂ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਮਰੀਕਾ ਨੇ ਟੈਕਸਾਸ ਤੇ ਕੈਲੀਫੋਰਨੀਆ ਤੋਂ ਹਿਰਾਸਤ ਵਿੱਚ ਲਈ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਭੇਜਣ ਲਈ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ ਐੱਸ ਜੈਸ਼ੰਕਰ ਕੋਲ ਵਿਦੇਸ਼ ਵਿਭਾਗ ਦੁਆਰਾ "ਅਨਿਯਮਿਤ ਇਮੀਗ੍ਰੇਸ਼ਨ" ਵਜੋਂ ਦੱਸੇ ਗਏ ਮੁੱਦੇ ਨੂੰ ਉਠਾਇਆ। ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਨਵੀਂ ਦਿੱਲੀ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਦਾ "ਸਖ਼ਤ ਵਿਰੋਧ" ਕਰਦੀ ਹੈ।
"ਕਈ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ਇਸ ਨਾਲ ਜੁੜ ਜਾਂਦੀਆਂ ਹਨ। ਇਹ ਫਾਇਦੇਮੰਦ ਨਹੀਂ ਹੈ ਅਤੇ ਇਹ ਸਾਡੀ ਇੱਜ਼ਤ ਲਈ ਚੰਗਾ ਨਹੀਂ। ਜੇਕਰ ਸਾਡੇ ਨਾਗਰਿਕਾਂ ਵਿੱਚੋਂ ਕੋਈ ਹੈ ਜੋ ਕਾਨੂੰਨੀ ਤੌਰ 'ਤੇ ਇੱਥੇ ਨਹੀਂ ਹੈ ਅਤੇ ਸਾਨੂੰ ਯਕੀਨ ਹੈ ਕਿ ਉਹ ਸਾਡੇ ਨਾਗਰਿਕ ਹਨ, ਤਾਂ ਅਸੀਂ ਉਨ੍ਹਾਂ ਦੀ ਭਾਰਤ ਵਾਪਸੀ ਲੈਣ ਲਈ ਤਿਆਰ ਹਾਂ", ਜੈਸ਼ੰਕਰ ਨੇ ਕਿਹਾ ਸੀ।
ਇੱਕ ਰਿਪੋਰਟ ਦੇ ਅਨੁਸਾਰ, ਅਮਰੀਕਾ ਨੇ ਅਕਤੂਬਰ 2023 ਅਤੇ ਸਤੰਬਰ 2024 ਦੇ ਵਿਚਕਾਰ ਭਾਰਤ ਤੋਂ 1,100 ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਹੈ।
Comments
Start the conversation
Become a member of New India Abroad to start commenting.
Sign Up Now
Already have an account? Login