ਚੱਲ ਰਹੇ ਮੌਜੂਦਾ ਪੰਥਕ ਸੰਕਟ ਦੇ ਦਰਮਿਆਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇੱਕ ਅਹਿਮ ਬਿਆਨ ਜਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ 7-ਮੈਂਬਰੀ ਕਮੇਟੀ ਦੀ ਅਗਵਾਈ ਤੋਂ ਬਿਨਾਂ ਕੀਤੀ ਗਈ ਭਰਤੀ ਉੱਤੇ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ।
ਸ਼ਨਿਚਰਵਾਰ 1 ਮਾਰਚ ਨੂੰ ਅੰਮ੍ਰਿਤਸਰ ਵਿਖੇ ਆਪਣੀ ਰਿਹਾਇਸ਼ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਵੱਲੋਂ 7-ਮੈਂਬਰੀ ਕਮੇਟੀ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਦਾ ਆਦੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਤਖ਼ਤ ਸਾਹਿਬ ਤੋਂ ਬਣੀ 7-ਮੈਂਬਰੀ ਕਮੇਟੀ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਇਸ ਲਈ ਕਮੇਟੀ ਦੇ ਬਾਕੀ ਪੰਜ ਮੈਂਬਰ ਜਲਦ ਹੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਕਾਰਜ ਸ਼ੁਰੂ ਕਰਨ।
ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਹੋਏ ਆਦੇਸ਼ ਤੋਂ ਬਾਅਦ 20 ਜਨਵਰੀ ਨੂੰ ਇੱਕ ਮਹੀਨੇ ਲਈ ਸ਼੍ਰੋਮਣੀ ਅਕਾਲੀ ਦਲ ਨੇ 7-ਮੈਂਬਰੀ ਦੀ ਅਗਵਾਈ ਤੋਂ ਬਿਨਾਂ ਹੀ ਭਰਤੀ ਆਰੰਭ ਕਰ ਦਿੱਤੀ ਸੀ। ਹਾਲਾਂਕਿ ਕਮੇਟੀ ਦੇ ਮੈਂਬਰਾਂ ਨੂੰ ਵੱਖ-ਵੱਖ ਖੇਤਰਾਂ ਦੇ ਅਬਜ਼ਰਬਰ ਜ਼ਰੂਰ ਲਗਾਇਆ ਗਿਆ ਸੀ ਪਰ ਭਰਤੀ ਦਾ ਸਮੁੱਚਾ ਪ੍ਰਬੰਧ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਆਪਣੇ ਅਧਿਕਾਰ ਖੇਤਰ ਵਿੱਚ ਹੀ ਰੱਖਿਆ ਸੀ। ਹੁਣ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਅਸਿੱਧੇ ਤੌਰ ਉੱਤੇ ਇਸ ਭਰਤੀ ਪ੍ਰਕਿਰਿਆ ਉੱਤੇ ਸਵਾਲ ਚੁੱਕਦਿਆਂ ਕਮੇਟੀ ਦੇ ਮੌਜੂਦਾ 5-ਮੈਂਬਰਾਂ ਨੂੰ ਭਰਤੀ ਦਾ ਕਾਰਜ ਸ਼ੁਰੂ ਕਰਨ ਲਈ ਕਿਹਾ ਹੈ।
ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਉਹ ਹੁਸ਼ਿਆਰਪੁਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੂੰ ਮਿਲੇ ਸੀ ਅਤੇ ਉਨ੍ਹਾਂ ਨੂੰ ਸਿੱਖ ਸੰਸਥਾ ਦੀ ਸੇਵਾ ਬਤੌਰ ਪ੍ਰਧਾਨ ਜਾਰੀ ਰੱਖਣ ਲਈ ਕਿਹਾ ਕਿਉਂਕਿ ਉਨ੍ਹਾਂ ਜਿਹੇ ਇਮਾਨਦਾਰ ਗੁਰਸਿੱਖਾਂ ਦੀ ਪੰਥ ਨੂੰ ਬਹੁਤ ਜ਼ਰੂਰਤ ਹੈ।
