ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੇ ਫਰਿਜ਼ਨੋ ਵਿੱਚ ਇੱਕ ਪਬਲਿਕ ਐਲੀਮੈਂਟਰੀ ਸਕੂਲ ਦਾ ਨਾਮ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਨਾਮ 'ਤੇ ਰੱਖਿਆ ਜਾਵੇਗਾ।
ਇਸ ਸਬੰਧ ਵਿੱਚ ਫੈਸਲਾ ਮੰਗਲਵਾਰ ਦੇਰ ਰਾਤ ਫਰਿਜ਼ਨੋ ਦੇ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੀ ਮੀਟਿੰਗ ਦੌਰਾਨ ਲਿਆ ਗਿਆ, ਜਦੋਂ ਬੋਰਡ ਦੇ ਸੱਤ ਵਿੱਚੋਂ ਘੱਟੋ-ਘੱਟ ਛੇ ਮੈਂਬਰਾਂ ਨੇ ਪ੍ਰਸਤਾਵ ਦੇ ਹੱਕ ਵਿੱਚ ਵੋਟ ਦਿੱਤੀ।
ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਖਾਲੜਾ ਪਿੰਡ ਤੋਂ ਜਸਵੰਤ ਸਿੰਘ ਨੂੰ "ਲਾਵਾਰਿਸ ਲਾਸ਼ਾਂ ਦੇ ਵਾਰਿਸ" ਵਜੋਂ ਜਾਣਿਆ ਜਾਂਦਾ ਹੈ। ਉਸਨੇ ਖਾੜਕੂਵਾਦ ਦੇ ਸਮੇਂ ਦੌਰਾਨ ਪੰਜਾਬ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਵਿਰੁੱਧ ਜ਼ੋਰਦਾਰ ਲੜਾਈ ਲੜੀ। ਉਹ ਗੈਰ-ਨਿਆਂਇਕ ਕਤਲਾਂ ਵਿੱਚ ਮਾਰੇ ਗਏ ਅਜਿਹੇ ਨੌਜਵਾਨਾਂ ਦੀਆਂ ਲਾਵਾਰਿਸ ਲਾਸ਼ਾਂ ਦਾ ਸਸਕਾਰ ਵੀ ਕਰਦਾ ਸੀ। ਸਤੰਬਰ 1995 ਵਿੱਚ ਪੰਜਾਬ ਪੁਲਿਸ ਦੁਆਰਾ ਖਾਲੜਾ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਉਸਦੇ ਕਤਲ ਲਈ ਚਾਰ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਸੈਂਟਰਲ ਯੂਨੀਫਾਈਡ ਬੋਰਡ ਦੇ ਪ੍ਰਧਾਨ ਨੈਨਦੀਪ ਸਿੰਘ ਨੇ ਕਿਹਾ, "ਇਹ ਅਮਰੀਕਾ ਦਾ ਪਹਿਲਾ ਪਬਲਿਕ (ਸਰਕਾਰੀ) ਸਕੂਲ ਹੋਵੇਗਾ ਜਿਸਦਾ ਨਾਮ ਸਿੱਖ ਭਾਈਚਾਰੇ ਨਾਲਸਬੰਧਤ ਵਿਅਕਤੀ ਦੇ ਨਾਮ 'ਤੇ ਰੱਖਿਆ ਜਾਵੇਗਾ। ਬੋਰਡ ਦੇ ਸੱਤ ਮੈਂਬਰਾਂ ਵਿੱਚੋਂ ਛੇ ਨੇ ਇਸ ਦੇ ਹੱਕ ਵਿੱਚ ਵੋਟ ਦਿੱਤੀ ਅਤੇ ਇੱਕ ਮੈਂਬਰ ਨੇ ਨਹੀਂ ਪਾਈ। ਸਕੂਲ ਦੀ ਇਮਾਰਤ ਪਹਿਲਾਂ ਹੀ ਉਸਾਰੀ ਅਧੀਨ ਹੈ ਅਤੇ ਇਸਦਾ ਉਦਘਾਟਨ ਸਤੰਬਰ ਵਿੱਚ ਕੀਤਾ ਜਾਵੇਗਾ। ਸਾਡੇ ਕੋਲ ਪਹਿਲਾਂ ਹੀ ਫਰਿਜ਼ਨੋ ਵਿੱਚ ਖਾਲੜਾ ਦੇ ਨਾਮ 'ਤੇ ਇੱਕ ਪਾਰਕ ਹੈ। ਇੱਥੋਂ ਦੇ ਲੋਕ ਮਨੁੱਖੀ ਅਧਿਕਾਰਾਂ ਲਈ ਵੱਡੇ ਪੱਧਰ 'ਤੇ ਉਸਦੇ ਸੰਘਰਸ਼ ਬਾਰੇ ਜਾਣਦੇ ਹਨ। ਸਿਰਫ਼ ਸਿੱਖ ਹੀ ਨਹੀਂ ਸਗੋਂ ਸਥਾਨਕ ਭਾਈਚਾਰੇ ਦਾ ਹਰ ਕੋਈ ਉਸਦਾ ਸਤਿਕਾਰ ਕਰਦਾ ਹੈ।"
ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਸਵਰਗੀ ਪਤੀ ਦੀ ਕੁਰਬਾਨੀ ਅਤੇ ਮਨੁੱਖੀ ਅਧਿਕਾਰਾਂ ਲਈ ਯੋਗਦਾਨ ਨੂੰ ਅਮਰੀਕਾ ਵਿੱਚ ਇੱਕ ਪਬਲਿਕ ਸਕੂਲ ਦੇ ਨਾਮ ਨਾਲ ਮਾਨਤਾ ਦਿੱਤੀ ਜਾ ਰਹੀ ਹੈ।
"ਸਾਨੂੰ ਸਮਾਂ ਪਹਿਲਾਂ ਹੀ ਇਸ ਬਾਰੇ ਪਤਾ ਲੱਗਾ ਅਤੇ ਅਸੀਂ ਸੱਚਮੁੱਚ ਇਸ ਦੀ ਕਦਰ ਕਰਦੇ ਹਾਂ। ਇਹ ਸਿਰਫ ਇਸ ਗੱਲ ਦਾ ਸੰਕੇਤ ਹੈ ਕਿ ਦੁਨੀਆ ਭਰ ਦੇ ਲੋਕ ਉਨ੍ਹਾਂ ਕਾਰਜਾਂ ਤੋਂ ਜਾਣੂ ਹਨ ਜੋ ਮੇਰੇ ਪਤੀ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੀਤੇ ਸਨ", ਬੀਬੀ ਖਾਲੜਾ ਨੇ ਕਿਹਾ।
ਜਸਵੰਤ ਸਿੰਘ ਖਾਲੜਾ ਦੀ ਧੀ ਫਰਿਜ਼ਨੋ ਦੀ ਪਬਲਿਕ ਯੂਨੀਵਰਸਿਟੀ ਦੀ ਵਿਦਿਆਰਥਣ ਰਹੀ ਹੈ, ਜਿੱਥੇ ਉਸਨੇ ਤਿੰਨ ਸਾਲ ਪੜ੍ਹਾਈ ਕੀਤੀ। ਉਹ ਇਸ ਸਮੇਂ ਅਮਰੀਕਾ ਵਿੱਚ ਕੰਮ ਕਰਦੀ ਹੈ।
ਭਾਰਤ ਵਿੱਚ ਖਾਲੜਾ ਦੇ ਜੀਵਨ 'ਤੇ ਬਣੀ ਸਵੈ-ਜੀਵਨੀ ਫਿਲਮ "ਪੰਜਾਬ 95" ਹਾਲੇ ਤੱਕ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ। ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ ਕਿ ਇਸ ਫਿਲਮ ਜਿਸ ਵਿੱਚ ਪੰਜਾਬ ਅਦਾਕਾਰ ਦਿਲਜੀਤ ਦੋਸਾਂਝ ਖਾਲੜਾ ਦੀ ਭੂਮਿਕਾ ਨਿਭਾ ਰਹੇ ਹਨ, ਭਾਰਤ ਵਿੱਚ ਜਾਰੀ ਹੋਵੇਗੀ ਜਾਂ ਨਹੀਂ।
ਖਾਲੜਾ ਦੀ ਪਤਨੀ ਪਰਮਜੀਤ ਕੌਰ ਨੇ ਕਿਹਾ, "ਸਾਡੀ ਇੱਕੋ ਇੱਛਾ ਹੈ ਕਿ ਫਿਲਮ ਬਿਨਾਂ ਕਿਸੇ ਕੱਟ ਤੋਂ ਜਾਰੀ ਕੀਤੀ ਜਾਵੇ ਕਿਉਂਕਿ ਇਹ ਪੂਰੀ ਤਰ੍ਹਾਂ ਅਦਾਲਤੀ ਕਾਰਵਾਈ ਸਮੇਤ ਤੱਥਾਂ 'ਤੇ ਅਧਾਰਤ ਹੈ। ਪਰ ਫਿਲਮ ਨੂੰ ਜਾਰੀ ਕਰਵਾਉਣਾ ਮੇਰੇ ਹੱਥ ਵਿੱਚ ਨਹੀਂ ਹੈ। ਇਹ ਉਦੋਂ ਹੀ ਜਾਰੀ ਹੋਵੇਗੀ ਜਦੋਂ ਸਰਕਾਰ ਮਨਜ਼ੂਰੀ ਦੇਵੇਗੀ।"
Comments
Start the conversation
Become a member of New India Abroad to start commenting.
Sign Up Now
Already have an account? Login