ਹੁਣ ਪੰਜ ਮੈਂਬਰੀ ਕਮੇਟੀ ਦੀ ਕੀ ਰੂਪ ਰੇਖਾ ਹੋਵੇਗੀ, ਇਸ ਬਾਰੇ ਗਿਆਨੀ ਰਘਬੀਰ ਸਿੰਘ ਨੇ ਕਿਹਾ, “2 ਦਸੰਬਰ 2024 ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਨੇ 7-ਮੈਂਬਰੀ ਕਮੇਟੀ ਅਕਾਲੀ ਦਲ ਦੀ ਭਰਤੀ ਵਾਸਤੇ ਨੀਯਤ ਕੀਤੀ ਸੀ। ਤਕਰੀਬਨ ਢਾਈ ਮਹੀਨੇ ਦਾ ਸਮਾਂ ਗੁਜ਼ਰ ਚੱਲਿਆ ਹੈ, ਕਮੇਟੀ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਰਹੀ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਸਾਨੂੰ ਪੱਤਰ ਸੌਂਪਿਆ ਹੈ ਕਿ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਕਿਸੇ ਕਿਸਮ ਦਾ ਸਹਿਯੋਗ ਨਹੀਂ ਕੀਤਾ ਜਾ ਰਿਹਾ। ਅਸੀਂ ਆਦੇਸ਼ ਇਹ ਨਹੀਂ ਸੀ ਕੀਤਾ ਕਿ ਸਹਿਯੋਗ ਲੈਣਾ ਹੈ ਬਲਕਿ ਇਨ੍ਹਾਂ ਨੂੰ ਆਪਣਾ ਕਾਰਜ ਕਰਨ ਵਾਸਤੇ ਆਦੇਸ਼ ਕੀਤਾ ਸੀ ਕਿ 7-ਮੈਂਬਰੀ ਕਮੇਟੀ ਭਰਤੀ ਪ੍ਰਕਿਰਿਆ ਸ਼ੁਰੂ ਕਰੇ।”
ਜਥੇਦਾਰ ਨੇ ਸਪਸ਼ਟ ਕੀਤਾ ਕਿ ਜੇਕਰ ਦੋ ਮੈਂਬਰ ਐਡਵੋਕੇਟ ਧਾਮੀ ਤੇ ਪ੍ਰੋ. ਬਡੂੰਗਰ ਅਸਤੀਫ਼ਾ ਦੇ ਚੁੱਕੇ ਹਨ ਤਾਂ ਬਾਕੀ ਬਚੇ ਪੰਜ ਮੈਂਬਰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਕ ਭਰਤੀ ਪ੍ਰਕਿਰਿਆ ਨੂੰ ਆਰੰਭ ਕਰਨ।
ਉਨ੍ਹਾਂ ਕਿਹਾ ਕਿ ਜਲਦ ਹੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਰਕੇ ਅਗਲੀ ਵਿਚਾਰ ਅਤੇ ਫੈਸਲਾ ਕੀਤਾ ਜਾਵੇਗਾ ਕਮੇਟੀ ਬਚੇ ਪੰਜ ਮੈਂਬਰਾਂ ਵਿੱਚੋਂ ਕਿਸੇ ਇੱਕੇ ਨੂੰ ਕਮੇਟੀ ਦੀ ਕਨਵੀਨਰ ਬਣਾ ਦਿੱਤਾ ਜਾਵੇ।
ਅਕਾਲੀ ਦਲ ਵੱਲੋਂ ਕੀਤੀ ਗਈ ਭਰਤੀ ਮੁਹਿੰਮ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਜਥੇਦਾਰ ਨੇ ਕਿਹਾ, “ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਪ੍ਰਕਿਰਿਆ ਆਰੰਭ ਕਰਨੀ ਹੈ ਉਹ ਹਾਲੇ ਆਰੰਭ ਨਹੀਂ ਹੋਈ। ਇਸੇ ਲਈ ਪੰਜ ਮੈਂਬਰ ਜਿਹੜੇ ਬਚੇ ਹਨ ਉਹ ਭਰਤੀ ਪ੍ਰਕਿਰਿਆ ਆਰੰਭ ਕਰਨ।”
ਪੰਥਕ ਗਲਿਆਰਿਆਂ ਵਿੱਚ ਚੱਲ ਰਹੀ ਚਰਚਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸਖ਼ਤ ਫੈਸਲਾ ਕਰਨ ਦੇ ਕਰਕੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਤਰ੍ਹਾਂ ਗਿਆਨੀ ਰਘਬੀਰ ਸਿੰਘ ਨੂੰ ਵੀ ਬਤੌਰ ਜਥੇਦਾਰ ਅਕਾਲ ਤਖ਼ਤ ਹਟਾਇਆ ਜਾ ਸਕਦਾ ਹੈ। ਇਸ ਬਾਰੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜੋ ਗੁਰੂ ਸਾਹਿਬ ਦਾ ਹੁਕਮ ਹੋਵੇਗਾ ਉਹੀ ਹੋਵੇਗਾ। “ਇਹ ਸੇਵਾ ਗੁਰੂ ਦੀ ਕਿਰਪਾ ਨਾਲ ਮਿਲਦੀ ਹੈ। ਕੋਈ ਪਰਵਾਹ ਨਹੀਂ ਮੈਂ ਕੱਪੜੇ ਬੈਗ ਵਿੱਚ ਪਾਏ ਹੋਏ ਹਨ”, ਉਨ੍ਹਾਂ ਕਿਹਾ।
Comments
Start the conversation
Become a member of New India Abroad to start commenting.
Sign Up Now
Already have an account? Login